ਡੇਰਾਬੱਸੀ ਵਿੱਚ ਛੇ ਨਵੀਆਂ ਅਦਾਲਤਾਂ ਸਥਾਪਤ
ਹਰਜੀਤ ਸਿੰਘ
ਡੇਰਾਬੱਸੀ, 11 ਅਪਰੈਲ
ਹਾਈ ਕੋਰਟ ਦੇ ਹੁਕਮਾਂ ’ਤੇ ਡੇਰਾਬੱਸੀ ਅਦਾਲਤੀ ਕੰਪਲੈਕਸ ਵਿੱਚ ਛੇਂ ਨਵੀਆਂ ਅਦਾਲਤਾਂ ਸਥਾਪਤ ਕੀਤੀਆਂ ਗਈਆਂ। ਇਸ ਦੇ ਨਾਲ ਨਵ-ਨਿਯੁਕਤ ਜੱਜਾਂ ਨੇ ਆਪੋ-ਆਪਣੇ ਅਹੁਦੇ ਸੰਭਾਲਣ ਮਗਰੋਂ ਨਵੀਆਂ ਅਦਾਲਤਾਂ ਦਾ ਕੰਮ-ਕਾਜ ਸ਼ੁਰੂ ਕਰ ਦਿੱਤਾ। ਸਿਵਲ ਜੱਜ ਜੂਨੀਅਰ ਡਿਵੀਜ਼ਨ ਸਰਮੇਸ਼ ਕੁਮਾਰ ਚਾਵਲਾ ਨੇ ਨਵ-ਨਿਯੁਕਤ ਜੱਜਾਂ ਦਾ ਸਵਾਗਤ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ ਦੱਪਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਨਵ-ਨਿਯੁਕਤ ਜੱਜਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਜੱਜਾਂ ਨਾਲ ਬੈਂਚ ਅਤੇ ਬਾਰ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਬਿਨਾਂ ਕਿਸੇ ਭੇਦਭਾਵ ਅਤੇ ਪਾਰਦਰਸ਼ਤਾ ਦੇ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਨਗੇ। ਇਸ ਮੌਕੇ ਜਨਰਲ ਸਕੱਤਰ ਇੰਦਰਪਾਲ ਸਿੰਘ ਖਾਰੀ ਅਤੇ ਮੀਤ ਪ੍ਰਧਾਨ ਰਾਮ ਕੁਮਾਰ ਧੀਮਾਨ ਨੇ ਜੱਜਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਮੌਕੇ ਖਜ਼ਾਨਚੀ ਹਰਪ੍ਰੀਤ ਸਿੰਘ ਸੈਣੀ, ਸੰਯੁਕਤ ਸਕੱਤਰ ਸੀਮਾ ਧੀਮਾਨ, ਸਕੱਤਰ ਸੁੱਚਾ ਸਿੰਘ ਅਤੇ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰ ਜਗਤਾਰ ਸਿੰਘ ਬਾਛਲ, ਮਿੱਤਰਪਾਲ ਸੈਣੀ, ਗੁਰਪ੍ਰੀਤ ਭੱਟੀ, ਸੁਮਿਤ ਗੋਇਲ, ਰਾਜਬੀਰ, ਸ਼ਿਵ ਸ਼ਰਮਾ, ਅਮਰਿੰਦਰ ਨਨਵਾ, ਗੁਰਜੰਟ ਚੌਹਾਨ ਆਦਿ ਹਾਜ਼ਰ ਸਨ।
ਡੇਰਾਬੱਸੀ ਅਦਾਲਤ ਵਿੱਚ ਔਰਤਾਂ ਦੀ ਸਰਦਾਰੀ
ਡੇਰਾਬੱਸੀ ਅਦਾਲਤੀ ਕੰਪਲੈਕਸ ਵਿੱਚ ਹੁਣ ਮਹਿਲਾ ਜੱਜਾਂ ਦੀ ਸਰਦਾਰੀ ਹੋ ਗਈ ਹੈ। ਅਦਾਲਤੀ ਕੰਪਲੈਕਸ ਵਿੱਚ ਪਹਿਲਾਂ ਚਾਰ ਅਦਾਲਤਾਂ ਚੱਲ ਰਹੀਆਂ ਸਨ ਜਿਸ ਵਿੱਚ ਚਾਰ ਵਿੱਚੋਂ ਦੋ ਮਹਿਲਾ ਜੱਜ ਹਨ ਜਦਕਿ ਦੋ ਪੁਰਸ਼ ਜੱਜ ਹਨ। ਅੱਜ ਨਵੀਂ ਸਥਾਪਤ ਹੋਈਆਂ ਛੇ ਅਦਾਲਤਾਂ ਨਾਲ ਕੁੱਲ 10 ਅਦਾਲਤਾਂ ਹੋ ਗਈਆਂ ਹਨ। ਇਸ ਵਿੱਚ ਰੌਚਕ ਗੱਲ ਇਹ ਹੈ ਕਿ 10 ਜੱਜਾਂ ਵਿੱਚੋਂ ਅੱਠ ਮਹਿਲਾ ਔਰਤਾਂ ਜੱਜ ਹਨ ਤੇ ਅੱਜ ਸ਼ੁਰੂ ਹੋਈਆਂ ਛੇ ਅਦਾਲਤਾਂ ਵਿੱਚ ਸਾਰੀਆਂ ਮਹਿਲਾ ਜੱਜ ਹਨ।