ਡੇਰਾਬੱਸੀ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਮੁੜ ਧਮਕੀ
ਹਰਜੀਤ ਸਿੰਘ
ਡੇਰਾਬੱਸੀ, 9 ਅਪਰੈਲ
ਇਥੋਂ ਦੀ ਕਾਲਜ ਕਲੋਨੀ ਵਿੱਚ ਸਥਿਤ ਐਜੂਕੇਸ਼ਨ ਪੁਆਇੰਟ ਇਮੀਗ੍ਰੇਸ਼ਨ ਐਂਡ ਆਈਲੈਟਸ ਕੰਪਨੀ ਦੇ ਮਾਲਕ ਨੂੰ ਮੁੜ ਤੋਂ ਪੰਜਾਹ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਾਲਾ ਧਮਕੀ ਭਰਿਆ ਪੱਤਰ ਮਿਲਿਆ ਹੈ। ਹਿੰਦੀ ਵਿੱਚ ਲਿਖਿਆ ਇਹ ਪੱਤਰ ਕੱਲ੍ਹ ਉਸਦੇ ਦਫ਼ਤਰ ਵਿੱਚ ਕੋਈ ਅਣਪਛਾਤਾ ਵਿਅਕਤੀ ਸੁੱਟ ਕੇ ਚਲਾ ਗਿਆ। ਦਫ਼ਤਰ ਵਿੱਚ ਸੀਸੀਟੀਵੀ ਕੈਮਰੇ ਨਾ ਚਲਦੇ ਹੋਣ ਕਾਰਨ ਪੱਤਰ ਸੁੱਟਣ ਵਾਲੇ ਦਾ ਪਤਾ ਨਹੀਂ ਚੱਲ ਸਕਿਆ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਨਵਾਂ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੱਤਰ ਵਿੱਚ ਦਿੱਲੀ ਦੇ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਜੀਤ ਸਿੰਘ ਉਰਫ਼ ਗੁਰੀ ਵਾਸੀ ਪਿੰਡ ਖੇੜੀ ਗੁਜਰਾਂ ਦਾ ਹਵਾਲਾ ਦਿੰਦਿਆਂ ਪੰਜਾਹ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਪੱਤਰ ਵਿੱਚ ਧਮਕੀ ਦਿੱਤੀ ਗਈ ਕਿ ਪਹਿਲਾਂ ਉਸ ਤੋਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਜੋ ਉਸ ਵੱਲੋਂ ਪੂਰੀ ਨਹੀਂ ਕੀਤੀ ਗਈ। ਹੁਣ ਪੰਜਾਹ ਲੱਖ ਰੁਪਏ ਪੂਰੇ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਇਮੀਗ੍ਰੇਸ਼ਨ ਕੰਪਨੀ ਵਿੱਚ ਲੰਘੇ ਸਤੰਬਰ ਮਹੀਨੇ ਵਿੱਚ ਦੋ ਨਕਾਬਪੋਸ਼ਾਂ ਨੇ ਇਕ ਪੱਤਰ ਸੁੱਟ ਕੇ ਗੈਂਗਸਟਰ ਗੁਰਜੀਤ ਸਿੰਘ ਉਰਫ਼ ਗੁਰੀ ਵਾਸੀ ਪਿੰਡ ਖੇੜੀ ਗੁਜਰਾਂ ਦਾ ਹਵਾਲਾ ਦਿੰਦਿਆਂ ਫਾਇਰਿੰਗ ਕੀਤੀ ਸੀ। ਉਸ ਵੇਲੇ ਇੱਕ ਕਰੋੜ ਰੁਪਏ ਤੇ ਬੋਲੈਰੋ ਗੱਡੀ ਦੀ ਮੰਗ ਕੀਤੀ ਗਈ ਸੀ। ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।