ਡੀਸੀ ਵੱਲੋਂ ਮੋਟਰਸਾਈਕਲ ਚਲਾ ਕੇ ਘੱਗਰ ਦਰਿਆ ਨੇੜੇ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ
ਗੁਰਦੀਪ ਸਿੰਘ ਲਾਲੀ/ਕਰਮਵੀਰ ਸੈਣੀ
ਸੰਗਰੂਰ/ਮੂਨਕ, 8 ਮਈ
ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਘੱਗਰ ਦਰਿਆ ਨੇੜਲੀਆਂ ਸੰਵੇਦਨਸ਼ੀਲ ਥਾਵਾਂ ਦਾ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਵਲੋਂ ਖੁਦ ਦੌਰਾ ਕਰਕੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਘੱਗਰ ਦਰਿਆ ਨਜ਼ਦੀਕ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਇਹ ਉਸ ਕਮੀ ਨੂੰ ਦੂਰ ਕਰਨ ਦਾ ਢੁਕਵਾਂ ਸਮਾਂ ਹੈ ਕਿਉਂਕਿ ਘੱਗਰ ਦਾ ਪਾਣੀ ਬਹੁਤ ਨੀਵਾਂ ਵਹਿ ਰਿਹਾ ਹੈ ਅਤੇ ਮੀਂਹ ਦਾ ਸੀਜ਼ਨ ਆਰੰਭ ਹੋਣ ਵਿੱਚ ਵੀ ਹਾਲੇ ਸਮਾਂ ਬਾਕੀ ਹੈ। ਡਿਪਟੀ ਕਮਿਸ਼ਨਰ ਨੇ ਖੁਦ ਮੋਟਰਸਾਈਕਲ ਚਲਾ ਕੇ ਘੱਗਰ ਦਰਿਆ ਦੇ ਨਾਲ ਨਾਲ ਮਗਨਰੇਗਾ ਵਰਕਰਾਂ ਦੁਆਰਾ ਪਿਛਲੇ ਮਹੀਨਿਆਂ ਵਿੱਚ ਕੀਤੇ ਗਏ ਹੜ੍ਹ ਰੋਕੂ ਕਾਰਜਾਂ ਦਾ ਨੇੜਿਓਂ ਨਿਰੀਖਣ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਤੇ ਐਸ.ਡੀ.ਐਮ ਮੂਨਕ ਸੂਬਾ ਸਿੰਘ ਸਮੇਤ ਡਰੇਨੇਜ਼ ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮਕਰੋੜ ਸਾਹਿਬ, ਮੰਡਵੀ, ਫੂਲੜ ਦੀਆਂ ਸੰਵੇਦਨਸ਼ੀਲ ਸਥਾਨਾਂ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜ਼ਿਲ੍ਹੇ ਦੇ ਸਾਰੇ ਬਰਸਾਤੀ ਨਦੀ-ਨਾਲਿਆਂ, ਚੋਆਂ ਤੇ ਡਰੇਨਾਂ ਆਦਿ ਦੀ ਸਫ਼ਾਈ ਦਾ ਕੰਮ ਛੇਤੀ ਮੁਕੰਮਲ ਕਰ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਵਰ੍ਹੇ ਮਗਨਰੇਗਾ ਵਰਕਰਾਂ ਤੇ ਸਮੁੱਚੀ ਟੀਮ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਸ਼ਲਾਘਾਯੋਗ ਕੰਮ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਖਨੌਰੀ ਵਿਖੇ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ ਜੋ ਕਿ ਸਟੇਟ ਫਲੱਡ ਕੰਟਰੋਲ ਰੂਮ ਨਾਲ 24 ਘੰਟੇ ਰਾਬਤਾ ਰੱਖੇਗਾ ਅਤੇ ਅਗਲੇ ਮਹੀਨਿਆਂ ਦੌਰਾਨ ਪਹਾੜੀ ਖੇਤਰਾਂ ਵਿੱਚ ਪੈਣ ਵਾਲੀਆਂ ਬਾਰਸ਼ਾਂ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਸਥਿਤੀ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਸ੍ਰੀ ਜੋਰਵਾਲ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪੋ ਆਪਣੇ ਖੇਤਰਾਂ ਵਿੱਚ ਨਦੀਆਂ, ਨਾਲਿਆਂ, ਚੋਆਂ ਤੇ ਡਰੇਨਾਂ ਦੀ ਸਫਾਈ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਦੇ ਰਹਿਣ।