ਡਾਕਟਰਾਂ ਦੀ ਘਾਟ ਕਾਰਨ ਮਰੀਜ਼ ਪ੍ਰੇਸ਼ਾਨ
ਰਾਮ ਸਰਨ ਸੂਦ
Advertisementਅਮਲੋਹ, 11 ਮਈ
ਸਬ ਡਿਵੀਜ਼ਨ ਹੈੱਡਕੁਆਰਟਰ ਅਮਲੋਹ ਵਿਚ ਸਥਿਤ ਕਮਿਊਨਿਟੀ ਹੈਲਥ ਸੈਂਟਰ ’ਚ ਡਾਕਟਰਾਂ ’ਤੇ ਹੋਰ ਸਟਾਫ਼ ਦੀ ਘਾਟ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ 35 ਅਸਾਮੀਆਂ ਵਿੱਚੋਂ ਸੀਨੀਅਰ ਮੈਡੀਕਲ ਅਫ਼ਸਰ ਸਣੇ 18 ਅਸਾਮੀਆਂ ਖਾਲੀ ਹਨ ਜਿਨ੍ਹਾਂ ’ਚੋਂ ਮੈਡੀਕਲ ਅਫ਼ਸਰ 5, ਫਾਰਮਾਸਿਸਟ 2, ਸਟਾਫ ਨਰਸ 1 ਅਤੇ ਦਰਜਾ ਚਾਰ ਦੀਆਂ 9 ਅਸਾਮੀਆਂ ਖਾਲੀ ਹਨ। ਇਥੇ ਮੋਰਚਰੀ ਨਹੀਂ ਹੈ, ਜਦੋਕਿ ਮਹੀਨੇ ਵਿੱਚ ਔਸਤਨ 5 ਤੋਂ 10 ਪੋਸਟਮਾਰਟਮ ਹੁੰਦੇ ਹਨ। ਕਾਂਗਰਸ ਦੀ ਪਿਛਲੀ ਸਰਕਾਰ ਵਲੋਂ ਇਸ ਕਮਿਊਨਿਟੀ ਹੈਲਥ ਸੈਂਟਰ ਨੂੰ ਸਬ-ਡਿਵੀਜ਼ਨਲ ਹਸਪਤਾਲ ਵਜੋਂ ਨਵੀਨੀਕਰਨ (ਅੰਪਗ੍ਰੇਡੇਸ਼ਨ) ਕੀਤਾ ਗਿਆ। ਇਸ ਦਾ ਨੀਂਹ ਪੱਥਰ 14 ਅਗਸਤ 2021 ਨੂੰ ਤਤਕਾਲੀ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੱਖਿਆ ਸੀ। ਚਾਰ ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।
Advertisementਅਸਾਮੀਆਂ ਬਾਰੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਜਾਣਕਾਰੀ: ਮੈਡੀਕਲ ਅਫ਼ਸਰ
ਮੈਡੀਕਲ ਅਫਸਰ ਡਾ. ਅਮਨਦੀਪ ਸਿੰਘ ਧੀਮਾਨ ਨੇ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰ ਦੇ ਸੇਵਾਮੁਕਤ ਹੋ ਜਾਣ ਕਾਰਨ ਇਹ ਅਸਾਮੀ ਖਾਲੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਅਸਾਮੀਆਂ ਬਾਰੇ ਉੱਚ ਅਧਿਕਾਰੀਆਂ ਨੂੰ ਸਮੇਂ ਸਮੇਂ ’ਤੇ ਪੱਤਰ ਭੇਜ ਕੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ 200 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਜਾਦਾ ਹੈ ਅਤੇ ਐਮਰਜੈਂਸੀ ਦੌਰਾਨ ਆਉਂਦੇ ਮਰੀਜ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਦਫ਼ਤਰ ਦਾ ਕੰਮਕਾਜ ਵੀ ਕੀਤਾ ਜਾ ਰਿਹਾ ਹੈ।