ਅੰਬੇਡਕਰ ਭਵਨ ਨਾਲ ਲੱਗਦੀ ਜ਼ਮੀਨ ’ਚੋਂ ਰਾਹ ਦੇਣ ਦਾ ਵਿਰੋਧ
ਸਰਬਜੀਤ ਸਿੰਘ ਭੱਟੀ
ਲਾਲੜੂ, 4 ਜੂਨ
ਡਾ. ਭੀਮ ਰਾਓ ਅੰਬੇਡਕਰ ਸੇਵਾ ਸੁਸਾਇਟੀ ਸਮੇਤ ਸਥਾਨਕ ਵਾਸੀਆਂ ਨੇ ਅੰਬੇਡਕਰ ਭਵਨ ਨਾਲ ਲਗਦੀ ਜ਼ਮੀਨ ਦਾ ਤਬਾਦਲਾ ਸ਼ਹਿਰ ਵਿਚਲੀ ਫੌਜੀ ਜ਼ਮੀਨ ਨਾਲ ਨਾ ਕਰਕੇ ਭਵਨ ਨੂੰ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਪੰਜਾਬ ਐੱਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਮੰਗ ਪੱਤਰ ਸੌਂਪਿਆ। ਸੁਸਾਇਟੀ ਦੇ ਪ੍ਰਧਾਨ ਰੁਲਦਾ ਰਾਮ ਸੰਧੂ, ਮੀਤ ਪ੍ਰਧਾਨ ਜਸਵੀਰ ਸਿੰਘ ਤੇ ਜਨਰਲ ਸਕੱਤਰ ਮਾਸਟਰ ਮੇਵਾ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਲਾਲੜੂ ਵੱਲੋਂ ਲਾਲੜੂ ਮੰਡੀ ਦੇ ਕੁੱਝ ਘਰਾਂ ਨੂੰ ਫੌਜ ਦੀ ਜ਼ਮੀਨ ਵਿੱਚੋਂ ਰਸਤਾ ਦਿੱਤੇ ਜਾਣ ਦੀ ਤਜਵੀਜ਼ ਹੈ। ਇਸ ਦੇ ਬਦਲੇ ਫੌਜ ਨੂੰ ਅੰਬੇਡਕਰ ਭਵਨ ਦੇ ਨੇੜੇ ਜ਼ਮੀਨ ਦੇਣ ਦੀ ਤਜਵੀਜ਼ ਹੈ।
ਉਨ੍ਹਾਂ ਕਿਹਾ ਕਿ ਭਵਨ ਨੇੜੇ ਪਹਿਲਾਂ ਹੀ ਥਾਂ ਘੱਟ ਹੈ ਅਤੇ ਹੁਣ ਉਸ ਵਿੱਚੋਂ ਕੁੱਝ ਹਿੱਸਾ ਫੌਜ ਨੂੰ ਦੇ ਦਿੱਤਾ ਜਾਵੇਗਾ, ਜਿਸ ਨਾਲ ਸਰਦਾਰਪੁਰਾ ਕਲੋਨੀ ਅਤੇ ਲਾਲੜੂ ਮੰਡੀ ਵਿੱਚ ਪੈਂਦੀ ਕਲੋਨੀ ਦੇ ਲੋਕਾਂ ਨੂੰ ਪ੍ਰੋਗਰਾਮ ਕਰਨ ’ਚ ਮੁਸ਼ਕਲ ਆਵੇਗੀ। ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ। ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪਰ ਥਾਂ ਦੇ ਤਬਾਦਲੇ ਬਾਰੇ ਹਾਲੇ ਕੋਈ ਚਰਚਾ ਨਹੀਂ ਹੋਈ।