ਟੌਹੜਾ ਦੀ ਬਰਸੀ ਮੌਕੇ ਬਾਦਲ ਦਲ ਗ਼ੈਰਹਾਜ਼ਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਪਰੈਲ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 21ਵੀਂ ਬਰਸੀ ਅੱਜ ਅਨਾਜ ਮੰਡੀ ਟੌਹੜਾ ਵਿੱਚ ਮਨਾਈ ਗਈ। ਇਸ ਦੌਰਾਨ ਜਿੱਥੇ ਮੁੱਖ ਤੌਰ ’ਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸ਼ਾਮਲ ਹੋਏ, ਉੱਥੇ ਹੀ ਭਾਜਪਾ ਦੇ ਕੁਝ ਪ੍ਰਮੁੱਖ ਆਗੂ ਵੀ ਪੁੱਜੇ ਜਦਕਿ ਅਕਾਲੀ ਦਲ ਬਾਦਲ ਦਾ ਕੋਈ ਆਗੂ ਨਜ਼ਰ ਨਹੀਂ ਆਇਆ। ਇਸ ਦੌਰਾਨ ਸ਼ਰਧਾਂਜਲੀਆਂ ਭੇਟ ਕਰਦਿਆਂ ਸੁਧਾਰ ਲਹਿਰ ਦੇ ਆਗੂਆਂ ਨੇ ਅਕਾਲ ਤਖ਼ਤ ਆਦੇਸ਼ਾਂ ਕਾਰਨ ਲੋਕਾਂ ਦੀ ਪਸੰਦ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਧਿਰ ਵਜੋਂ ਉਭਾਰਨ ਦੀ ਗੱਲ ਆਖੀ। ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਨੇ ਵੀ ਖੇਤਰੀ ਪਾਰਟੀ ਵਜੋਂ ਅਕਾਲੀ ਦਲ ਦੀ ਮਜ਼ਬੂਤੀ ਜ਼ਰੂਰੀ ਦੱਸੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦਾ ਕਹਿਣਾ ਸੀ ਕਿ ਪੰਜਾਬ ’ਚ ਅਗਾਮੀ ਵਿਧਾਨ ਸਭਾ ਚੋਣਾਂ ਭਾਜਪਾ ਆਪਣੇ ਦਮ ’ਤੇ ਲੜੇਗੀ।
ਸ਼ਰਧਾਂਜਲੀ ਸਮਾਰੋਹ ਤੋਂ ਪਹਿਲਾਂ ਮਰਹੂਮ ਟੌਹੜਾ ਦੇ ਦੋਹਤੇ ਅਤੇ ਭਾਜਪਾ ਦੇ ਸੂਬਾਈ ਆਗੂ ਕੰਵਰਵੀਰ ਸਿੰਘ ਟੌਹੜਾ ਦੀ ਠਹਿਰ ਬਣੇ ਮਰਹੂਮ ਟੌਹੜਾ ਦੇ ਜੱੱਦੀ ਘਰ ਵਿਚ ਰੱਖੇ ਗਏ ਅਖੰਡ ਪਾਠ ਦੇ ਭੋਗ ਵੀ ਪਾਏ ਗਏ। ਇਸ ਮਗਰੋਂ ਅਨਾਜ ਮੰਡੀ ’ਚ ਹੋਏ ਸਮਾਰੋਹ ਦੌਰਾਨ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਰਹੂਮ ਟੌਹੜਾ ਵੱਲੋਂ ਸਮਾਜ ਨੂੰ ਦਿੱਤੀ ਗਈ ਸੇਧ ਤਹਿਤ ਉਨ੍ਹਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸੰਧੂ, ਨਾਭਾ ਤੋਂ ‘ਆਪ’ ਵਿਧਾਇਕ ਦੇਵ ਮਾਨ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਮਰਹੂਮ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ, ਦੋਵੇਂ ਦੋਹਤੇ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਵੀ ਹਾਜ਼ਰ ਸਨ।