ਟਰੰਪ ਵੱਲੋਂ ਵ੍ਹਾਈਟ ਹਾਊਸ ’ਚ ਇਫ਼ਤਾਰ ਦੀ ਦਾਅਵਤ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੁਸਲਿਮ ਭਾਈਚਾਰੇ ਨਾਲ ਕੀਤੇ ਵਾਅਦੇ ਪੁਗਾ ਰਿਹਾ ਹੈ ਅਤੇ ‘‘ਪੱਛਮੀ ਏਸ਼ੀਆ ’ਚ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਿਹਾ ਹੈ।’’ ਉਨ੍ਹਾਂ ਆਖਿਆ ਕਿ ਜਲਦੀ ਹੀ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ।
ਟਰੰਪ ਨੇ ਇਹ ਟਿੱਪਣੀਆਂ ਅੱਜ ਵ੍ਹਾਈਟ ਹਾਊਸ ਵਿੱਚ ਸਾਲਾਨਾ ਇਫ਼ਤਾਰ ਦਾਅਵਤ ਦੀ ਮੇਜ਼ਬਾਨੀ ਮੌਕੇ ਕੀਤੀਆਂ। ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ’ਚ ਹਮਾਇਤ ਕਰਨ ਵਾਲੇ ‘‘ਲੱਖਾਂ ਮੁਸਲਿਮ-ਅਮਰੀਕੀਆਂ’’ ਦਾ ਧੰਨਵਾਦ ਵੀ ਕੀਤਾ। ਇਹ ਇਫ਼ਤਾਰ ਪਾਰਟੀ ਅਜਿਹੇ ਸਮੇਂ ਹੋਈ ਹੈ ਜਦੋਂ ਪੱਛਮੀ ਏਸ਼ੀਆ ’ਚ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ।
ਰਾਸ਼ਟਰਪਤੀ ਟਰੰਪ ਨੇ ਕਿਹਾ, ‘‘ਰਮਜ਼ਾਨ ਦਾ ਪਵਿੱਤਰ ਮਹੀਨਾ ਹੈ ਅਤੇ ਮੈਂ ਆਪਣੇ ਮੁਸਲਿਮ ਦੋਸਤਾਂ ਨੂੰ ਰਮਜ਼ਾਨ ਦੀ ਵਧਾਈ ਦਿੰਦਾ ਹਾਂ।’’ ਇਸ ਪ੍ਰੋਗਰਾਮ ’ਚ ਮੁਸਲਿਮ ਭਾਈਚਾਰੇ ਦੇ ਆਗੂ, ਡਿਪਲੋਮੈਟ ਤੇ ਸਰਕਾਰੀ ਅਧਿਕਾਰੀ ਸ਼ਾਮਲ ਹੋਏ। ਟਰੰਪ ਨੇ ਇਫ਼ਤਾਰ ਤੋਂ ਪਹਿਲਾਂ ਕਿਹਾ, ‘‘ਨਵੰਬਰ ’ਚ ਮੁਸਲਿਮ ਭਾਈਚਾਰਾ ਸਾਡੇ ਨਾਲ ਸੀ ਅਤੇ ਜਦੋਂ ਤੱਕ ਮੈਂ ਰਾਸ਼ਟਰਪਤੀ ਹਾਂ, ਮੈਂ ਤੁਹਾਡੇ ਨਾਲ ਰਹਾਂਗਾ। ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਇਹ ਜਾਣਦੇ ਹੋ।’’
ਰਾਸ਼ਟਰਪਤੀ ਟਰੰਪ ਨੇ ਮਹਿਮਾਨਾਂ ਨੂੰ ਕਿਹਾ, ‘ਅਸੀਂ ਮੁਸਲਿਮ ਭਾਈਚਾਰੇ ਨਾਲ ਕੀਤੇ ਵਾਅਦੇ ਪੁਗਾ ਰਹੇ ਹਾਂ। ਮੇਰਾ ਪ੍ਰਸ਼ਾਸਨ ਇਤਿਹਾਸਕ ਅਬਰਾਹਮ ਸਮਝੌਤੇ ਦੇ ਅਧਾਰ ’ਤੇ ਪੱਛਮੀ ਏਸ਼ੀਆ ’ਚ ਸਥਾਈ ਸ਼ਾਂਤੀ ਸਥਾਈ ਕਰਨ ਲਈ ਕੋਸ਼ਿਸ਼ਾਂ ’ਚ ਜੁਟਿਆ ਹੋਇਆ ਹੈ, ਜਿਸ ਬਾਰੇ ਸਾਰੇ ਕਹਿੰਦੇ ਸਨ ਕਿ ਇਹ ਅਸੰਭਵ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਕੋਲ ਚਾਰ ਮਹਾਨ ਦੇਸ਼ ਹਨ ਅਤੇ ਪਰ ਅਬਰਾਹਮ ਸਮਝੌਤੇ ਦੇ ਬਾਵਜੂਦ ਕੁਝ ਨਹੀਂ ਹੋਇਆ ਪਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜਲਦੀ ਪੂਰਾ ਹੋਣ ਵਾਲਾ ਹੈ। -ਪੀਟੀਆਈ