ਭਾਰਤ ਤੇ ਚਿੱਲੀ ਵੱਲੋਂ ਵਪਾਰ ਸਮਝੌਤੇ ’ਤੇ ਗੱਲਬਾਤ ਸ਼ੁਰੂ ਕਰਨ ਦਾ ਫ਼ੈਸਲਾ
ਨਵੀਂ ਦਿੱਲੀ, 1 ਅਪਰੈਲ
ਭਾਰਤ ਤੇ ਚਿੱਲੀ ਨੇ ਅੱਜ ਦੋਵਾਂ ਧਿਰਾਂ ਲਈ ਲਾਭਕਾਰੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ’ਤੇ ਗੱਲਬਾਤ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ ਵੱਖ ਖੇਤਰਾਂ ’ਚ ਦੁਵੱਲੇ ਸਬੰਧ ਵਧਾਉਣ ’ਤੇ ਧਿਆਨ ਕੇਂਦਰਿਤ ਕਰਦਿਆਂ ਵਿਆਪਕ ਗੱਲਬਾਤ ਲਈ ਚਿੱਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਦੀ ਮੇਜ਼ਬਾਨੀ ਕੀਤੀ। ਬੋਰਿਕ ਵਪਾਰ ਤੇ ਰੱਖਿਆ ਸਣੇ ਕਈ ਸੈਕਟਰਾਂ ’ਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਤੌਰ ਤਰੀਕਿਆਂ ’ਤੇ ਚਰਚਾ ਲਈ ਭਾਰਤ ਦੇ ਪੰਜ ਦਿਨਾ ਦੌਰੇ ’ਤੇ ਹਨ।
ਗੱਲਬਾਤ ਮਗਰੋਂ ਬਿਆਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਅੱਜ ਅਸੀਂ ਆਪੋ-ਆਪਣੀ ਟੀਮ ਨੂੰ ਲਾਭਕਾਰੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ’ਤੇ ਚਰਚਾ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ।’’ ਉਨ੍ਹਾਂ ਆਖਿਆ ਕਿ ਅਹਿਮ ਖਣਿਜਾਂ ਦੇ ਖੇਤਰ ’ਚ ਭਾਈਵਾਲੀ ਦੀਆਂ ਸੰਭਾਵਨਾਵਾਂ ਲੱਭੀਆਂ ਜਾਣਗੀਆਂ ਅਤੇ ਲਚਕਦਾਰ ਸਪਲਾਈ ਸਥਾਪਤ ਕਰਨ ’ਤੇ ਕੰਮ ਕੀਤਾ ਜਾਵੇਗਾ।
ਚਿੱਲੀ ਨੂੰ ਲਾਤੀਨੀ ਅਮਰੀਕਾ ਵਿੱਚ ਭਾਰਤ ਦਾ ਇੱਕ ਅਹਿਮ ਭਾਈਵਾਲ ਦੱਸਦਿਆਂ ਮੋਦੀ ਨੇ ਆਖਿਆ ਕਿ ਭਾਰਤ ਇਸ ਮੁਲਕ ਨੂੰ ਅੰਟਾਰਕਟਿਕਾ ਦੇ ‘ਦਾਖਲਾ ਦੁਆਰ’ ਵਜੋਂ ਦੇਖਦਾ ਹੈ। ਉਨ੍ਹਾਂ ਮੁਤਾਬਕ ਭਾਰਤ ਡਿਜੀਟਲ ਜਨਤਕ ਢਾਂਚੇ, ਨਵਿਆਉਣਯੋਗ ਊਰਜਾ, ਰੇਲਵੇ, ਪੁਲਾੜ ਤੇ ਹੋਰ ਖੇਤਰਾਂ ’ਚ ਚਿੱਲੀ ਨਾਲ ਆਪਣੀ ਸਕਾਰਾਤਮਕ ਤਜਰਬੇ ਸਾਂਝੇ ਕਰਨ ਲਈ ਤਿਆਰ ਹੈ। -ਪੀਟੀਆਈ