ਇਜ਼ਰਾਇਲੀ ਫੌ਼ਜ ਨੇ 15 ਮੈਡੀਕਲ ਕਰਮੀ ਕਤਲ ਕਰਕੇ ਦਫ਼ਨਾਏ: ਸੰਯੁਕਤ ਰਾਸ਼ਟਰ
ਦੀਰ ਅਲ-ਬਲਾਹ, 1 ਅਪਰੈਲ
ਸੰਯੁਕਤ ਰਾਸ਼ਟਰ ਅਤੇ ਹੋਰ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਫੌਜ ਨੇ ਦੱਖਣੀ ਗਾਜ਼ਾ ’ਚ 15 ਮੈਡੀਕਲ ਕਰਮੀਆਂ ਦੀ ਹੱਤਿਆ ਕਰਕੇ ਉਨ੍ਹਾਂ ਨੂੰ ਇਕ ਸਮੂਹਿਕ ਕਬਰ ’ਚ ਦਫ਼ਨਾ ਦਿੱਤਾ ਸੀ। ਬਾਅਦ ’ਚ ਫਲਸਤੀਨੀਆਂ ਨੇ ਦੇਹਾਂ ਕੱਢ ਕੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਭਾਈਆਂ। ਫਲਸਤੀਨੀ ਰੈੱਡ ਕ੍ਰਿਸੈਂਟ ਨੇ ਕਿਹਾ ਕਿ ਵਰਕਰਾਂ ਅਤੇ ਉਨ੍ਹਾਂ ਦੇ ਵਾਹਨਾਂ ’ਤੇ ਸਪੱਸ਼ਟ ਤੌਰ ’ਤੇ ਮੈਡੀਕਲ ਤੇ ਮਾਨਵੀ ਸਹਾਇਤਾ ਕਰਮੀਆਂ ਦਾ ਚਿੰਨ੍ਹ ਲੱਗਿਆ ਹੋਇਆ ਸੀ। ਉਨ੍ਹਾਂ ਇਜ਼ਰਾਇਲੀ ਫੌਜੀਆਂ ’ਤੇ ਇਨ੍ਹਾਂ ਕਰਮੀਆਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ ਲਾਇਆ ਹੈ। ਉਧਰ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਦੇ ਜਵਾਨਾਂ ਨੇ ‘ਸ਼ੱਕੀ ਢੰਗ’ ਨਾਲ ਉਨ੍ਹਾਂ ਵੱਲ ਆ ਰਹੇ ਵਾਹਨਾਂ ’ਤੇ ਗੋਲੀਆਂ ਚਲਾਈਆਂ ਜਿਨ੍ਹਾਂ ’ਤੇ ਅਜਿਹਾ ਕੋਈ ਨਿਸ਼ਾਨ ਨਹੀਂ ਸੀ ਜਿਸ ਤੋਂ ਉਨ੍ਹਾਂ ਦੀ ਪਛਾਣ ਹੋ ਸਕਦੀ ਹੋਵੇ। ਮ੍ਰਿਤਕਾਂ ’ਚ ‘ਰੈੱਡ ਕ੍ਰਿਸੈਂਟ’ ਦੇ ਅੱਠ ਕਾਮੇ, ਗਾਜ਼ਾ ਦੀ ਸਿਵਲ ਡਿਫੈਂਸ ਐਮਰਜੈਂਸੀ ਯੂਨਿਟ ਦੇ ਛੇ ਮੈਂਬਰ ਅਤੇ ਫਲਸਤੀਨੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਐੱਨਆਰਡਬਲਿਊਏ ਦਾ ਇਕ ਮੈਂਬਰ ਸ਼ਾਮਲ ਸੀ। ਇੰਟਰਨੈਸ਼ਨਲ ਰੈੱਡ ਕ੍ਰਾਸ/ਰੈੱਡ ਕ੍ਰਿਸੈਂਟ ਨੇ ਕਿਹਾ ਕਿ ਇਹ ਪਿਛਲੇ ਅੱਠ ਸਾਲਾਂ ’ਚ ਉਨ੍ਹਾਂ ਦੇ ਕਰਮੀਆਂ ’ਤੇ ਸਭ ਤੋਂ ਭਿਆਨਕ ਹਮਲਾ ਹੈ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਹੱਤਿਆਵਾਂ ਲਈ ਇਨਸਾਫ਼ ਅਤੇ ਜਵਾਬ ਮੰਗਿਆ ਹੈ। ਸੰਯੁਕਤ ਰਾਸ਼ਟਰ ਦੇ ਮਾਨਵੀ ਮਾਮਲਿਆਂ ਬਾਰੇ ਜਥੇਬੰਦੀ ਦੇ ਮੁਖੀ ਟੌਮ ਫਲੈਚਰ ਨੇ ਕਿਹਾ ਕਿ ਉਹ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਜ਼ਰਾਇਲੀ ਫੌਜ ਵੱਲੋਂ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਮੁਤਾਬਕ ਗਾਜ਼ਾ ’ਚ 18 ਮਹੀਨਿਆਂ ਦੀ ਜੰਗ ਦੌਰਾਨ ਇਜ਼ਰਾਈਲ ਨੇ 100 ਤੋਂ ਵੱਧ ਸਿਵਲ ਡਿਫੈਂਸ ਵਰਕਰਾਂ ਅਤੇ ਇਕ ਹਜ਼ਾਰ ਤੋਂ ਵੱਧ ਸਿਹਤ ਕਾਮਿਆਂ ਦੀ ਹੱਤਿਆ ਕੀਤੀ ਹੈ। -ਏਪੀ
ਫ਼ਲਸਤੀਨੀ ਪੱਤਰਕਾਰ ਅਤੇ ਪਰਿਵਾਰ ਹਮਲੇ ’ਚ ਹਲਾਕ
ਯੇਰੂਸ਼ਲਮ: ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ’ਚ ਇਕ ਘਰ ’ਤੇ ਕੀਤੇ ਗਏ ਹਮਲੇ ਦੌਰਾਨ ਇਕ ਫਲਸਤੀਨੀ ਪੱਤਰਕਾਰ ਮੁਹੰਮਦ ਸਾਲਾਹ ਬਰਦਵਿਲ, ਪਤਨੀ ਅਤੇ ਬੱਚੇ ਮਾਰੇ ਗਏ। ਉਹ ਹਮਾਸ ਨਾਲ ਜੁੜੇ ਅਕਸਾ ਰੇਡੀਓ ਲਈ ਕੰਮ ਕਰਦਾ ਸੀ। ਉਹ ਹਮਾਸ ਦੇ ਸਿਆਸੀ ਬਿਊਰੋ ਦੇ ਉੱਘੇ ਮੈਂਬਰ ਸਾਲਾਹ ਬਰਦਵਿਲ ਦਾ ਰਿਸ਼ਤੇਦਾਰ ਸੀ ਜੋ ਪਿਛਲੇ ਮਹੀਨੇ ਇਜ਼ਰਾਈਲ ਦੇ ਹਮਲੇ ’ਚ ਪਤਨੀ ਸਮੇਤ ਮਾਰਿਆ ਗਿਆ ਸੀ। ਖ਼ਬਰ ਏਜੰਸੀ ਨੇ ਇਮਾਰਤ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦੀਆਂ ਤਸਵੀਰਾਂ ਦਿਖਾਈਆਂ ਹਨ। ਮਲਬੇ ’ਚ ਬੱਚੇ ਦੀ ਕਾਪੀ, ਗੁੱਡੀਆਂ ਅਤੇ ਕੱਪੜੇ ਆਦਿ ਦੱਬੇ ਹੋਏ ਦਿਖ ਰਹੇ ਹਨ। ਖ਼ਾਨ ਯੂਨਿਸ ਦੇ ਇਕ ਵਸਨੀਕ ਨੇ ਕਿਹਾ ਕਿ ਹਵਾਈ ਹਮਲਾ ਭੂਚਾਲ ਵਾਂਗ ਪ੍ਰਤੀਤ ਹੋਇਆ। ਉਸ ਨੇ ਕਿਹਾ ਕਿ ਕਈ ਜੰਗਾਂ ਦੇਖੀਆਂ ਹਨ ਪਰ ਜੋ ਕੁਝ ਹੁਣ ਹੋ ਰਿਹਾ ਹੈ ਉਹੋ ਜਿਹਾ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੈ। ਉਸ ਨੇ ਕਿਹਾ ਕਿ ਮਲਬਾ ਦੂਜੇ ਘਰਾਂ ਦੇ ਅੰਦਰ ਤੱਕ ਪਹੁੰਚ ਗਿਆ। -ਏਪੀAdvertisement