ਅਮਰੀਕਾ: ਬੱਚਿਆਂ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ ਭਾਰਤੀ ਨੂੰ 35 ਸਾਲ ਦੀ ਸਜ਼ਾ
04:20 AM Apr 04, 2025 IST
ਨਿਊਯਾਰਕ, 3 ਅਪਰੈਲ
ਅਮਰੀਕਾ ਦੀ ਸੰਘੀ ਅਦਾਲਤ ਨੇ 31 ਵਰ੍ਹਿਆਂ ਦੇ ਭਾਰਤੀ ਨਾਗਰਿਕ ਸਾਈ ਕੁਮਾਰ ਕੁਰੇਮੂਲਾ (31) ਨੂੰ ਕਈ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਉਂਦਿਆਂ ਉਸ ਨੂੰ 35 ਸਾਲ ਦੀ ਸਜ਼ਾ ਸੁਣਾਈ ਹੈ। ਭਾਰਤੀ ਨਾਗਰਿਕ ’ਤੇ ਦੋਸ਼ ਹੈ ਕਿ ਉਹ ਸੋਸ਼ਲ ਮੀਡੀਆ ਐਪ ’ਤੇ ਆਪਣੀ ਪਛਾਣ ਕਿਸ਼ੋਰ ਵਜੋਂ ਦਿਖਾ ਕੇ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਨਾਲ ਦੋਸਤੀ ਕਰਦਾ ਸੀ ਅਤੇ ਉਨ੍ਹਾਂ ਦਾ ਭਰੋਸਾ ਜਿੱਤ ਲੈਂਦਾ ਸੀ। ਇਸ ਮਗਰੋਂ ਉਹ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਆਦਿ ਦੇਣ ਨੂੰ ਆਖਦਾ ਸੀ ਅਤੇ ਜਦੋਂ ਉਹ ਉਸ ਦੀ ਗੱਲ ਨਹੀਂ ਮੰਨਦੇ ਸਨ ਤਾਂ ਉਹ ਉਨ੍ਹਾਂ ਨੂੰ ਧਮਕੀ ਦਿੰਦਾ ਸੀ। ਅਮਰੀਕੀ ਅਟਾਰਨੀ ਰੌਬਰਟ ਟ੍ਰੋਇਸਟਰ ਨੇ ਬਿਆਨ ’ਚ ਕਿਹਾ ਕਿ ਸਾਈ ਨੂੰ ਤਿੰਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਬਾਲ ਅਸ਼ਲੀਲਤਾ ਨਾਲ ਜੁੜੀ ਸਮੱਗਰੀ ਰੱਖਣ ਦੇ ਦੋਸ਼ ਹੇਠ 420 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਹ ਇਮੀਗਰੈਂਟ ਵੀਜ਼ੇ ’ਤੇ ਓਕਲਾਹੋਮਾ ਦੇ ਐਡਮੰਡ ’ਚ ਰਹਿੰਦਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਸਾਈ ਨੇ ਆਪਣੇ ਦੋਸ਼ ਕਬੂਲੇ ਸਨ। -ਪੀਟੀਆਈ
Advertisement
Advertisement