ਮੱਧ ਪ੍ਰਦੇਸ਼ ਦੇ ਹਸਪਤਾਲ ਵਿਚ ਨਕਲੀ ਕਾਰਡੀਓਲੋਜਿਸਟ ਦੇ ਇਲਾਜ ਨਾਲ 7 ਲੋਕਾਂ ਦੀ ਮੌਤ
ਦਮੋਹ(ਮੱਧ ਪ੍ਰਦੇਸ਼), 6 ਅਪਰੈਲ
ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿਚ ਇਕ ਮਿਸ਼ਨਰੀ ਹਸਪਤਾਲ ਵਿਚ ਨਕਲੀ ਕਾਰਡੀਓਲੋਜਿਸਟ ਵੱਲੋਂ ਕੀਤੇ ਇਲਾਜ ਕਰਕੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਨੇ ਕਿਹਾ ਕਿ ਐੱਨਐੱਚਆਰਸੀ ਦੀ ਇਕ ਟੀਮ 7 ਤੋਂ 9 ਅਪਰੈਲ ਨੂੰ ਦਾਮੋਹ ਵਿਚ ਰਹਿ ਕੇ ਇਸ ਪੂਰੇ ਮਾਮਲੇ ਦੀ ਘੋਖ ਕਰੇਗੀ।
ਸਥਾਨਕ ਵਿਅਕਤੀ ਵੱਲੋਂ NHRC ਕੋਲ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਕ ‘ਡਾ. ਐਨ. ਜੌਨ ਕੈਮ’ ਨਾਮ ਦੀ ਵਰਤੋਂ ਕਰਨ ਵਾਲਾ ਵਿਅਕਤੀ, ਜੋ ਹਸਪਤਾਲ ਵਿੱਚ ਕੰਮ ਕਰਦਾ ਹੈ, ਨੇ ਖ਼ੁਦ ਨੂੰ ਵਿਦੇਸ਼ ਤੋਂ ਪੜ੍ਹਿਆ-ਲਿਖਿਆ ਅਤੇ ਸਿਖਲਾਈ ਪ੍ਰਾਪਤ ਦੱਸਿਆ ਸੀ।
ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਸ ਵਿਅਕਤੀ ਦਾ ਅਸਲੀ ਨਾਮ ਨਰਿੰਦਰ ਵਿਕਰਮਾਦਿੱਤਿਆ ਯਾਦਵ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਕਿ ਉਸ ਨੇ ਮਰੀਜ਼ਾਂ ਨੂੰ ਗੁੰਮਰਾਹ ਕਰਨ ਲਈ ਯੂਨਾਈਟਿਡ ਕਿੰਗਡਮ ਦੇ ਇੱਕ ਮਸ਼ਹੂਰ ਕਾਰਡੀਓਲੋਜਿਸਟ, ਪ੍ਰੋਫੈਸਰ ਜੌਨ ਕੈਮ ਦੇ ਨਾਮ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਦੀ ਮੌਤ ਉਸ ਦੇ ਗਲਤ ਇਲਾਜ ਕਾਰਨ ਹੋਈ। ਇਸ ਮੁੱਦੇ ’ਤੇ ਮਿਸ਼ਨ ਹਸਪਤਾਲ ਦੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।
ਕਾਨੂੰਨਗੋ ਨੇ ਸ਼ੁੱਕਰਵਾਰ ਨੂੰ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਦਮੋਹ ਦੇ ਇੱਕ ਮਿਸ਼ਨਰੀ ਹਸਪਤਾਲ ਵਿੱਚ ਸੱਤ ਵਿਅਕਤੀਆਂ ਦੀ ਬੇਵਕਤੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਕਲੀ ਡਾਕਟਰ ਦਿਲ ਦੀ ਬਿਮਾਰੀ ਦੇ ਇਲਾਜ ਦੇ ਨਾਮ ’ਤੇ ਮਰੀਜ਼ਾਂ ਦਾ ਆਪ੍ਰੇਸ਼ਨ ਕਰ ਰਿਹਾ ਸੀ।
ਸ਼ਿਕਾਇਤ ਅਨੁਸਾਰ, ਉਕਤ ਮਿਸ਼ਨਰੀ ਹਸਪਤਾਲ ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਅਧੀਨ ਆਉਂਦਾ ਹੈ ਅਤੇ ਇਸ ਲਈ ਸਰਕਾਰੀ ਪੈਸੇ ਦੀ ਵੀ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਕਾਨੂੰਨਗੋ ਨੇ ਐਤਵਾਰ ਨੂੰ ਇੱਕ ਪੋਸਟ ਵਿੱਚ ਕਿਹਾ, ‘‘ਮਾਮਲੇ ਦੀ ਜਾਂਚ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਜਾਂਚ ਟੀਮ 7 ਅਪਰੈਲ ਤੋਂ 9 ਅਪਰੈਲ ਤੱਕ ਦਮੋਹ ਵਿੱਚ ਕੈਂਪ ਲਗਾਏਗੀ ਅਤੇ ਜਾਂਚ ਕਰੇਗੀ। ਜੇਕਰ ਕੋਈ ਪੀੜਤ ਜਾਂ ਕੋਈ ਹੋਰ ਵਿਅਕਤੀ ਮਾਮਲੇ ਨਾਲ ਸਬੰਧਤ ਜਾਣਕਾਰੀ ਦੇਣਾ ਚਾਹੁੰਦਾ ਹੈ, ਤਾਂ ਉਹ ਦਮੋਹ ਵਿੱਚ ਜਾਂਚ ਟੀਮ ਨੂੰ ਮਿਲ ਸਕਦਾ ਹੈ।’’
ਇੱਥੋਂ ਦੇ ਜਬਲਪੁਰ ਨਾਕਾ ਦੇ ਵਸਨੀਕ ਦੀਪਕ ਤਿਵਾੜੀ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਇਸ ਸਾਲ ਜਨਵਰੀ ਤੋਂ ਫਰਵਰੀ ਦਰਮਿਆਨ ਦਮੋਹ ਦੇ ਮਿਸ਼ਨ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਵਿੱਚ ਇੱਕ ਅਯੋਗ ਅਤੇ ਅਣਅਧਿਕਾਰਤ ਡਾਕਟਰ ਦੁਆਰਾ ਕੀਤੇ ਗਏ ਇਲਾਜ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਡੇਢ ਮਹੀਨਿਆਂ ਵਿੱਚ, 'ਡਾ. ਐਨ. ਜੌਨ ਕੈਮ' ਨੇ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਵਿੱਚ ਲੋਕਾਂ ਦਾ ਇਲਾਜ ਕੀਤਾ। ਦਮੋਹ ਦੇ ਕੁਲੈਕਟਰ ਸੁਧੀਰ ਕੋਚਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ