ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਗੋਸ਼ਟੀ
ਪੱਤਰ ਪ੍ਰੇਰਕ
ਜੀਂਦ, 8 ਮਈ
ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਦੇ ਨਿਰਦੇਸ਼ਕ ਡਾ. ਧਰਮਦੇਵ ਵਿਦਿਆਰਥੀ ਵੱਲੋਂ ਵਿਚਾਰ ਗੋਸ਼ਟੀ ਕਰਵਾਈ ਗਈ। ਇਹ ਗੋਸ਼ਟੀ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਸੀ। ਇਸ ਮੌਕੇ ਡਾ. ਵਿਦਿਆਰਥੀ ਨੇ ਕਿਹਾ ਹੈ ਕਿ ਸਪਤ ਸਿੰਧੂ ਦਾ ਇਲਾਕਾ, ਉਹ ਇਲਾਕਾ ਹੈ ਜਿਸ ਵਿੱਚ ਪਾਕਿਸਤਾਨ ਦਾ ਪੰਜਾਬ, ਸਿੰਧ, ਫ਼ਕਤੁਨੀਸਤਾਨ ਅਤੇ ਬਲੋਚਿਸਤਾਨ ਦਾ ਪ੍ਰਾਂਤ ਆਉਂਦਾ ਹੈ। ਇਸੇ ਇਲਾਕੇ ਵਿੱਚ ਸਭ ਤੋਂ ਵੱਧ ਧਰਮ ਪਵਿਰਤਨ ਕੀਤਾ ਗਿਆ ਸੀ ਜੋ ਤਲਵਾਰ ਦੇ ਜ਼ੋਰ ਨਾਲ ਹੋਇਆ। ਇਸ ਨੂੰ ਰੋਕਣ ਲਈ ਸ. ਜੱਸਾ ਸਿੰਘ ਆਹਲੂਵਾਲੀਆ ਨੇ ਅਨੇਕਾਂ ਯੁੱਧ ਕੀਤੇ। ਉਨ੍ਹਾਂ ਨੇ ਦਿੱਲੀ ਦੇ ਲਾਲ ਕਿਲੇ ਅਤੇ ਲਾਹੌਰ ਦੇ ਕਿਲੇ ’ਤੇ ਵੀ ਕਬਜ਼ੇ ਕੀਤੇ। ਡਾ. ਵਿਦਆਰਥੀ ਨੇ ਕਿਹਾ ਕਿ ਸ੍ਰੀ ਆਹਲੂਵਾਲੀਆ ਨੇ ਆਹਲੂਵਾਲੀਆ ਮਿਸਲ ਬਣਾ ਕੇ ਕੌਮ ਦੀ ਰੱਖਿਆ ਕੀਤੀ। ਉਨ੍ਹਾਂ ਨੇ ਕਪੂਰਥਲਾ ਸਟੇਟ ਬਣਾਈ ਅਤੇ ਆਪਣੇ ਪ੍ਰਾਂਤ ਵਿੱਚ ਸੰਸਕ੍ਰਿਤਕ ਕਾਲਜ ਵੀ ਖੋਲ੍ਹਿਆ ਜਿਸ ਰਾਹੀਂ ਸੰਸਕ੍ਰਿਤੀ ਦੀ ਹੀ ਸਿੱਖਿਆ ਦਿੱਤੀ ਜਾਂਦੀ ਸੀ।
ਡਾ. ਧਰਮਵੀਰ ਆਰੀਆ ਨੇ ਕਿਹਾ ਕਿ ਹਿੰਦੂ ਧਰਮ ਇੱਕ ਅਜਿਹਾ ਧਰਮ ਹੈ ਜੋ ਕਿ ਸਮੁੰਦਰ ਦੇ ਬਰਾਬਰ ਹੈ, ਇਸ ਵਿੱਚ ਸਾਰੇ ਧਰਮਾਂ ਦੀ ਵਿਚਾਰਧਾਰਾਵਾਂ ਸਮਾਈਆਂ ਹੋਈਆਂ ਹਨ। ਡਾ. ਰਣਵੀਰ ਕੌਸ਼ਲ ਨੇ ਕਿਹਾ ਕਿ ਸਪਤ ਸਿੰਧੂ ਇਲਾਕੇ ਵਿੱਚ ਹੋਏ ਕੰਮਾਂ ਦੀ ਸਮੀਖਿਆ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਹਰਵਿੰਦਰ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਸਰਕਾਰ ਤੋਂ ਜੱਸਾ ਸਿੰਘ ’ਤੇ ਸ਼ੋਧ ਕਰਨ ਦੀ ਮੰਗ ਕੀਤੀ। ਵਿਚਾਰ ਗੋਸ਼ਟੀ ਨੂੰ ਵਿਜੈਪਾਲ ਸਿੰਘ ਆਹਲੂਵਾਲੀਆ, ਡਾ. ਅਜੈ ਸਿੰਘ ਅਤੇ ਰਮੇਸ਼ ਆਹਲੂਵਾਲੀਆ ਨੇ ਵੀ ਸੰਬੋਧਨ ਕੀਤਾ।