ਜੰਗ ਲਈ ਅਭਿਆਸ: ਬਠਿੰਡਾ ਤੇ ਫ਼ਾਜ਼ਿਲਕਾ ’ਚ ਮੁਕੰਮਲ ਬਲੈਕ ਆਊਟ
ਸ਼ਗਨ ਕਟਾਰੀਆ/ਪਰਮਜੀਤ ਸਿੰਘ
ਬਠਿੰਡਾ/ਫ਼ਾਜ਼ਿਲਕਾ, 7 ਮਈ
ਭਵਿੱਖ ’ਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅੱਜ ਇਥੇ ਰੇਲਵੇ ਸਟੇਸ਼ਨ, ਮਿੱਤਲ ਮਾਲ ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨਐੱਫਐੱਲ) ਵਿੱਚ ਮੌਕ ਡਰਿੱਲ ਅਭਿਆਸ ਕਰਵਾਏ ਗਏ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਅੱਜ ਦੇਰ ਸ਼ਾਮ ਨੂੰ ਬਲੈਕ ਆਊਟ ਕੀਤਾ ਗਿਆ। ਇਸ ਕਵਾਇਦ ਦੌਰਾਨ ਬਿਜਲੀ ਦੀਆਂ ਬੱਤੀਆਂ ਤੋਂ ਲੈ ਕੇ ਲਾਲਟੈਣ, ਮੋਮਬੱਤੀਆਂ ਦੀ ਰੌਸ਼ਨੀ ਨੂੰ ਪਰਦੇ ’ਚ ਕੈਦ ਕੀਤਾ ਗਿਆ। ਬਲੈਕ ਆਊਟ ਦਾ ਸਾਇਰਨ ਵੱਜਦਿਆਂ ਹੀ ਤਜੀਵਜ਼ਸ਼ੁਦਾ ਪ੍ਰੋਗਰਾਮ ਅਧੀਨ ਬੱਤੀਆਂ ਬੁਝਾ ਦਿੱਤੀਆਂ ਗਈਆਂ। ਰੌਸ਼ਨੀ ਗੁੱਲ ਹੋਣ ਕਰਕੇ ਚੁਫ਼ੇਰੇ ਅੰਧਕਾਰ ਪਸਰ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਵਤਨ ’ਤੇ ਕਿਸੇ ਵੀ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਅਜਿਹਾ ਕਰਨਾ ਰਣਨੀਤੀ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅਭਿਆਸ ਦੇ ਸਫ਼ਲ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਇਹ ਸਿਰਫ ਇੱਕ ਅਭਿਆਸ ਪ੍ਰਕਿਰਿਆ ਹੈ, ਜੋ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕਰਨ ਲਈ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਜਿਹੇ ਅਭਿਆਸਾਂ ਤੋਂ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦੇ ਮੌਕ ਡਰਿੱਲ ਦਾ ਉਦੇਸ਼ ਭਵਿੱਖ ਵਿੱਚ ਸੰਕਟ ਕਾਲ ਨਾਲ ਕਿਵੇਂ ਨਜਿੱਠਣਾ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਪ੍ਰਕਿਰਿਆ ਦੌਰਾਨ ਸਿਵਲ ਡਿਫੈਂਸ, ਮੈਡੀਕਲ ਟੀਮਾਂ, ਸਿਵਲ ਅਤੇ ਪੁਲੀਸ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਟਰੇਨਿੰਗ ਦਿੱਤੀ ਗਈ ਕਿ ਜੇਕਰ ਕੋਈ ਸੰਕਟ ਆਉਂਦਾ ਹੈ, ਤਾਂ ਘਬਰਾਉਣ ਦੀ ਜ਼ਰੂਰਤ ਨਹੀਂ। ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਦੇਸ਼ ਦੇ ਬਾਸ਼ਿੰਦਿਆਂ ਨੇ ਇਸ ਪ੍ਰੈਕਟਿਸ ’ਚ ਖ਼ੁਸ਼ੀ-ਖ਼ੁਸ਼ੀ ਹਿੱਸਾ ਪਾਇਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਅਜਿਹਾ ਸਾਇਰਨ ਵੱਜੇ ਤਾਂ ਉਸ ਤੋਂ ਬਾਅਦ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿੱਕਲ ਕੇ ਕਿਸੇ ਜ਼ਮੀਨ ਜਾਂ ਜ਼ਮੀਨਦੋਜ਼ ਟਿਕਾਣੇ ਉੱਤੇ ਪਹੁੰਚ ਜਾਣ। ਉਨ੍ਹਾਂ ਕਿਹਾ ਕਿ ਜੇਕਰ ਨੇੜੇ ਕੋਈ ਛੱਤ ਨਹੀਂ ਹੈ, ਤਾਂ ਉਹ ਦਰੱਖਤ ਦੇ ਹੇਠਾਂ ਬੈਠ ਜਾਣ। ਉਨ੍ਹਾਂ ਕਿਹਾ ਕਿ ਸਾਇਰਨ ਵੱਜਣ ਸਮੇਂ ਜੋ ਲੋਕ ਇਮਾਰਤਾਂ ਵਿੱਚ ਰਹਿ ਰਹੇ ਹੋਣ, ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਰਹਿਣ। ਇਸ ਰੁਝਾਨ ਦਾ ਖਾਸ ਪੱਖ ਇਹ ਵੇਖਣ ਨੂੰ ਮਿਲਿਆ ਕਿ ਅਤੀਤ ਦੌਰਾਨ ਇਸ ਕਵਾਇਦ ਨਾਲ ਵਾ-ਬਸਤਾ ਰਹੇ ਵਡੇਰੀ ਉਮਰ ਦੇ ਵਿਅਕਤੀਆਂ ਲਈ ਇਹ ਅਮਲ ਸਹਿਜ ਸੀ, ਜਦ ਕਿ ਨਵੀਂ ਉਮਰ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਇਹ ਕਿਸੇ ਅਚੰਭੇ ਤੋਂ ਘੱਟ ਨਹੀਂ ਸੀ। ਛੋਟੀ ਉਮਰ ਵਾਲਿਆਂ ਨੇ ਇਸ ਕਾਰਵਾਈ ਨੂੰ ਚਾਈਂ-ਚਾਈਂ ਮਾਣਿਆ। ਇਸੇ ਦੌਰਾਨ ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਤ ਰੱਖਣ ਦੇ ਅਭਿਆਸ ਤਹਿਤ ਮੌਕ ਡਰਿੱਲ ਕੀਤੀ ਗਈ। ਇਸ ਸਬੰਧ ਵਿੱਚ ਵੱਖ-ਵੱਖ ਥਾਵਾਂ ਤੇ 4 ਵਜੇ ਇੱਕ ਸਾਇਰਨ ਵਜਾਇਆ ਗਿਆ, ਜਿਸ ਤੋਂ ਬਾਅਦ ਇਹ ਅਭਿਆਸ ਸ਼ੁਰੂ ਹੋਇਆ। ਇਹ ਅਭਿਆਸ ਅੱਧਾ ਘੰਟਾ ਚੱਲਿਆ ਅਤੇ ਸਾਢੇ 4 ਵਜੇ ਮੁੜ ਸਾਇਰਨ ਵੱਜਣ ਨਾਲ ਖ਼ਤਮ ਹੋ ਗਿਆ। ਇਸ ਦੌਰਾਨ ਦੱਸਿਆ ਗਿਆ ਕਿ ਜੇ ਹਵਾਈ ਹਮਲੇ ਦੌਰਾਨ ਤੁਸੀਂ ਖੁੱਲ੍ਹੇ ਵਿੱਚ ਹੋ ਤਾਂ ਜਲਦੀ ਤੋਂ ਜਲਦੀ ਕਿਸੇ ਇਮਾਰਤ ਦੇ ਅੰਦਰ ਚਲੇ ਜਾਓ। ਜੇਕਰ ਬਹੁ ਮੰਜ਼ਿਲਾ ਇਮਾਰਤ ਵਿੱਚ ਹੋਵੋ ਤਾਂ ਧਰਾਤਲ ਮੰਜ਼ਿਲ ’ਤੇ ਰਹੋ। ਇਸ ਦੌਰਾਨ ਲਾਈਟਾਂ ਬੰਦ ਰੱਖੋ ਅਤੇ ਕੋਈ ਵੀ ਰੌਸ਼ਨੀ ਨਾ ਕਰੋ। ਜੇਕਰ ਤੁਹਾਡੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰੱਖਤ ਦੇ ਥੱਲੇ ਓਟ ਲਵੋ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਣ ਛੱਡ ਕੇ ਸੁਰੱਖਿਅਤ ਥਾਂ ’ਤੇ ਜਾਓ। ਜੇ ਓਟ ਲੈਣ ਲਈ ਕੋਈ ਥਾਂ ਨਹੀਂ ਹੈ ਤਾਂ ਧਰਤੀ ’ਤੇ ਛਾਤੀ ਦੇ ਭਾਰ ਲੇਟ ਜਾਓ ਅਤੇ ਆਪਣੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਓ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ ਮਨਦੀਪ ਕੌਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਖਤਰੇ ਮੌਕੇ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਇਸ ਦੌਰਾਨ ਫਾਜ਼ਿਲਕਾ ’ਚ ਰਾਤ 10 ਤੋਂ 10:30 ਵਜੇ ਤੱਕ ਬਲੈਕ ਆਊਟ ਦੀ ਰਿਹਰਸਲ ਕੀਤੀ ਗਈ। ਇਸ ਦੌਰਾਨ ਲਾਈਟਾਂ ਬੰਦ ਰੱਖੀਆਂ ਗਈਆਂ ਅਤੇ ਘਰ ਵਿੱਚ ਇਨਵਰਟਰ-ਜੈਨਰੇਟਰ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਲਾਈਟ ਨਹੀਂ ਜਗਾਈ ਗਈ। ਦੇਸ਼ ਨਾਲ ਇੱਕ ਜੁੱਟਤਾ ਦਿਖਾਉਣ ਲਈ ਫਾਜ਼ਿਲਕਾ ਸਮੂਹ ਵਾਸੀਆਂ ਨੇ ਇਸ ਬਲੈਕ ਆਊਟ ਰਿਹਰਸਲ ਦਾ ਪੂਰਾ ਸਾਥ ਦਿੱਤਾ। ਜਦੋਂ ਸਾਇਰਨ ਦੀ ਆਵਾਜ਼ ਆਈ ਤਾਂ ਲੋਕਾਂ ਨੇ ਤੁਰੰਤ ਆਪਣੇ ਘਰਾਂ ਦੀਆਂ ਲਾਈਟਾਂ ਮੁਕੰਮਲ ਬੰਦ ਕਰ ਦਿੱਤੀਆਂ।
ਕੋਟਕਪੂਰਾ ਤੇ ਸਿਰਸਾ ’ਚ ਮੌਕ ਡਰਿੱਲਾਂ ਰਾਹੀਂ ਕੀਤਾ ਚੌਕਸ
ਕੋਟਕਪੂਰਾ/ਸਿਰਸਾ (ਬਲਵਿੰਦਰ ਸਿੰਘ ਹਾਲੀ/ਪ੍ਰਭੂ ਦਿਆਲ): ਯੁੱਧ ਵਰਗੇ ਬਣ ਰਹੇ ਹਾਲਾਤ ਦੇ ਮੱਦੇਨਜ਼ਰ ਆਮ ਨਾਗਰਿਕਾਂ ਨੂੰ ਹਵਾਈ ਹਮਲੇ ਤੋਂ ਬਚਾਉਣ ਅਤੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਮੌਕ ਡਰਿੱਲ ਇਥੋਂ ਦੇ ਨਗਰ ਕੌਂਸਲ ਦਫਤਰ ਵਿੱਚ ਕੀਤੀ ਗਈ। ਸਿਵਲ ਡਿਫੈਂਸ ਕੀਤੇ ਗਏ ਸਮਾਗਮ ਵਿੱਚ ਦੋ ਤਰ੍ਹਾਂ ਦਾ ਸਾਇਰਨ ਵਜਾਇਆ ਗਿਆ ਅਤੇ ਦੋਵਾਂ ਬਾਰੇ ਜਾਣਕਾਰੀ ਦਿੱਤੀ ਗਈ। ਸਿਵਲ ਡਿਫੈਂਸ ਦੇ ਕੈਪਟਨ ਨਿਰਮਲ ਸਿੰਘ ਅਤੇ ਸਹਾਇਕ ਕੈਪਟਨ ਦਵਿੰਦਰ ਨੀਟੂ ਨੇ ਦੱਸਿਆ ਕਿ ਆਮ ਮੌਕ ਡਰਿਲ ਰਾਹੀ ਆਮ ਜਨਤਾ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਗਰ ਅਣਸੁਖਾਵੇਂ ਹਾਲਾਤ ਬਣਦੇ ਹਨ ਕਿ ਇਨ੍ਹਾਂ ਤੋਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣਾ ਅਤੇ ਲੋਕਾਂ ਦੀ ਮਦਦ ਕਰਨਾ ਹੈ। ਇਸੇ ਦੌਰਾਨ ਸਿਰਸਾ ’ਚ ਨਾਗਰਿਕਾਂ ਦੀ ਸੁਰੱਖਿਆ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਦੀ ਤਿਆਰੀ ਦੀ ਜਾਂਚ ਕਰਨ ਲਈ ਅੱਜ ਮੌਕ ਡਰਿੱਲ ਕੀਤੀ ਗਈ। ਜ਼ਿਲ੍ਹੇ ਵਿੱਚ ਸਿਵਲ ਡਿਫੈਂਸ ਮੌਕ ਡਰਿੱਲ ਦਾ ਉਦੇਸ਼ ਸਿਵਲ ਡਿਫੈਂਸ ਵਿਧੀ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਜਿਠਣਾ ਹੈ। ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।