ਜਾਗ੍ਰਿਤੀ ਫਾਊਂਡੇਸ਼ਨ ਦਾ ਸਥਾਪਨਾ ਦਿਵਸ ਮਨਾਇਆ
ਐਨਪੀ. ਧਵਨ
ਪਠਾਨਕੋਟ, 30 ਮਾਰਚ
ਸਮਾਜ ਸੇਵੀ ਸੰਸਥਾ ਜਾਗ੍ਰਿਤੀ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਵੱਲੋਂ ਮੈਨੇਜਿੰਗ ਟਰੱਸਟੀ ਆਰਪੀਐੱਸ ਵਾਲੀਆ (ਸਾਬਕਾ ਐੱਸਡੀਐੱਮ) ਦੀ ਅਗਵਾਈ ਹੇਠ ਇੱਥੇ ਪ੍ਰਤਾਪ ਵਰਲਡ ਸਕੂਲ ’ਚ ਛੇਵਾਂ ਸਥਾਪਨਾ ਦਿਵਸ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਗਮੋਹਨ ਬਾਂਸਲ ਮੁੱਖ ਮਹਿਮਾਨ ਵਜੋਂ ਅਤੇ ਜੰਗਲਾਤ ਵਿਭਾਗ ਪੰਜਾਬ ਦੇ ਚੀਫ ਕੰਜ਼ਰਵੇਟਰ ਮਹਾਂਵੀਰ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਪਠਾਨਕੋਟ ਦੇ ਸਕੱਤਰ ਤੇ ਸੀਜੇਐੱਮ ਮਾਨਵ ਵੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਈ। ਫਾਊਂਡੇਸ਼ਨ ਦੇ ਮੈਨੇਜਿੰਗ ਟਰੱਸਟੀ ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਫਾਊਂਡੇਸ਼ਨ ਦੇ 6 ਸਾਲ ਦੇ ਸਫਰ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਜਸਟਿਸ ਜਗਮੋਹਨ ਬਾਂਸਲ ਨੇ ਜਾਗ੍ਰਿਤੀ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਟਰੱਸਟ ਦੇ ਸਫਲਤਾ ਪੂਰਬਕ 6 ਸਾਲ ਪੂਰੇ ਹੋਣ ਤੇ ਵਧਾਈ ਦਿੱਤੀ। ਅੰਤਰਰਾਸ਼ਟਰੀ ਸੂਫੀ ਗਾਇਕ ਨੀਲੇ ਖਾਨ ਨੇ ਆਪਣੇ ਖੂਬਸੂਰਤ ਗੀਤਾਂ ਅਤੇ ਉਮਦਾ ਗਜ਼ਲਾਂ ਨਾਲ ਸਮਾਂ ਬੰਨ੍ਹ ਦਿੱਤਾ। ਇਸ ਮੌਕੇ ਪ੍ਰਿੰਸੀਪਲ ਸ਼ੁਭਰਾ ਰਾਣੀ, ਸਾਬਕਾ ਮੇਜਰ ਜਨਰਲ ਸੁਰੇਸ਼ ਖਜੂਰੀਆ, ਸਾਬਕਾ ਮੇਅਰ ਅਨਿਲ ਵਾਸੂਦੇਵਾ ਤੇ ਪ੍ਰਿੰਸੀਪਲ ਬਲਬੀਰ ਸਿੰਘ ਮਿਨਹਾਸ ਆਦਿ ਮੌਜੂਦ ਸਨ।