ਜ਼ਮੀਨੀ ਸੰਘਰਸ਼ ਕਮੇਟੀ ਨੇ ਫਸਲ ’ਚੋਂ ਬਣਦਾ ਹਿੱਸਾ ਮੰਗਿਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਅਪਰੈਲ
ਇੱਥੋਂ ਨੇੜਲੇ ਪਿੰਡ ਮੰਡੌਰ ਵਿੱਚ ਤੀਜੇ ਹਿੱਸੇ ਦੀ ਜ਼ਮੀਨ 'ਤੇ ਮਜ਼ਦੂਰਾਂ ਵੱਲੋਂ ਬੀਜੀ ਗਈ ਕਣਕ ਦੀ ਫ਼ਸਲ ਨੂੰ ਕੱਟਣ 'ਤੇ ਪ੍ਰਸ਼ਾਸਨ ਅਤੇ ਸਥਾਨਕ ਧਨਾਢਾਂ ਦੀ ਮਿਲੀਭੁਗਤ ਨਾਲ ਲਗਾਈ ਜਾ ਰਹੀ ਰੋਕ ਖ਼ਿਲਾਫ਼ ਪਿੰਡ ਮੰਡੌਰ ਦੇ ਮਜ਼ਦੂਰਾਂ ਵੱਲੋਂ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜ਼ੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਅਤੇ ਇਕਾਈ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡਿਵੀਜ਼ਨਲ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਨੇ 7500 ਰੁਪਏ ਪ੍ਰਤੀ ਵਿੱਘੇ ਦੇ ਹਿਸਾਬ ਨਾਲ ਜ਼ਮੀਨ ਵਾਹੁਣ ਦਾ ਸਮਝੌਤਾ ਕੀਤਾ ਸੀ। ਮਜ਼ਦੂਰਾਂ ਨੇ ਸਮਝੌਤੇ ਅਨੁਸਾਰ ਲੀਜ਼ 'ਤੇ ਮਿਲੀ ਸਾਰੀ ਜ਼ਮੀਨ ਦੇ ਪੂਰੇ ਪੈਸੇ ਅਦਾ ਕਰ ਦਿੱਤੇ ਅਤੇ ਇਸ ਦੀਆਂ ਰਸੀਦਾਂ ਵੀ ਉਨ੍ਹਾਂ ਕੋਲ ਮੌਜੂਦ ਹਨ। ਮਜ਼ਦੂਰਾਂ ਨੇ ਮੰਗ ਕੀਤੀ ਸੀ ਕਿ ਪਹਿਲਾਂ ਉਨ੍ਹਾਂ ਦੀ ਜ਼ਮੀਨ ਦਾ ਹਿੱਸਾ ਪੂਰਾ ਕੀਤਾ ਜਾਵੇ, ਜਿਸ ਤੋਂ ਬਾਅਦ ਵਾਧੂ ਜ਼ਮੀਨ ਦੇ ਪੈਸੇ ਅਦਾ ਕੀਤੇ ਜਾਣਗੇ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਹੀ ਯੋਗ ਜ਼ਮੀਨ ਦੇ ਪੂਰੇ ਪੈਸੇ ਭਰ ਦਿੱਤੇ ਹਨ, ਪਰ ਡੀਡੀਪੀਓ ਪਟਿਆਲਾ ਦੀ ਸਥਾਨਕ ਧਨਾਢ ਚੌਧਰੀਆਂ ਨਾਲ ਮਿਲੀਭੁਗਤ ਕਾਰਨ ਮਜ਼ਦੂਰਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਮਜ਼ਦੂਰ ਹਰ ਹਾਲਤ ਵਿੱਚ ਆਪਣੀ ਹਿੱਸੇ ਦੀ ਜ਼ਮੀਨ ਵਿੱਚ ਬੀਜੀ ਫ਼ਸਲ ਨੂੰ ਆਪਣੇ ਘਰਾਂ ਵਿੱਚ ਲੈ ਕੇ ਆਉਣਗੇ। ਇਸ ਮਸਲੇ ਦੇ ਵਿਰੋਧ ਵਜੋਂ ਮਜ਼ਦੂਰ 22 ਅਪਰੈਲ ਨੂੰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਅੱਗੇ ਧਰਨਾ ਲਾਉਣਗੇ। ਮਾਮਲੇ ਦੀ ਜਾਂਚ ਕਰਾਵਾਂਗੇ: ਡੀਡੀਪੀਓ
ਡੀਡੀਪੀਓ ਸ਼ਿਵੰਦਰ ਸਿੰਘ ਨੇ ਕਿਹਾ ਹੈ ਕਿ ਮੰਡੋਰ ਪਿੰਡ ਵਿਚ ਦਲਿਤਾਂ ਦੀ ਜ਼ਮੀਨ ਮਾਮਲੇ ਵਿਚ ਉਹ ਜਾਂਚ ਕਰਾਉਣਗੇ ਤੇ ਉਸ ਸਬੰਧੀ ਜੋ ਵੀ ਕਾਰਵਾਈ ਹੁੰਦੀ ਹੈ ਉਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਧਿਰ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।