ਜਲੰਧਰ ਜ਼ਿਲ੍ਹੇ ਵਿੱਚ ਬਣਨਗੀਆਂ ਲਾਇਬ੍ਰੇਰੀਆਂ
ਪੱਤਰ ਪੇ੍ਰਕ
ਜਲੰਧਰ, 17 ਅਪਰੈਲ
ਜ਼ਿਲ੍ਹੇ ਵਿੱਚ ਨਿਰਮਾਣ ਅਧੀਨ ਲਾਇਬ੍ਰੇਰੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਬੰਧਿਤ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਲਾਇਬ੍ਰੇਰੀਆਂ ਦੇ ਨਿਰਮਾਣ ਕਾਰਜਾਂ ਨੂੰ ਛੇਤੀ ਮੁਕੰਮਲ ਕਰਨ ਦੀ ਹਦਾਇਤ ਕੀਤੀ। ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 6 ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 2 ਕਰੋੜ 1 ਲੱਖ 24 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਇਹ ਲਾਇਬ੍ਰੇਰੀਆਂ ਨੌਜਵਾਨਾਂ ਲਈ ਰਾਹ ਦਸੇਰਾ ਵਜੋਂ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਿਥੇ ਨੌਜਵਾਨਾਂ ਲਈ ਮੈਦਾਨ ਉਸਾਰ ਕੇ ਖੇਡ ਸੱਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ, ਉੱਥੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀਆਂ ਬਣਾਉਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਸਤੀ ਦਾਨਿਸ਼ਮੰਦਾਂ, ਬਸਤੀ ਬਾਵਾ ਖੇਲ, ਚੁਗਿੱਟੀ, ਵਿਜੈ ਨਗਰ, ਮਿਊਂਸੀਪਲ ਕਮੇਟੀ ਨਕੋਦਰ ਅਤੇ ਮਿਉਂਸਿਪਲ ਕਮੇਟੀ ਬਿਲਗਾ ਵਿਖੇ 6 ਲਾਇਬ੍ਰੇਰੀਆਂ ਨਿਰਮਾਣ ਅਧੀਨ ਹਨ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਲਦੀ ਹੀ ਇਸ ਨੂੰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਲਈ ਫਰਨੀਚਰ ਸਮੇਤ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਸਮੇਂ ਸਿਰ ਯਕੀਨੀ ਬਣਾਇਆ ਜਾਵੇ।