ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਤੇ ਪੰਜਾਬੀ ਅਖ਼ਬਾਰ
ਗੁਰਨਾਮ ਸਿੰਘ ਅਕੀਦਾ
ਗ਼ਦਰ ਲਹਿਰ ਨੂੰ ਕੁਚਲਣ ਉਪਰੰਤ ਹਿੰਦੋਸਤਾਨ ਦੀ ਅੰਗਰੇਜ਼ ਸਰਕਾਰ ਨੇ ਕਾਰਨਾਂ ਦੀ ਜਾਂਚ ਲਈ ਪੜਤਾਲੀਆ ਹੰਟਰ ਕਮੇਟੀ ਬਣਾਈ, ਜਿਸ ਨੇ ਬਹੁਤਾ ਦੋਸ਼ ਸਿੱਖਾਂ ਉੱਤੇ ਹੀ ਲਾਇਆ। ਇਸੇ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਹੀ ਮਾਰਚ 1919 ਵਿੱਚ ਰੌਲੈੱਟ ਐਕਟ ਹੋਂਦ ਵਿੱਚ ਆਇਆ। ਪਹਿਲੀ ਆਲਮੀ ਜੰਗ ਦੇ ਦਿਨਾਂ ਵਿੱਚ ਫ਼ੌਜ ਵਿੱਚ ਜਬਰੀ ਭਰਤੀ, ਕੁਰਕੀਆਂ, ਨਜ਼ਰਬੰਦੀਆਂ ਆਦਿ ਨੇ ਪਹਿਲਾਂ ਹੀ ਪੰਜਾਬੀਆਂ ਦੇ ਦਿਲਾਂ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਭਰ ਦਿੱਤੀ ਸੀ। ਇਹ ਤਣਾਅਪੂਰਨ ਸਥਿਤੀ 13 ਅਪਰੈਲ ਨੂੰ ਇੱਕ ਵੱਡੇ ਦੁਖਾਂਤ ਵਿੱਚ ਬਦਲ ਗਈ, ਜਦੋਂ ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਵਾਪਰਿਆ। ਖੁਸ਼ਵੰਤ ਸਿੰਘ ਦੀ ਪੁਸਤਕ ‘ਏ ਹਿਸਟਰੀ ਆਫ ਦਿ ਸਿੱਖਸ’ ਅਨੁਸਾਰ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਵਿੱਚ 379 ਵਿਅਕਤੀ ਮਾਰੇ ਗਏ ਅਤੇ 2000 ਤੋਂ ਵੱਧ ਜ਼ਖ਼ਮੀ ਹੋਏ।
ਜਲ੍ਹਿਆਂਵਾਲਾ ਬਾਗ਼ ਕਾਂਡ ਕਾਰਨ ਸਮੁੱਚੇ ਦੇਸ਼ ਦੇ ਜ਼ਿਆਦਾਤਰ ਅਖ਼ਬਾਰਾਂ ਨੇ ਅੰਗਰੇਜ਼ ਸਰਕਾਰ ਦੀ ਨਿਖੇਧੀ ਕੀਤੀ ਪਰ ਪੰਜਾਬ ਵਿਚਲੇ ਕੁਝ ਪੱਤਰਾਂ ਨੇ ਸਰਕਾਰ ਦੀ ਨਿਖੇਧੀ ਨਾ ਕੀਤੀ। ‘ਪੰਜਾਬੀ ਭੈਣ’ ਦੀ ਮਈ 1991 ਦੀ ਲਿਖਤ ਇਸ ਪ੍ਰਕਾਰ ਹੈ:
‘‘ਭਾਵੇਂ ਸਾਨੂੰ ਅੰਮ੍ਰਿਤਸਰ ਦੇ ਫ਼ਸਾਦ ਦੇ ਮੁਤੱਲਕ ਇਸ਼ਰਤਨ ਯਾ ਨੁਕਤਾਚੀਨੀ ਕਰਨ ਦੀ ਪੰਜਾਬ ਸਰਕਾਰ ਵੱਲੋਂ ਕੋਈ ਆਗਿਆ ਨਹੀਂ ਪਰ ਤਦ ਭੀ ਅਸੀਂ ਜ਼ਰੂਰੀ ਖਯਾਲ ਕਰਦੇ ਹਾਂ ਕਿ ਇਸ ਮਾਮਲੇ ਵਿਚ ਸਿਖਾਂ ਦੀ ਜੋ ਵੀ ਪੁਜ਼ੀਸ਼ਨ ਸੀ ਉਸ ਦਾ ਵਰਣਨ ਕਰੀਏ। ਅਕਾਲ ਪੁਰਖ ਤੇ ਸਤਿਗੁਰੂ ਦਾ ਪਰਮ ਧੰਨਵਾਦ ਹੈ ਕਿ ਅੰਮ੍ਰਿਤਸਰ ਦੇ ਕਿਸੇ ਜ਼ਿੰਮੇਵਾਰ ਸਿਖ ਨੇ ਇਸ ਤਹਿਰੀਕ ਵਿਚ ਰਤੀ ਭਰ ਭੀ ਹਿਸਾ ਨਹੀਂ ਲੀਤਾ। ਨਾ ਹੀ ਜਲਸਿਆਂ ਵਿਚ ਕਿਸੇ ਸਿਖ ਨੇ ਕੋਈ ਤਕਰੀਰ ਕੀਤੀ।’’
ਚੀਫ਼ ਖ਼ਾਲਸਾ ਦੀਵਾਨ ਦੇ ਆਗੂਆਂ ਦੇ ਨਾਵਾਂ ਥੱਲੇ ‘ਖ਼ਾਲਸਾ ਸਮਾਚਾਰ’, ‘ਖ਼ਾਲਸਾ ਐਡਵੋਕੇਟ’, ‘ਪੰਜਾਬੀ ਭੈਣ’ ਆਦਿ ਪੱਤਰਾਂ ਵਿੱਚ ਸਿੱਖਾਂ ਨੂੰ ਅੰਗਰੇਜ਼ੀ ਸਰਕਾਰ ਦੇ ਵਫ਼ਾਦਾਰ ਰਹਿਣ ਦੀ ਅਪੀਲ ਕੀਤੀ ਗਈ ਜਿਵੇਂ ਕਿ ‘ਪੰਜਾਬੀ ਭੈਣ’ ਅਨੁਸਾਰ:
‘‘ਚੀਫ਼ ਖ਼ਾਲਸਾ ਦੀਵਾਨ ਆਪਣੇ ਧਰਮ ਵੀਰਾਂ ਅੱਗੇ (ਜੋ ਸਤਿਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਨ) ਜੋਰ ਨਾਲ ਬਿਨੈ ਕਰਦਾ ਹੈ ਕਿ... ਉਹ ਹਮੇਸ਼ਾਂ ਆਪਣੀ ਪਰੰਪਰਾ ਦੀ ਰਾਜਭਗਤੀ ਤੇ ਸ਼ਹਨਸ਼ਾਹ ਦੇ ਤਖਤ ਨਾਲ ਵਫਾਦਾਰੀ ਨੂੰ ਯਾਦ ਰਖਨ... ਚੀਫ਼ ਖ਼ਾਲਸਾ ਦੀਵਾਨ ਨੂੰ ਆਸ ਹੈ ਕਿ ਪੰਥ ਦੀ ਰਾਜਭਗਤੀ ਦੀ ਟ੍ਰੈਡੀਸ਼ਨ (ਪਰੰਪਰਾ ਦਾ ਵਤੀਰਾ) ਪੂਰੀ ਤਰ੍ਹਾਂ ਕਾਇਮ ਰਖਯਾ ਜਾਏਗਾ।’’
‘ਪੰਜਾਬੀ ਭੈਣ’ ਵਿੱਚ ਮਈ 1919 ਨੂੰ ਹੀ ਫੇਰ ਲਿਖਿਆ ਗਿਆ:
‘‘ਪੰਥਕ ਅਖ਼ਬਾਰਾਂ ਦਾ ਵਤੀਰਾ ਸ਼ਲਾਘਾਯੋਗ ਰਿਹਾ... ਸਾਡੀ ਅਛੀ ਕਿਸਮਤ ਨੂੰ ਐਸੀ ਅਛੀ ਸਰਕਾਰ ਸਾਡੇ ਸਿਰ ਪਰ ਹੈ ਜਿਸ ਦੇ ਨਾਲ ਸਾਡੇ ਵੱਡਿਆਂ ਨੇ ਐਸਾ ਅਛਾ ਪਿਆਰ ਤੇ ਵਫਾਦਾਰੀ ਦਾ ਸੰਬੰਧ ਜੋੜਿਆ ਹੈ... ਖ਼ਾਲਸਾ ਕੌਮ ਨੇ ਅਪਨੀ ਕ੍ਰਿਪਾਲੂ ਸਰਕਾਰ ਦੇ ਮੁੜ੍ਹਕੇ ਦੇ ਥਾਂ ਆਪਨਾ ਲਹੂ ਵੀਟ ਕੇ ਆਪਨੀ ਵਫਾਦਾਰੀ ਦਾ ਸਚਾ ਤਾਜਾ ਸਬੂਤ ਦੇ ਕੇ ਮੁੜ ਮੁੜ ਸੰਬੰਧ ਪਕਾ ਕੀਤਾ ਹੈ... ਸਰਕਾਰ ਅੰਗ੍ਰੇਜ਼ੀ ਵਡੀ ਪ੍ਰਤਾਪਵਾਲ ਸਰਕਾਰ ਹੈ। ... ਸਾਡੀ ਕੌਮੀ ਉਨਤੀ ਸਰਕਾਰ ਅੰਗ੍ਰੇਜ਼ੀ ਦੇ ਰਾਜ ਵਿਚ ਹੀ ਹੋ ਸਕਦੀ ਹੈ...’’
‘ਪਿਆਰਾ ਸਿੰਘ ਪਦਮ ਸੰਖੇਪ ਇਤਿਹਾਸ’ ਵਿੱਚ ਲਿਖਿਆ ਹੈ: ‘‘ਇਸ ਤਰ੍ਹਾਂ ਜਿੱਥੇ ਸਾਰਾ ਦੇਸ਼ ਜਨਰਲ ਡਾਇਰ ਅਤੇ ਮਾਈਕਲ ਓਡਵਾਇਰ ਦੀ ਨਿਖੇਧੀ ਕਰ ਰਿਹਾ ਸੀ ਦੂਜੇ ਪਾਸੇ ਚੀਫ਼ ਖ਼ਾਲਸਾ ਦੀਵਾਨ ਦੇ ਪੱਤਰ ਅਜੇ ਵੀ ਸਰਕਾਰ ਦਾ ਪੱਖ ਪੂਰਨ ਲਈ ਹੋੜ ਲਾਈ ਬੈਠੇ ਸਨ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਰਬਰਾਹ ਰੂੜ ਸਿੰਘ ਹੱਥੋਂ ਜਨਰਲ ਡਾਇਰ ਨੂੰ ਸੋਨੇ ਦਾ ਕੜਾ ਤੇ ਸਿਰੋਪਾ ਦਿੱਤਾ ਜਾ ਰਿਹਾ ਸੀ।’’
ਦੂਜੇ ਪਾਸੇ, ਕੁਝ ਨਿਧੜਕ ਲੋਕ ਵੀ ਸਨ ਜਿਨ੍ਹਾਂ ਨੇ ਅਖ਼ਬਾਰ ਸ਼ੁਰੂ ਕੀਤੇ ਤੇ ਅੰਗਰੇਜ਼ ਸਰਕਾਰ ਦੀ ਲਗਾਤਾਰ ਨਿਖੇਧੀ ਕੀਤੀ ਜਿਵੇਂ ਕਿ ਹਰਚੰਦ ਸਿੰਘ, ਤੇਜਾ ਸਿੰਘ ਸਮੁੰਦਰੀ, ਸਰਦੂਲ ਸਿੰਘ ਅਤੇ ਮਾਸਟਰ ਮੋਤਾ ਸਿੰਘ ਦੇ ਨਾਲ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ‘ਦਿ ਅਕਾਲੀ’ (ਰੋਜ਼ਾਨਾ) ਅਖ਼ਬਾਰ ਸ਼ੁਰੂ ਕੀਤਾ, ਜਿਸ ਨੇ ਰਕਾਬਗੰਜ ਗੁਰਦੁਆਰਾ ਮੋਰਚੇ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ। ਸਰਦੂਲ ਸਿੰਘ ਕਵੀਸ਼ਰ ਦੇ ਘਰ ਹੋਈ ਮੀਟਿੰਗ ਵਿੱਚ ਹਰਚੰਦ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਮੰਗਲ ਸਿੰਘ ਗਿੱਲ (ਤਹਿਸੀਲਦਾਰ), ਪ੍ਰਤਾਪ ਸਿੰਘ ਗੁੱਜਰਾਂਵਾਲਾ ਅਤੇ ਤੇਜਾ ਸਿੰਘ ਸ਼ਾਮਲ ਸਨ। ਮੀਟਿੰਗ ਦੇ ਫ਼ੈਸਲੇ ਦੇ ਆਧਾਰ ’ਤੇ ਮਾਸਟਰ ਲਾਇਲਪੁਰੀ ਨੇ ਇੱਕ ਹੋਰ ਪੰਜਾਬੀ ਅਖ਼ਬਾਰ ਦੀ ਸਥਾਪਨਾ ਕੀਤੀ ਜਿਸ ਦਾ ਨਾਮ ਬਾਬਾ ਅਕਾਲੀ ਫੂਲਾ ਸਿੰਘ ਦੇ ਨਾਮ ’ਤੇ ‘ਅਕਾਲੀ’ ਰੱਖਿਆ ਗਿਆ ਸੀ। ਅਕਾਲੀ ਦਾ ਪਹਿਲਾ ਅੰਕ 21 ਮਈ 1920 ਨੂੰ ਮਾਲਕ, ਪ੍ਰਬੰਧਕ, ਪ੍ਰਕਾਸ਼ਕ ਅਤੇ ਮੁੱਖ ਸੰਪਾਦਕ ਵਜੋਂ ਸੁੰਦਰ ਸਿੰਘ ਲਾਇਲਪੁਰੀ ਦੇ ਨਾਂ ਹੇਠ ਛਪਿਆ। 1923 ਵਿੱਚ ਮਾਸਟਰ ਲਾਇਲਪੁਰੀ ਨੇ ਅੰਮ੍ਰਿਤਸਰ ਤੋਂ ‘ਅਕਾਲੀ’ (ਉਰਦੂ) ਅਖ਼ਬਾਰ ਦੀ ਸ਼ੁਰੂਆਤ ਕੀਤੀ। ਇਹ ਰੋਜ਼ਾਨਾ ਅਖ਼ਬਾਰ 1929-30 ਤੱਕ ਮਾਮੂਲੀ ਰੁਕਾਵਟਾਂ ਨਾਲ ਜਾਰੀ ਰਿਹਾ ਪਰ 1930 ਤੋਂ ਬਾਅਦ ਵਿੱਤੀ ਕਾਰਨਾਂ ਕਰਕੇ ਬੰਦ ਹੋ ਗਿਆ। ਇਸ ਤੋਂ ਇਲਾਵਾ ਉਸ ਵੇਲੇ ‘ਨਵਾਂ ਸੰਸਾਰ’ ਅਤੇ ‘ਮਲਾਯਾ ਦਰਪਣ’ ਜਿਹੇ ਅਖ਼ਬਾਰ ਵੀ ਛਪਦੇ ਰਹੇ ਸਨ। ਸੁੰਦਰ ਸਿੰਘ ਲਾਇਲਪੁਰੀ ਨੇ ਵੀ ਅਖ਼ਬਾਰ ਸ਼ੁਰੂ ਕਰਕੇ ਪੰਜਾਬੀ ਲਈ ਬੜਾ ਯੋਗਦਾਨ ਪਾਇਆ। 1925 ਵਿੱਚ ਉਨ੍ਹਾਂ ਨੇ ਇੱਕ ਹਫ਼ਤਾਵਾਰੀ ਅਖ਼ਬਾਰ ‘ਸੱਚਾ ਢੰਡੋਰਾ’ ਸ਼ੁਰੂ ਕੀਤਾ ਅਤੇ ਦੇਸ਼ਭਗਤੀ ਦੇ ਗੀਤ ਤੇ ਸਿੱਖ ਵਿਚਾਰਧਾਰਾ ਨਾਲ ਸਬੰਧਿਤ ਰਾਸ਼ਟਰਵਾਦੀ ਲੇਖ ਛਾਪਣੇ ਸ਼ੁਰੂ ਕੀਤੇ। ਉਨ੍ਹੀਂ ਦਿਨੀਂ ਨਾਭਾ ਰਿਆਸਤ ਦੇ ਟਿਕਾ ਸਾਹਿਬ (ਵਲੀ ਅਹਿਦ) ਰਿਪੂਦਮਨ ਸਿੰਘ ਸਿੱਖ ਧਰਮ ਲਈ ਬੇਮਿਸਾਲ ਯੋਗਦਾਨ ਪਾ ਰਹੇ ਸਨ ਅਤੇ ਸਿੱਖ ਧਰਮ ਬਾਰੇ ਉਨ੍ਹਾਂ ਦੇ ਵਿਚਾਰ ‘ਸੱਚਾ ਢੰਡੋਰਾ’ ਵਿੱਚ ਨਿਯਮਿਤ ਤੌਰ ’ਤੇ ਪ੍ਰਕਾਸ਼ਿਤ ਹੁੰਦੇ ਸਨ, ਜਿਸ ਵਿੱਚ ਅੰਗਰੇਜ਼ਾਂ ਦੀ ਲਗਾਤਾਰ ਨਿਖੇਧੀ ਕੀਤੀ ਗਈ। ਅੰਗਰੇਜ਼ ਸਰਕਾਰ ਦੇ ਅਧਿਕਾਰੀਆਂ ਵੱਲੋਂ ਕਈ ਸੰਪਾਦਕਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ
ਤੇ ਸੁੰਦਰ ਸਿੰਘ ਲਾਇਲਪੁਰੀ ਨੂੰ ਤਾਂ ਫਾਂਸੀ ਦੀ ਸਜ਼ਾ
ਦਾ ਹੁਕਮ ਹੋਇਆ ਸੀ, ਪਰ ਭਾਰਤ ਦੀ
ਕਾਂਗਰਸੀ ਲੀਡਰਸ਼ਿਪ ਨੇ ਅੰਗਰੇਜ਼ ਹਕੂਮਤ ਅੱਗੇ ਕੋਸ਼ਿਸ਼ਾਂ ਕਰਕੇ ਸੁੰਦਰ ਸਿੰਘ ਲਾਇਲਪੁਰੀ ਨੂੰ ਫਾਂਸੀ
ਤੋਂ ਬਚਾ ਲਿਆ।
ਸੰਪਰਕ: 81460-01100
* * *
(ਲੇਖਕ ਨੇ ਇਸ ਲੇਖ ਦੇ ਹਵਾਲੇ ਨਰਿੰਦਰ ਸਿੰਘ ਕਪੂਰ ਦੀ ਪੁਸਤਕ ‘ਪੰਜਾਬੀ ਪੱਤਰਕਾਰੀ ਦਾ ਵਿਕਾਸ’ ਵਿੱਚੋਂ ਲਏ ਹਨ। ਇਸ ਲੇਖ ਵਿੱਚ ਪੁਰਾਣੇ ਅਖ਼ਬਾਰਾਂ ’ਚ ਲਿਖੀ ਇਬਾਰਤ ਇੰਨ-ਬਿੰਨ ਛਾਪੀ ਗਈ ਹੈ।)