ਛੱਜੂਮਾਜਰਾ ਵਾਸੀਆਂ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਨਾਅਰੇਬਾਜ਼ੀ
ਸ਼ਸ਼ੀ ਪਾਲ ਜੈਨ
ਖਰੜ, 22 ਅਪਰੈਲ
ਖਰੜ ਨਗਰ ਕੌਸਲ ਅਧੀਨ ਪੈਂਦੇ ਪਿੰਡ ਛੱਜੂਮਾਜਰਾ ਵਾਸੀਆਂ ਨੇ ਲੰਬੇ ਸਮੇਂ ਤੋਂ ਲਮਕਦੀਆਂ ਮੰਗਾਂ ਸਬੰਧੀ ਅੱਜ ਨਗਰ ਕੌਸਲ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਸੁਖਬੀਰ ਸਿੰਘ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿਘ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਇੱਕ ਸਾਲ ਪਹਿਲਾਂ ਪਿੰਡ ਵਿਚ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ ਸੀ ਪਰ ਖਰੜ ਦੇ ਐੱਸਡੀਐੱਮ ਵਲੋਂ ਭਰੋਸਾ ਦੇਣ ਧਰਨਾ ਚੁੱਕ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਸਾਲ ਦੌਰਾਨ ਵੀ ਕੋਈ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿੰਡ ਵਿਚ ਇੱਕ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਪਰ ਪਿੰਡ ਵਾਸੀਆਂ ਵਲੋਂ ਪਿਛਲੇ ਤਿੰਨ ਮਹੀਨੇ ਪਹਿਲਾਂ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਪਰ ਹੁਣ ਤੱਕ ਕੁਝ ਨਹੀਂ ਹੋਇਆ। ਪਿੰਡ ਦੇ ਰਸਤੇ ਖਤਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ 27 ਸਾਲ ਪਹਿਲਾਂ ਲੱਗਿਆ ਟਿਊਬਵੈੱਲ ਗੰਦਾ ਪਾਣੀ ਦੇ ਰਿਹਾ ਹੈ ਤੇ ਪਿੰਡ ਦੇ ਟੋਬੇ ਗੰਦਗੀ ਨਾਲ ਭਰੇ ਹਨ। ਉਨ੍ਹਾਂ ਕਿਹਾ ਕਿ ਸੰਤੇਮਾਜਰਾ ਤੋਂ ਛੱਜੂਮਾਜਰਾ ਚੌਕ ਵਾਲੀ ਸੜਕ ਪਿਛਲੇ ਸੱਤ ਮਹੀਨੇ ਤੋਂ ਬਹੁਤ ਬੁਰੀ ਹਾਲਤ ਵਿਚ ਹੈ। ਪਿੰਡ ਵਿਚ ਹੁਣ ਤੱਕ ਖੇਡ ਸਟੇਡੀਅਮ ਦੀ ਉਸਾਰੀ ਨਹੀਂ ਹੋ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਸ ਸਾਲਾਂ ਦੌਰਾਨ ਪਿੰਡ ਵਿਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ। ਇਸੇ ਦੌਰਾਨ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਵੀ ਜਿੰਦਲ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇਗੀ।