ਚੰਨ ਵਾਂਗ ਚਮਕੀ ਚਾਂਦ ਬਰਕ
ਅੰਗਰੇਜ ਸਿੰਘ
ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਚਰਿੱਤਰ ਭੂਮਿਕਾਵਾਂ ਨਿਭਾ ਕੇ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਚਾਂਦ ਬਰਕ ਪੰਜਾਹਵਿਆਂ ਅਤੇ ਸੱਠਵਿਆਂ ਵਿੱਚ ਭਾਰਤੀ ਫਿਲਮ ਜਗਤ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਸੀ। ਮੌਜੂਦਾ ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਉਸ ਦਾ ਪੋਤਾ ਹੈ।
ਚਾਂਦ ਬਰਕ ਨੇ ਰਾਜ ਕਪੂਰ ਦੀ ਪ੍ਰਸਿੱਧ ਫਿਲਮ ‘ਬੂਟ ਪੌਲਿਸ਼’ ਵਿੱਚ ਚਾਚੀ ਕਮਲਾ ਦਾ ਕਮਾਲ ਦਾ ਕਿਰਦਾਰ ਨਿਭਾ ਕੇ ਸਿਨੇ ਪ੍ਰੇਮੀਆਂ ਦੇ ਮਨਾਂ ਉੱਪਰ ਗਹਿਰੀ ਛਾਪ ਛੱਡੀ ਸੀ। ਉਸ ਨੂੰ ਆਪਣੇ ਬਿਹਤਰੀਨ ਡਾਂਸ ਕਰਕੇ ਪੰਜਾਬ ਦੀ ਡਾਸਿੰਗ ਲਿਲੀ ਕਹਿ ਕੇ ਵੀ ਬੁਲਾਇਆ ਜਾਂਦਾ ਸੀ। 1958 ਵਿੱਚ ਰਿਲੀਜ਼ ਹੋਈ ਸੁਪਰਹਿੱਟ ਹਿੰਦੀ ਫਿਲਮ ‘ਸੋਹਣੀ ਮਹੀਂਵਾਲ’ ਵਿੱਚ ਚਾਂਦ ਨੇ ਸੋਹਣੀ ਦੀ ਨਣਦ ਜੰਨਤ ਦਾ ਕਿਰਦਾਰ ਅਦਾ ਕੀਤਾ ਸੀ। ਇਸ ਨਾਂਹਪੱਖੀ ਕਿਰਦਾਰ ਨੂੰ ਚਾਂਦ ਨੇ ਆਪਣੀ ਬੇਮਿਸਾਲ ਅਦਾਕਾਰੀ ਨਾਲ ਜਿਸ ਸ਼ਿੱਦਤ ਨਾਲ ਨਿਭਾਇਆ ਸੀ, ਉਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਓਨੀ ਹੀ ਘੱਟ ਹੈ।
ਚਾਂਦ ਬਰਕ ਦਾ ਜਨਮ 2 ਫਰਵਰੀ 1932 ਨੂੰ ਅਣਵੰਡੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਲਾਇਲਪੁਰ ਹੁਣ ਫ਼ੈਸਲਾਬਾਦ (ਪਾਕਿਸਤਾਨ) ਵਿੱਚ ਪੰਜਾਬੀ ਇਸਾਈ ਪਰਿਵਾਰ ਵਿੱਚ ਹੋਇਆ। ਬਾਰਾਂ ਭੈਣ ਭਰਾਵਾਂ ਵਿੱਚੋਂ ਉਹ ਸਭ ਤੋਂ ਛੋਟੀ ਸੀ ਜਿਸ ਨੂੰ ਬਚਪਨ ਤੋਂ ਹੀ ਅਦਾਕਾਰੀ ਅਤੇ ਡਾਂਸ ਦਾ ਸ਼ੌਕ ਸੀ। ਪੜ੍ਹਾਈ ਵਿੱਚ ਵੀ ਹੁਸ਼ਿਆਰ ਚਾਂਦ ਪੜ੍ਹੇ ਲਿਖੇ ਪਰਿਵਾਰ ਨਾਲ ਸਬੰਧ ਰੱਖਦੀ ਸੀ। ਚਾਂਦ ਦੇ ਪਿਤਾ ਜਨਾਬ ਖੈਰੂਦੀਨ ਪਿੰਡ ਦੇ ਪਹਿਲੇ ਗ੍ਰੈਜੂਏਟ ਸਨ। ਉਹ ਸਕੂਲ ਦੇ ਹੈੱਡਮਾਸਟਰ ਸਨ ਤੇ ਨਾਲ ਹੀ ਉਨ੍ਹਾਂ ਨੂੰ ਉਰਦੂ ਸ਼ਾਇਰੀ ਲਿਖਣ ਦਾ ਵੀ ਸ਼ੌਕ ਸੀ। ਉਨ੍ਹਾਂ ਨੇ ਆਪਣਾ ਤਖੱਲਸ ਬਰਕ (ਭਾਵ ਰੌਸ਼ਨੀ) ਦੀ ਵਰਤੋਂ ਕਰਕੇ ਅਨੇਕਾਂ ਲਿਖਤਾਂ ਲਿਖੀਆਂ ਜਿਸ ਨੂੰ ਬਾਅਦ ਵਿੱਚ ਚਾਂਦ ਨੇ ਵੀ ਅਪਣਾ ਲਿਆ। ਚਾਂਦ ਦਾ ਵੱਡਾ ਭਰਾ ਸੈਮੁਅਲ ਮਾਰਟਿਨ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਉਨ੍ਹਾਂ ਸਮਿਆਂ ਵਿੱਚ ਗੋਰਿਆਂ ਦੇ ਬਰਾਬਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਲੱਗ ਗਿਆ ਸੀ। ਮਾਰਟਿਨ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਜ਼ਾਦੀ ਤੋਂ ਬਾਅਦ ਚਾਂਦ ਦਾ ਪਰਿਵਾਰ ਭਾਰਤ ਆ ਗਿਆ।

ਚਾਂਦ ਨੇ 1946 ਵਿੱਚ ਮਹੇਸ਼ਵਰੀ ਪਿਕਚਰਜ਼ ਦੀ ਲਾਹੌਰ ਵਿੱਚ ਬਣੀ ਹਿੰਦੀ ਫਿਲਮ ‘ਕਹਾਂ ਗਏ’ ਨਾਲ ਫਿਲਮ ਉਦਯੋਗ ਵਿੱਚ ਪ੍ਰਵੇਸ਼ ਕੀਤਾ। ਨਿਰਮਾਤਾ ਜੇ. ਐੱਨ. ਮਹੇਸ਼ਵਰੀ ਦੀ ਇਹ ਫਿਲਮ ਜ਼ਹੀਰ ਕਸ਼ਮੀਰੀ ਅਤੇ ਰਜਿੰਦਰ ਸਿੰਘ ਬੇਦੀ ਦੁਆਰਾ ਲਿਖੀ ਗਈ ਸੀ ਅਤੇ ਫਿਲਮ ਨੂੰ ਨਿਰਦੇਸ਼ਿਤ ਕੀਤਾ ਸੀ ਨਿਰੰਜਨ ਨੇ। ਲੱਛੀ ਰਾਮ ਅਤੇ ਅਨੁਪਮ ਘਟਕ ਦੇ ਸੰਗੀਤ ਨਾਲ ਸਜੀ ਇਹ ਫਿਲਮ ਲਾਹੌਰ ਵਿੱਚ 3 ਜਨਵਰੀ 1947 ਨੂੰ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਸ ਨੇ ਲਾਹੌਰ ਵਿੱਚ ਬਣੀਆਂ ਕੁਝ ਹੋਰ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਵਿੱਚ ਪ੍ਰਮੁੱਖ ਸਨ 1947 ਵਿੱਚ ਰਿਲੀਜ਼ ਹੋਈ ਨਿਰਦੇਸ਼ਕ ਨਿਰੰਜਨ ਦੀ ਫਿਲਮ ‘ਫਰਜ਼’ ਅਤੇ 1947 ਵਿੱਚ ਹੀ ਰਿਲੀਜ਼ ਹੋਈ ਨਿਰਦੇਸ਼ਕ ਮਹਿੰਦਰ ਗਿੱਲ ਅਤੇ ਅਦਾਕਾਰ ਪ੍ਰਾਣ, ਚਾਂਦ ਬਰਕ, ਖੁਰਸ਼ੀਦ, ਨਿਰੰਜਨ, ਵੀਨਾ ਅਤੇ ਬੀਨਾ ਅਭਿਨੀਤ ਫਿਲਮ ‘ਮੋਹਣੀ’। ਇਹ ਫਿਲਮ ਲਾਹੌਰ ਵਿੱਚ ਬਣਨੀ ਸ਼ੁਰੂ ਹੋਈ ਸੀ, ਪਰ ਦੇਸ਼ ਵੰਡ ਤੋਂ ਬਾਅਦ ਇਸ ਨੂੰ ਬੰਬਈ ਵਿੱਚ ਨਿਰਦੇਸ਼ਕ ਨਿਰੰਜਨ ਨੇ ਪੂਰਾ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਚਾਂਦ ਬਰਕ ਲਾਹੌਰ ਫਿਲਮ ਇੰਡਸਟਰੀ ਛੱਡ ਕੇ ਬੰਬਈ ਚਲੀ ਗਈ ਜਿੱਥੇ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਬਹੁਤ ਜੱਦੋ ਜਹਿਦ ਕਰਨੀ ਪਈ।
ਚੁਣੌਤੀਆਂ ਦੇ ਬਾਵਜੂਦ ਉਸ ਨੇ ਫਿਲਮਾਂ ਵਿੱਚ ਕੰਮ ਕਰਨਾ ਜਾਰੀ ਰੱਖਿਆ ਅਤੇ ਹਿੰਦੀ ਫਿਲਮ ‘ਦੁਖਿਆਰੀ’ (1948), ‘ਸਬਜ਼ਬਾਗ’ (1951), ਪੰਜਾਬੀ ਫਿਲਮ ‘ਪੋਸਤੀ’ (1951) ਅਤੇ ‘ਕੌਡੇ ਸ਼ਾਹ’ (1953) ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਫਿਰ ਉਸ ਨੂੰ ਰਾਜ ਕਪੂਰ ਦੇ ਆਰ. ਕੇ. ਬੈਨਰ ਦੀ ਵੱਡੀ ਫਿਲਮ ‘ਬੂਟ ਪੌਲਿਸ਼’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। 1954 ਵਿੱਚ ਬਣੀ ਇਸ ਫਿਲਮ ਵਿੱਚ ਬੇਸਹਾਰਾ ਬੱਚਿਆਂ ਦੀ ਹੋਂਦ ਲਈ ਸੰਘਰਸ਼ ਅਤੇ ਭਿਖਾਰੀਆਂ ਦੇ ਸਮੂਹਾਂ ਵਿਰੁੱਧ ਉਨ੍ਹਾਂ ਦੀ ਲੜਾਈ ਨੂੰ ਦਰਸਾਇਆ ਗਿਆ ਸੀ। ਇਸ ਫਿਲਮ ਵਿੱਚ ਨਿਭਾਏ ਕਿਰਦਾਰ ਨਾਲ ਚਾਂਦ ਨੂੰ ਇੱਕ ਅਲੱਗ ਪਹਿਚਾਣ ਮਿਲੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਸ ਨੇ ਕਈ ਯਾਦਗਾਰੀ ਫਿਲਮਾਂ ਵਿੱਚ ਕੰਮ ਕਰ ਕੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ 1954 ਵਿੱਚ ਰਿਲੀਜ਼ ਹੋਈਆਂ ਫਿਲਮਾਂ ‘ਵਣਜਾਰਾ’ ਅਤੇ ‘ਸ਼ਾਹ ਜੀ’ (ਪੰਜਾਬੀ ਫਿਲਮ), ‘ਗੁੱਲ ਬਹਾਰ’, ‘ਅਮਰ ਕੀਰਤਨ’ ਅਤੇ ‘ਫੇਰੀ’, 1955 ਵਿੱਚ ‘ਸ਼ਾਹੀ ਚੋਰ’, ‘ਰਫ਼ਤਾਰ’, ‘ਬਸੰਤ ਬਹਾਰ’, 1957 ਵਿੱਚ ‘ਦੁਸ਼ਮਣ’, 1958 ਵਿੱਚ ‘ਸੋਹਣੀ ਮਹੀਂਵਾਲ’, ‘ਲਾਜਵੰਤੀ’ ਅਤੇ ‘ਅਦਾਲਤ’, 1959 ਵਿੱਚ ‘ਪ੍ਰਦੇਸੀ ਢੋਲਾ’ ਅਤੇ ‘ਰੇਸ਼ਮਾ’, 1960 ਵਿੱਚ ‘ਸ਼ਰਵਣ ਕੁਮਾਰ’, ‘ਰੰਗੀਲਾ ਰਾਜਾ’, ‘ਘਰ ਕੀ ਲਾਜ’, ‘ਪਗੜੀ ਸੰਭਾਲ ਜੱਟਾ’ (ਪੰਜਾਬੀ ਫਿਲਮ), 1961 ਵਿੱਚ ‘ਪੰਜਾਬੀ ਫਿਲਮ ‘ਬਿੱਲੋ’, 1962 ਵਿੱਚ ‘ਪਰਦੇਸੀ ਢੋਲਾ’ ਆਦਿ ਪ੍ਰਮੁੱਖ ਹਨ।
ਚਾਂਦ ਦਾ ਪਹਿਲਾ ਵਿਆਹ ਉਸ ਦੇ ਫਿਲਮੀ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹੀ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਨਿਰੰਜਨ ਨਾਲ ਹੋ ਗਿਆ ਸੀ ਜਿਸ ਨੇ ਚਾਂਦ ਦੀ ਪਹਿਲੀ ਫਿਲਮ ਦਾ ਨਿਰਦੇਸ਼ਨ ਵੀ ਦਿੱਤਾ ਸੀ। ਲਾਹੌਰ ਤੋਂ ਬੰਬਈ ਆਉਣ ਤੋਂ ਬਾਅਦ ਫਿਲਮੀ ਕਰੀਅਰ ਵਾਂਗ ਘਰੇਲੂ ਜੀਵਨ ਵਿੱਚ ਵੀ ਚਾਂਦ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ 1954 ਵਿੱਚ ਤਲਾਕ ਹੋਣਾ ਵੀ ਸ਼ਾਮਲ ਸੀ। ਪਹਿਲੇ ਪਤੀ ਤੋਂ ਵੱਖ ਹੋ ਕੇ ਚਾਂਦ ਨੇ 1955 ਵਿੱਚ ਬੰਬਈ ਦੇ ਉੱਘੇ ਕਾਰੋਬਾਰੀ ਸੁੰਦਰ ਸਿੰਘ ਭਵਨਾਨੀ ਨਾਲ ਵਿਆਹ ਕਰਾ ਲਿਆ। ਇਨ੍ਹਾਂ ਦੇ ਘਰੇ ਦੋ ਬੱਚੇ ਹੋਏ ਧੀ ਟੋਨੀਆ ਅਤੇ ਪੁੱਤਰ ਜਗਜੀਤ ਸਿੰਘ ਭਵਨਾਨੀ। ਚਾਂਦ ਦੀ ਦਿਲੀ ਖਾਹਿਸ਼ ਸੀ ਕਿ ਉਸ ਦਾ ਪੁੱਤਰ ਵੀ ਫਿਲਮਾਂ ਵਿੱਚ ਅਦਾਕਾਰੀ ਕਰੇ, ਪਰ ਜਗਜੀਤ ਸਿੰਘ ਭਵਨਾਨੀ ਨੇ ਫਿਲਮ ਉਦਯੋਗ ਵਿੱਚ ਕੰਮ ਕਰਨ ਦੀ ਬਜਾਏ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਕਰੀਅਰ ਬਣਾਇਆ। ਚਾਂਦ ਦੀ ਅਧੂਰੀ ਖਾਹਿਸ਼ ਨੂੰ ਪੂਰਾ ਕੀਤਾ ਉਸ ਦੇ ਪੋਤੇ ਭਾਵ ਜਗਜੀਤ ਸਿੰਘ ਭਵਨਾਨੀ ਦੇ ਪੁੱਤਰ ਰਣਵੀਰ ਸਿੰਘ ਨੇ ਜਿਸ ਨੇ ਬੌਲੀਵੁੱਡ ਵਿੱਚ ਬਤੌਰ ਮੁੱਖ ਅਦਾਕਾਰ ਕਦਮ ਰੱਖਿਆ ਅਤੇ ਆਪਣੀ ਦਮਦਾਰ ਅਦਾਕਾਰੀ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ।
ਚਾਂਦ ਬਰਕ ਦਾ 28 ਦਸੰਬਰ 2008 ਨੂੰ 76 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਹਿੰਦੀ ਅਤੇ ਪੰਜਾਬੀ ਸਿਨੇਮਾ ਵਿੱਚ ਪਾਏ ਅਣਮੁੱਲੇ ਯੋਗਦਾਨ ਬਦਲੇ ਉਸ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।
ਸੰਪਰਕ: 94646-28857