ਚੰਨਣਵਾਲ ਦੇ ਟੁੱਟੇ ਰਜਬਾਹੇ ਦਾ ਮਾਮਲਾ ਵਿਧਾਨ ਸਭਾ ’ਚ ਗੂੰਜਿਆ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 28 ਮਾਰਚ
ਪਿੰਡ ਚੰਨਣਵਾਲ ਦੇ ਟੁੱਟੇ ਰਜਬਾਹੇ ਦੇ ਮਾਮਲੇ ਦੀ ਗੂੰਜ ਅੱਜ ਪੰਜਾਬ ਵਿਧਾਨ ਸਭਾ ਵਿੱਚ ਪਈ। ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਇਸ ਮਾਮਲੇ ਦੀ ਜਾਂਚ ਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਮੰਗਿਆ।
ਉਨ੍ਹਾਂ ਕਿਹਾ ਕਿ ਬਠਿੰਡਾ ਬ੍ਰਾਂਚ ਦਾ ਸ਼ਹਿਣਾ ਰਜਬਾਹਾ ਕਰੀਬ ਅੱਠ ਮਹੀਨੇ ਪਹਿਲਾਂ ਬਣਾਇਆ ਗਿਆ ਸੀ, ਜੋ ਪਿੰਡ ਚੰਨਣਵਾਲ ’ਚ ਦੋ ਦਿਨ ਪਹਿਲਾਂ ਟੁੱਟ ਗਿਆ ਜਿਸ ਕਾਰਨ ਕਿਸਾਨਾਂ ਦੀ ਪੱਕੀ ਖੜ੍ਹੀ ਫਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਰਜਬਾਹਾ ਬਣਾਉਣ ਵਾਲੇ ਠੇਕੇਦਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਸਰਕਾਰ ਤੋਂ ਮੰਗ ਕੀਤੀ ਅਤੇ ਫ਼ਸਲਾਂ ਦੇ ਨੁਕਸਾਨ ਸਬੰਧੀ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਕਾਲਾ ਢਿੱਲੋਂ ਦੇ ਸਵਾਲ ਉਪਰ ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਅਤੇ ਠੇਕੇਦਾਰ ਵਿਰੁੱਧ ਜਾਂਚ ਕਰਕੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕਾਂਗਰਸੀ ਵਿਧਾਇਕ ਵੱਲੋਂ ਮੁੱਦਾ ਉਠਾਏ ਜਾਣ ’ਤੇ ਪਿੰਡ ਚੰਨਣਵਾਲ ਦੇ ਸਰਪੰਚ ਗੁਰਜੰਟ ਸਿੰਘ ਧਾਲੀਵਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਪੀੜਤ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੇਵੇ। ਉਨ੍ਹਾਂ ਦੱਸਿਆ ਕਿ ਟੁੱਟੇ ਰਜਵਾਹੇ ਦੇ ਕੰਮ ਨੂੰ ਠੇਕੇਦਾਰ ਵੱਲੋਂ ਕੰਕਰੀਟ ਭਰ ਕੇ ਬੰਦ ਕਰਕੇ ਰਜਵਾਹਾ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ।