ਚੰਦਨ ਇੰਗਲੈਂਡ ’ਚ ਵੀ ਪੰਜਾਬ ਤੇ ਪੰਜਾਬੀਅਤ ਲਈ ਚਿੰਤਤ: ਸਿਰਸਾ
ਹਰਦੇਵ ਚੌਹਾਨ
ਚੰਡੀਗੜ੍ਹ, 8 ਅਪਰੈਲ
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ, ਪੀਜੀ ਸਰਕਾਰੀ ਕਾਲਜ ਸੈਕਟਰ 11, ਚੰਡੀਗੜ੍ਹ ਵਿੱਚ ਅਮਰਜੀਤ ਚੰਦਨ ਦੀ ਸਵੈ ਜੀਵਨੀ ਮੂਲਕ ਪੁਸਤਕ ‘ਅਮਰਜੀਤ ਚੰਦਨ ਦੀ ਜੀਵਨ ਪਤ੍ਰੀ’ ਉੱਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜਬੀਰ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਡਾ. ਸੁਖਦੇਵ ਸਿੰਘ ਸਿਰਸਾ ਸ਼ਾਮਲ ਹੋਏ। ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਕੈਡਮੀ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਚੰਦਨ ਇੰਗਲੈਂਡ ਵਸਦਾ ਹੋਇਆ ਵੀ ਪੰਜਾਬ ਤੇ ਪੰਜਾਬੀਅਤ ਲਈ ਫਿਕਰਮੰਦ ਰਹਿੰਦਾ ਹੈ। ਸਮਾਗਮ ਵਿੱਚ ਪੰਜਾਬੀ ਵਿਭਾਗ ਤੋਂ ਤਿੰਨ ਪ੍ਰਾਧਿਆਪਕਾਂ ਨੇ ਖੋਜ ਪੱਤਰ ਪੇਸ਼ ਕੀਤੇ। ਡਾ. ਪਰਮਜੀਤ ਸਿੰਘ ਨੇ ਪਾਸ਼, ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ਕਵਿਤਾ ਦੇ ਹਵਾਲੇ ਨਾਲ ਚਰਚਾ ਕੀਤੀ। ਦੂਜੇ ਪਰਚੇ ਵਿੱਚ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ‘ਅਮਰਜੀਤ ਚੰਦਨ ਦੀ ਜੀਵਨ ਪਤ੍ਰੀ’ ਪੰਜਾਬ ਦੀਆਂ ਜਿਹਨੀ ਗੰਢਾਂ ਦਾ ਦਸਤਾਵੇਜ਼ ਹੈ। ਡਾ. ਪ੍ਰਕਾਸ਼ ਸਿੰਘ ਨੇ ਨਵ ਪੂੰਜੀਵਾਦ ਦੇ ਹਵਾਲੇ ਨਾਲ ਪੁਸਤਕ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਡਾ. ਰੌਣਕੀ ਰਾਮ, ਡਾ. ਮੇਘਾ ਸਿੰਘ, ਬਲਵਿੰਦਰ ਗਰੇਵਾਲ, ਸੁਰਿੰਦਰ ਜੈਪਾਲ ਤੇ ਸੁਨੈਨੀ ਸ਼ਰਮਾ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਡਾ. ਸਵਰਾਜਬੀਰ ਨੇ ਕਿਹਾ ਕਿ ਅਮਰਜੀਤ ਚੰਦਨ ਪੰਜਾਬ ਦੀ ਖੱਬੇ ਪੱਖੀ ਲਹਿਰ ਦਾ ਚਿੰਤਕ ਹੈ। ਉਸ ਨੇ ਇਸ ਪੁਸਤਕ ਰਾਹੀਂ ਅਤੀਤ ਦੇ ਉਨ੍ਹਾਂ ਬਿੰਦੂਆਂ ਨੂੰ ਮੁੜ ਸਮਝਣ, ਵਿਚਾਰਨ ਤੇ ਲੋਕਾਂ ਅੱਗੇ ਲਿਆਉਣ ਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਉਠਾਇਆ ਹੈ।
ਸਮਾਗਮ ਵਿੱਚ ਸੁਰਿੰਦਰ ਗਿੱਲ, ਗੁਰਦੇਵ ਸਿੰਘ ਸਿੱਧੂ, ਗੁਰਦੇਵ ਚੌਹਾਨ, ਐੱਸਪੀ ਸਿੰਘ, ਪਰਮਜੀਤ ਮਾਨ, ਭੂਪਿੰਦਰ ਮਲਿਕ, ਜਸਵੀਰ ਸਮਰ, ਮਾਨਵ, ਜਸ਼ਨਪ੍ਰੀਤ ਕੌਰ, ਸੰਦੀਪ ਕੌਰ, ਰਣਜੀਤ ਕੌਰ, ਪ੍ਰੋ. ਦਿਲਬਾਗ ਸਿੰਘ, ਪ੍ਰੋ. ਪ੍ਰੇਮ ਲਤਾ ਤੇ ਕਰਮ ਸਿੰਘ ਵਕੀਲ ਹਾਜ਼ਰ ਸਨ। ਮੰਚ ਸੰਚਾਲਨ ਡਾ. ਜਸਬੀਰ ਕੌਰ ਨੇ ਕੀਤਾ। ਸਵਾਗਤੀ ਤੇ ਧੰਨਵਾਦੀ ਸ਼ਬਦ ਵਿਭਾਗ ਦੇ ਮੁਖੀ ਡਾ. ਗੁਰਮੇਲ ਸਿੰਘ ਨੇ ਕਹੇ।