ਚੰਡੀਗੜ੍ਹ ਪਾਸਪੋਰਟ ਦਫ਼ਤਰ ਦਾ ਸਰਵਰ ਡਾਊਨ, ਲੋਕ ਪ੍ਰੇਸ਼ਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਪਰੈਲ
ਇੱਥੋਂ ਦੇ ਇੰਡਸਟਰੀਅਲ ਏਰੀਆ ਸਥਿਤ ਪਾਸਪੋਰਟ ਦਫ਼ਤਰ ਵਿੱਚ ਸਵੇਰ ਤੋਂ ਸਰਵਰ ਡਾਊਨ ਹੋਣ ਕਰਕੇ ਪਾਸਪੋਰਟ ਵੈਰੀਫਿਕੇਸ਼ਨ ਲਈ ਆਉਣ ਵਾਲੇ ਲੋਕਾਂ ਨੂੂੰ ਖੱਜਲ-ਖੁਆਰ ਹੋਣਾ ਪਿਆ। ਪਾਸਪੋਰਟ ਦਫ਼ਤਰ ਦਾ ਸਰਵਰ ਡਾਊਨ ਹੋਣ ਕਰਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਲੋਕਾਂ ਨੂੰ ਕਈ-ਕਈ ਘੰਟੇ ਪਾਸਪੋਰਟ ਦਫ਼ਤਰ ਦੇ ਬਾਹਰ ਇੰਤਜ਼ਾਰ ਕਰਨਾ ਪਿਆ। ਇਹ ਸਰਵਰ ਦੁਪਹਿਰੇ 12.30 ਤੋਂ 1 ਵਜੇ ਦੇ ਵਿਚਕਾਰ ਜਾ ਕੇ ਮੁੜ ਤੋਂ ਚੱਲ ਸਕਿਆ ਹੈ, ਜਿਸ ਤੋਂ ਬਾਅਦ ਹੀ ਪਾਸਪੋਰਟ ਦਫ਼ਤਰ ਦਾ ਕੰਮ ਅੱਗੇ ਤੁਰਿਆ।
ਜਾਣਕਾਰੀ ਅਨੁਸਾਰ ਪਾਸਪੋਰਟ ਦਫ਼ਤਰ ਵੱਲੋਂ ਰੋਜ਼ਾਨਾ ਵਾਂਗ ਅੱਜ ਸਵੇਰੇ 9 ਵਜੇ ਤੋਂ ਲੋਕਾਂ ਨੂੰ ਪਾਸਪੋਰਟ ਵੈਰੀਫਿਕੇਸ਼ਨ ਲਈ ਸੱਦਿਆ ਹੋਇਆ ਸੀ, ਪਰ ਜਿਵੇਂ ਹੀ ਲੋਕ ਸਵੇਰੇ ਪਹੁੰਚਣੇ ਸ਼ੁਰੂ ਹੋਏ ਤਾਂ ਪਾਸਪੋਰਟ ਦਫ਼ਤਰ ਦਾ ਸਰਵਰ ਡਾਊਨ ਹੋ ਗਿਆ। ਸਰਵਰ ਡਾਊਨ ਹੋਣ ਕਰਕੇ ਪਾਸਪੋਰਟ ਦਫ਼ਤਰ ਦਾ ਸਾਰਾ ਕੰਮਕਾਜ ਵਿਚਕਾਰ ਹੀ ਠੱਪ ਹੋ ਗਿਆ, ਜਿਸ ਕਰਕੇ ਚੰਡੀਗੜ੍ਹ ਆਏ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਨ੍ਹਾਂ ਨੂੰ ਅਤਿ ਦੀ ਗਰਮੀ ਦੇ ਵਿੱਚ ਪਾਸਪੋਰਟ ਦਫ਼ਤਰ ਦੇ ਬਾਹਰ ਕਈ-ਕਈ ਘੰਟੇ ਖੱਜਲ-ਖੁਆਰ ਹੋਣਾ ਪਿਆ ਹੈ।ਇਸ ਦੌਰਾਨ ਕਰਨਾਲ ਤੋਂ ਆਏ ਮਨੀਸ਼ ਕੁਮਾਰ ਨੇ ਕਿਹਾ ਕਿ ਉਸ ਨੂੰ ਸਵੇਰੇ ਸੱਦਿਆ ਗਿਆ ਸੀ, ਪਰ ਪਾਸਪੋਰਟ ਦਫ਼ਤਰ ਦਾ ਸਰਵਰ ਡਾਊਨ ਹੋਣ ਕਰਕੇ ਉਸ ਨੂੰ ਬਾਹਰ ਹੀ ਰੋਕਿਆ ਗਿਆ। ਇਸੇ ਤਰ੍ਹਾਂ ਫਤਿਆਬਾਦ, ਮੋਗਾ, ਹਿਸਾਰ, ਕਰਨਾਲ, ਸੰਗਰੂਰ, ਪਟਿਆਲਾ ਸਣੇ ਵੱਖ-ਵੱਖ ਥਾਵਾਂ ਤੋਂ ਲੋਕ ਪਾਸਪੋਰਟ ਦਫ਼ਤਰ ਪਹੁੰਚੇ ਸਨ।