ਚੰਡੀਗੜ੍ਹ ’ਚ ਸਿਨੇਮਾ ਘਰ ਮਰਜ਼ੀ ਨਾਲ ਟਿਕਟ ਦੀਆਂ ਕੀਮਤਾਂ ’ਚ ਕਰ ਸਕਣਗੇ ਬਦਲਾਅ
ਆਤਿਸ਼ ਗੁਪਤਾ
ਚੰਡੀਗੜ੍ਹ, 19 ਅਪਰੈਲ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੁਹਾਲੀ ਤੇ ਪੰਚਕੂਲਾ ਵਾਂਗ ਸਿਨੇਮਾ ਘਰ ਆਪਣੀ ਮਰਜ਼ੀ ਨਾਲ ਫ਼ਿਲਮਾਂ ਦੀਆਂ ਟਿਕਟਾਂ ਦੀਆਂ ਕੀਮਤਾਂ ’ਚ ਬਦਾਅ ਕਰ ਸਕਣਗੇ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਜਲਦੀ ਹੀ ਨੀਤੀ ਤਿਆਰ ਕੀਤੀ ਜਾਵੇਗੀ। ਇਸ ਨੀਤੀ ਅਨੁਸਾਰ ਸਿਨੇਮਾ ਘਰ ਮਾਲਕ ਟਿਕਟ ਦੀ ਮੰਗ ਦੇ ਆਧਾਰ ’ਤੇ ਟਿਕਟ ਦੀਆਂ ਕੀਮਤਾਂ ਘਟਾ ਤੇ ਵਧਾ ਸਕਣਗੇ। ਇਸ ਲਈ ਯੂਟੀ ਪ੍ਰਸ਼ਾਸਨ ਨੇ ਨੀਤੀ ਦਾ ਖਰੜਾ ਤਿਆਰ ਕਰਕੇ ਸੀਨੀਅਰ ਅਧਿਕਾਰੀ ਕੋਲ ਭੇਜਿਆ ਸੀ, ਜਿਨ੍ਹਾਂ ਨੇ ਨੀਤੀ ਵਿੱਚ ਕੁਝ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਯੂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਸੀਨੀਅਰ ਅਧਿਕਾਰ ਵੇਖ ਰਹੇ ਹਨ ਕਿ ਨਵੀਂ ਨੀਤੀ ਦੇ ਆਉਣ ਨਾਲ ਯੂਟੀ ਪ੍ਰਸ਼ਾਸਨ ਦੇ ਮਾਲੀਏ ’ਤੇ ਕੋਈ ਪ੍ਰਭਾਵ ਤਾਂ ਨਹੀਂ ਪਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸਿਨੇਮਾ ਘਰ ਮੌਜੂਦਾ ਸਮੇਂ ਸ਼ਹਿਰ ਵਿੱਚ ਸਿਰਫ਼ ਦੋ ਵਾਰ ਟਿਕਟਾਂ ਦੀਆਂ ਕੀਮਤਾਂ ਵਿੱਚ ਬਦਾਅ ਕਰ ਸਕਦੇ ਹਨ, ਜਦੋਂ ਕਿ ਨਵੀਂ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਉਹ ਟਿਕਟ ਦੀ ਮੰਗ ਦੇਖਦਿਆਂ ਜਾਂ ਛੁੱਟੀ ਵਾਲੇ ਦਿਨਾਂ ਨੂੰ ਧਿਆਨ ਵਿੱਚ ਰੱਖਦਿਆਂ ਫਿਲਮ ਦੀਆਂ ਟਿਕਟਾਂ ਵਿੱਚ ਬਦਲਾਅ ਕਰ ਸਕਣਗੇ। ਇਸ ਨਵੀਂ ਨੀਤੀ ਅਨੁਸਾਰ ਸਿਨੇਮਾ ਘਰ ਮਾਲਕ ਇਕੋ ਸਮੇਂ ਵੱਖ-ਵੱਖ ਫਿਲਮਾਂ ਲਈ ਵੱਖ-ਵੱਖ ਕੀਮਤਾਂ ਵੀ ਵਸੂਲ ਸਕਣਗੇ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਸਿਨੇਮਾ ਘਰਾਂ ਵਿੱਚ ਟਿਕਟਾਂ ਦੀਆਂ ਕੀਮਤਾਂ ਵਿੱਚ ਬਦਲਾਅ ਲਈ ਤਿਆਰ ਕੀਤੀ ਜਾਣ ਵਾਲੀ ਨਵੀਂ ਨੀਤੀ ਦਰਸ਼ਕਾਂ ਅਤੇ ਖਜ਼ਾਨੇ ਦੋਵਾਂ ਨੂੰ ਲਾਭ ਪਹੁੰਚਾਏਗੀ।