ਚੋਣਾਂ ਨੂੰ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਸਹੁੰ ਨਾ ਚੁਕਵਾਉਣ ਤੋਂ ਖਫ਼ਾ ਕਾਂਗਰਸੀ ਕੌਂਸਲਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਅਪਰੈਲ
ਸੰਗਰੂਰ ਸ਼ਹਿਰ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਦੇ 9 ਕੌਂਸਲਰਾਂ ਵਲੋਂ ਅੱਜ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਗਿਆ। ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਨਗਰ ਕੌਂਸਲ ਦੀ ਚੋਣ ਨੂੰ ਤਿੰਨ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਪ੍ਰਸ਼ਾਸਨ ਵਲੋਂ ਅਜੇ ਤੱਕ ਉਨ੍ਹਾਂ ਨੂੰ ਕੋਈ ਸਹੁੰ ਚੁਕਾਉਣ ਜਾਂ ਹਾਊਸ ਗਠਿਤ ਕਰਨ ਲਈ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਜਿਸ ਨਾਲ ਜਿਥੇ ਪੰਜਾਬ ਮਿਉਂਸਿਪਲ ਐਕਟ ਦੇ ਨਿਯਮਾਂ ਦੀ ਅਣਦੇਖੀ ਹੋ ਰਹੀ ਹੈ, ਉੱਥੇ ਸ਼ਹਿਰ ਦੇ ਵਿਕਾਸ ਵਿੱਚ ਵੱਡਾ ਅੜਿੱਕਾ ਬਣਿਆ ਹੋਇਆ ਹੈ। ਕਾਂਗਰਸ ਦੇ ਕੌਂਸਲਰਾਂ ਨੇ ਕਿਹਾ ਕਿ ਪੰਜਾਬ ਮਿਉਂਸਿਪਲ ਐਕਟ 1911 ਦੀ ਧਾਰਾ 24 ਦੇ ਅਨੁਸਾਰ ਕੋਈ ਵੀ ਜਿੱਤਿਆ ਮੈਂਬਰ ਸਹੁੰ ਚੁੱਕਣ ਤੋਂ ਬਿਨਾਂ ਵਿਕਾਸ ਸਬੰਧੀ ਕੋਈ ਕੰਮ ਨਹੀਂ ਕਰ ਸਕਦਾ ਜਿਸ ਕਾਰਨ ਉਹ ਕੋਈ ਕੰਮ ਕਰਨ ਤੋਂ ਬਿਲਕੁਲ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਐਕਟ ਮੁਤਾਬਕ ਚੋਣ ਤੋਂ 14 ਦਿਨਾਂ ਦੇ ਅੰਦਰ ਅੰਦਰ ਇਹ ਸਾਰੀ ਕਾਰਵਾਈ ਕਰਵਾਉਣੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਸੰਗਰੂਰ ਪ੍ਰਸ਼ਾਸਨ ਨੇ ਚੋਣ ਨੂੰ ਤਿੰਨ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋਣ ਦੇ ਬਾਵਜੂਦ ਵੀ ਕਿਸੇ ਵੀ ਮੈਂਬਰ ਨੂੰ ਸਹੁੰ ਨਹੀਂ ਚੁਕਵਾਈ। ਉਨ੍ਹਾਂ ਮੰਗ ਕੀਤੀ ਕਿ ਸੰਗਰੂਰ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਵੇ ਕਿ ਛੇਤੀ ਤੋਂ ਛੇਤੀ ਸਾਰੀ ਪ੍ਰਕਿਰਿਆ ਪੂਰੀ ਕਰਕੇ ਕੌਂਸਲ ਮੈਂਬਰਾਂ ਨੂੰ ਸਹੁੰ ਚੁਕਾਉਣ ਤੇ ਨੋਟੀਫਿਕੇਸ਼ਨ ਸਬੰਧੀ ਅਮਲ ਪੂਰਾ ਕੀਤਾ ਜਾਵੇ। ਕਾਂਗਰਸ ਦੇ ਨਗਰ ਕੌਂਸਲਰਾਂ ਵਿੱਚ ਸੁਰਿੰਦਰ ਸਿੰਘ ਭਿੰਡਰ, ਅੰਜੂ ਸ਼ਰਮਾ, ਹਿਮਾਂਸ਼ੂ ਗਾਬਾ, ਬੀਬੀ ਬਲਵੀਰ ਕੌਰ ਸੈਣੀ, ਨੱਥੂ ਲਾਲ ਢੀਂਗਰਾ, ਮਨੋਜ ਕੁਮਾਰ ਮਨੀ ਕਥੂਰੀਆ, ਸੀਮਾ ਚਾਵਲਾ, ਜੋਤੀ ਪ੍ਰਕਾਸ਼ ਗਾਬਾ ਤੇ ਦੀਪਕ ਗੋਇਲ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਰੌਕੀ ਬਾਂਸਲ ਵੀ ਹਾਜ਼ਰ ਸਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਚੋਣ ਜਿੱਤੇ ਨਗਰ ਕੌਂਸਲਰਾਂ ਨੂੰ ਸਹੁੰ ਨਾ ਚੁਕਵਾਉਣਾ ਅਤਿ ਮੰਦਭਾਗਾ ਹੈ। ਉਨ੍ਹਾਂ ਵੀ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਜਿੱਤੇ ਕੌਂਸਲਰਾਂ ਨੂੰ ਸਹੁੰ ਚੁਕਵਾ ਕੇ ਸ਼ਹਿਰ ਵਿੱਚ ਵਿਕਾਸ ਦੇ ਕੰਮ ਆਰੰਭ ਕਰਵਾਏ ਜਾਣ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 29 ਵਾਰਡਾਂ ’ਚੋਂ ਕਾਂਗਰਸ ਦੇ 9, ਭਾਜਪਾ ਦੇ 3, ਆਜ਼ਾਦ 10 ਅਤੇ ਸੱਤਾਧਾਰੀ ‘ਆਪ’ ਦੇ 7 ਕੌਂਸਲਰ ਜਿੱਤੇ ਸਨ। ਇਸ ਤੋਂ ਬਾਅਦ 5 ਆਜ਼ਾਦ ਕੌਂਸਲਰ ‘ਆਪ’ ਸ਼ਾਮਲ ਹੋਣ ਨਾਲ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 12 ਹੋ ਚੁੱਕੀ ਹੈ ਪਰ ਪ੍ਰਧਾਨ ਬਣਾਉਣ ਲਈ ਹਾਲੇ ਵੀ 2 ਹੋਰ ਕੌਂਸਲਰਾਂ ਦੀ ਲੋੜ ਹੈ ਜਿਸ ਕਾਰਨ ਇਹ ਮਾਮਲਾ ਲਟਕਿਆ ਹੋਇਆ ਹੈ।