ਚੀਮਾ ਦਾ ਵਿਰੋਧ ਕਰਨ ਲਈ ਰਾਮਗੜ੍ਹ ਜਵੰਧਾ ਇਕੱਠੇ ਹੋਏ ਕਿਸਾਨ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 11 ਅਪਰੈਲ
ਹਲਕਾ ਦਿੜ੍ਹਬਾ ਦੇ ਪਿੰਡ ਰਾਮਗੜ੍ਹ ਜਵੰਧਾ ਦੇ ਸਰਕਾਰੀ ਸਕੂਲ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਆਉਣ ਦੀ ਖ਼ਬਰ ਮਿਲਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਪਿੰਡ ਰਾਮਗੜ੍ਹ ਜਵੰਧਾ ਇਕੱਠੇ ਹੋ ਗਏ। ਇਸ ਮੌਕੇ ਕਿਸਾਨ ਆਗੂ ਚੱਠਾ ਨੇ ਦੱਸਿਆ ਕਿ 13 ਫਰਵਰੀ 2024 ਤੋਂ ਕਿਸਾਨਾਂ ਦੀ ਦਿੱਲੀ ਕੂਚ ਨੂੰ ਅਸਫ਼ਲ ਕਰਾਉਣ ਅਤੇ ਹੁਣ ਤੱਕ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਧਾਰੀ ਗਈ ਚੁੱਪ ਸਬੰਧੀ ਅੱਜ ਕਿਸਾਨਾਂ ਨੇ ਸ੍ਰੀ ਚੀਮਾ ਨੂੰ ਸਵਾਲ ਕਰਨੇ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਮਾਗਮ ਵਾਲੀ ਥਾਂ ਕਿਸਾਨ ਇਕੱਠ ਹੋਏ ਹਨ ਤਾਂ ਉਨ੍ਹਾਂ ਇਸ ਪਿੰਡ ਆਉਣ ਦਾ ਆਪਣਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ।
ਸ੍ਰੀ ਚੱਠਾ ਨੇ ਕਿਹਾ ਕਿ ਕਿਸਾਨ ਕਿਸੇ ਵੀ ਕੀਮਤ ’ਤੇ ਆਪਣੇ ਸਵਾਲਾਂ ਦੇ ਜਵਾਬ ਲੈ ਕੇ ਰਹਿਣਗੇ ਅਤੇ ਹਰ ਸਮਾਗਮ ਵਾਲੀ ਥਾਂ ’ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਘੇਰਿਆ ਜਾਵੇਗਾ।