ਸੁੰਦਰ ਬਸਤੀ ’ਚ ਸੀਵਰੇਜ ਓਵਰਫਲੋਅ ਹੋਣ ਕਾਰਨ ਗਲੀਆਂ ’ਚ ਪਾਣੀ ਭਰਿਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਪਰੈਲ
ਸ਼ਹਿਰ ’ਚ ਪੂਨੀਆ ਟਾਵਰ ਤੋਂ ਡੀਸੀ ਕੋਠੀ ਰੋਡ ਤੱਕ ਇੱਕ ਕਰੋੜ ਦੀ ਲਾਗਤ ਨਾਲ ਸੀਵਰੇਜ ਪਾਈਪਲਾਈਨ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਕਈ ਥਾਵਾਂ ਤੋਂ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਟੁੱਟਣ ਕਰਕੇ ਸੀਵਰੇਜ ਓਵਰਫਲੋਅ ਦੀ ਸਮੱਸਿਆ ਕਾਰਨ ਸ਼ਹਿਰ ਦੀ ਸੁੰਦਰ ਬਸਤੀ ਦੀਆਂ ਗਲੀਆਂ ਵਿਚ ਪਾਣੀ ਭਰ ਗਿਆ ਅਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਨਵੀਂ ਪਾਈਪਲਾਈਨ ਪਾਉਣ ਲਈ ਡੀਸੀ ਕੋਠੀ ਰੋਡ ਨੂੰ ਡੂੰਘਾਈ ਨਾਲ ਪੁੱਟਿਆ ਜਾ ਰਿਹਾ ਹੈ ਅਤੇ ਕੰਮ ਸੁੰਦਰ ਬਸਤੀ ਦੇ ਨੇੜੇ ਪੁੱਜ ਗਿਆ ਹੈ। ਪੁਟਾਈ ਦੌਰਾਨ ਪੁਰਾਣੇ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਟੁੱਟ ਜਾਣ ਕਾਰਨ ਸਮੱਸਿਆ ਪੈਦਾ ਹੋਈ ਹੈ ਕਿਉਂਕਿ ਵਾਟਰ ਸਪਲਾਈ ਦੀਆਂ ਪਾਈਪਾਂ ਟੁੱਟਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਸੀਵਰੇਜ ਦਾ ਗੰਦਾ ਪਾਣੀ ਸੁੰਦਰ ਬਸਤੀਆਂ ਦੀਆਂ ਗਲੀਆਂ ਵਿਚ ਫੈਲ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਨੂੰ ਆਪਣੇ ਘਰਾਂ ਵਿਚ ਜਾਣਾ ਮੁਸ਼ਕਲ ਹੋ ਗਿਆ ਹੈ। ਗੰਦੇ ਪਾਣੀ ਦੀ ਬੁਦਬੂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਮੁਹੱਲਾ ਵਾਸੀ ਜਗਰਾਜ ਸਿੰਘ, ਲੋਕੇਸ਼ ਕੁਮਾਰ, ਬਬਲੂ ਕੁਮਾਰ, ਸ਼ਮੀਨਾ, ਪ੍ਰਵੀਨ ਕੁਮਾਰ, ਸੰਜੇ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਓਵਰਫਲੋਅ ਹੋ ਰਿਹਾ ਹੈ ਤੇ ਗੰਦਾ ਪਾਣੀ ਗਲੀਆਂ ਵਿਚ ਭਰਿਆ ਪਿਆ ਹੈ। ਜ਼ਿਕਰਯੋਗ ਹੈ ਕਿ ਧੂਰੀ ਰੋਡ ਸਥਿਤ ਪੂਨੀਆ ਟਾਵਰ ਤੋਂ ਡੀਸੀ ਕੋਠੀ ਰੋਡ ਤੱਕ ਵੱਡੀ ਸੀਵਰੇਜ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਸ਼ੁਰੂਆਤ ਬੀਤੀ 17 ਮਾਰਚ ਨੂੰ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਕਰਵਾਈ ਸੀ ਅਤੇ ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਇੱਕ ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਸੀ।
ਘਰਾਂ ਦੀਆਂ ਟੂਟੀਆਂ ਵਿੱਚ ਗੰਦਾ ਪਾਣੀ ਆਉਣ ਲੱਗਿਆ
ਘਰਾਂ ਦੀਆਂ ਟੂਟੀਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਆ ਰਿਹਾ ਹੈ ਜਿਸ ਕਾਰਨ ਇਥੋਂ ਦੇ ਲੋਕ ਬਿਮਾਰ ਹੋ ਰਹੇ ਹਨ। ਵਾਰਡ ਨੰਬਰ 21 ਤੋਂ ਸੱਤਾਧਾਰੀ ਪਾਰਟੀ ‘ਆਪ’ ਦੀ ਕੌਸਲਰ ਸਲਮਾ ਰਾਣੀ ਖੁਦ ਬਿਮਾਰ ਹੋ ਗਈ ਹੈ ਜਿਸ ਨੂੰ ਲੰਘੇ ਕੱਲ੍ਹ ਸਿਵਲ ਹਸਪਤਾਲ ’ਚ ਦਾਖਲ ਕਰਾਉਣਾ ਪਿਆ ਸੀ।Advertisementਸਮੱਸਿਆ ਹੱਲ ਕੀਤੀ ਜਾ ਰਹੀ ਹੈ: ਜੇਈ
ਸੀਵਰੇਜ ਬੋਰਡ ਦੇ ਜੂਨੀਅਰ ਇੰਜਨੀਅਰ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਸੁੰਦਰ ਬਸਤੀ ਦੇ ਸਾਹਮਣੇ ਮੁੱਖ ਸੜਕ ਉਪਰ ਸੀਵਰੇਜ ਦੀ ਵੱਡੀ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਸੀਵਰੇਜ ਅਤੇ ਪਾਣੀ ਵਾਲੀਆਂ ਪਾਈਪਾਂ ਟੁੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਹੱਲ ਕੀਤੀ ਜਾ ਰਹੀ ਹੈ।