ਦੋ ਖਰੀਦ ਕੇਂਦਰਾਂ ਵਿੱਚ ਕਣਕ ਵੱਧ ਤੋਲਦੇ ਛੇ ਆੜ੍ਹਤੀ ਫੜੇ
ਬੀਰਬਲ ਰਿਸ਼ੀ
ਸ਼ੇਰਪੁਰ, 30 ਅਪਰੈਲ
ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਵੱਲੋਂ ਖਰੀਦ ਕੇਂਦਰਾਂ ਵਿੱਚ ਨਿਰਧਾਰਤ ਤੋਂ ਵੱਧ ਵਜ਼ਨ ਤੋਲਣ ਦੀ ਕਾਰਵਾਈ ਰੋਕਣ ਲਈ ਆਰੰਭੀ ਮੁਹਿੰਮ ਸੱਤਵੇਂ ਦਿਨ ਵੀ ਜਾਰੀ ਰਹੀ। ਅੱਜ ਕਮੇਟੀ ਅਧੀਨ ਪੈਂਦੇ ਦੋ ਖਰੀਦ ਕੇਂਦਰਾਂ ’ਚ ਛੇ ਆੜ੍ਹਤੀਆਂ ਦੇ ਤੋਲ ’ਚ ਹੇਰ-ਫੇਰ ਫੜੀ ਗਈ। ਇਸ ਦੌਰਾਨ ਇੱਕ ਖਰੀਦ ਕੇਂਦਰ ਵਿੱਚ ਇੱਕ ਆੜ੍ਹਤੀਏ ਨੂੰ ਪ੍ਰਾਈਵੇਟ ਤੌਰ ’ਤੇ ਗੈਰ-ਸਰਕਾਰੀ ਬੋਰੀਆਂ ’ਚ ਕਣਕ ਭਰਨ ਦਾ ਮਾਮਲਾ ਵੀ ਚਰਚਾ ਵਿੱਚ ਹੈ।
ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਉਨ੍ਹਾਂ ਕਮੇਟੀ ਦੇ ਸਰਕਾਰੀ ਮੁਲਾਜ਼ਮਾਂ ਦੀ ਟੀਮ ਨਾਲ ਖਰੀਦ ਕੇਂਦਰ ਕਾਤਰੋਂ ਅਤੇ ਖਰੀਦ ਕੇਂਦਰ ਘਨੌਰੀ ਕਲਾਂ ਵਿੱਚ ਦੌਰਾ ਕੀਤਾ ਜਿੱਥੇ ਉਨ੍ਹਾਂ ਦੋਵੇਂ ਖਰੀਦ ਕੇਂਦਰਾਂ ’ਚ ਛੇ ਆੜ੍ਹਤੀਆਂ ਨੂੰ ਕਿਸਾਨਾਂ ਦੀ ਕਣਕ ਦਾ ਨਿਰਧਾਰਤ ਤੋਂ ਵੱਧ ਵਜ਼ਨ ਤੋਲਦੇ ਹੋਏ ਫੜਿਆ ਹੈ। ਉਨ੍ਹਾਂ ਸਬੰਧਤ ਆੜ੍ਹਤੀਆਂ ’ਤੇ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕਰਨ ਅਤੇ ਸਬੰਧਤ ਕਿਸਾਨਾਂ ਦੀ ਵੱਧ ਤੋਲੀ ਕਣਕ ਦਾ ਪਹਿਲਾਂ ਜੇ ਫਾਰਮ ਤੇ ਫਿਰ ਬਣਦੀ ਰਾਸ਼ੀ ਦਾ ਚੈੱਕ ਦਿਵਾਉਣ ਦਾ ਦਾਅਵਾ ਕੀਤਾ। ਚੇਅਰਮੈਨ ਰਾਜਵਿੰਦਰ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਉਨ੍ਹਾਂ ਇਕ ਖਰੀਦ ਕੇਂਦਰ ਵਿੱਚ ਇਕ ਆੜ੍ਹਤੀਏ ਨੂੰ ਖੁਦ ਗੈਰ-ਸਰਕਾਰੀ ਬਾਰਦਾਨੇ ਨਾਲ ਕਣਕ ਭਰਦਿਆਂ ਮੌਕੇ ’ਤੇ ਫੜਿਆ ਹੈ। ਉਂਜ ਕਾਰਵਾਈ ਤੋਂ ਪਹਿਲਾਂ ਉਹ ਸਾਰੇ ਮਾਮਲੇ ਦੇ ਤੱਥਾਂ ਨੂੰ ਹੋਰ ਡੂੰਘਾਈ ਨਾਲ ਵਾਚ ਰਹੇ ਹਨ। ਜ਼ਿਲ੍ਹਾ ਮੰਡੀ ਅਫ਼ਸਰ ਕੁਲਜੀਤ ਸਿੰਘ ਨੇ ਪ੍ਰਾਈਵੇਟ ਤੋਲ ਸਬੰਧੀ ਰਿਪੋਰਟ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਮਾਲੇਕੋਟਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਖਰੀਦ ਕੇਂਦਰਾਂ ਦੇ ਨਿਰੀਖਣ ਦੌਰਾਨ ਵੱਧ ਤੋਲ ਵਾਲਿਆਂ ਤੋਂ ਤਕਰੀਬਨ ਡੇਢ ਪੌਣੇ ਦੋ ਲੱਖ ਰੁਪਏ ਜੁਰਮਾਨੇ ਦੇ ਰੂਪ ਵਿੱਚ ਪਾਏ ਗਏ ਹਨ।