ਮਾਲਵਾ ਲਿਖਾਰੀ ਸਭਾ ਵੱਲੋਂ ਸਾਹਿਤਕ ਸਮਾਗਮ
ਸੰਗਰੂਰ, 30 ਅਪਰੈਲ
ਸਾਹਿਤਕਾਰਾ ਸ਼ਸ਼ੀ ਬਾਲਾ ਦੀ ਪ੍ਰਧਾਨਗੀ ਹੇਠ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਕਵਿੱਤਰੀ ਗੁਰਪ੍ਰੀਤ ਕੌਰ ਸੈਣੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਸਾਹਿਤਕ ਸਮਾਗਮ ਦੀ ਸ਼ੁਰੂਆਤ ਕਸ਼ਮੀਰ ਦੇ ਪਹਿਲਗਾਮ ਕਤਲੇਆਮ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਕਵਿੱਤਰੀ ਸੈਣੀ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬੇਸ਼ੱਕ ਸਾਡੇ ਹਿੱਸੇ ਬਾਬਾ ਫਰੀਦ, ਗੁਰੂ ਨਾਨਕ ਦੇਵ, ਬੁੱਲ੍ਹੇ ਸ਼ਾਹ, ਸ਼ਾਹ ਮੁਹੰਮਦ, ਅੰਮ੍ਰਿਤਾ ਪ੍ਰੀਤਮ, ਸ਼ਿਵ, ਡਾ. ਜਗਤਾਰ ਅਤੇ ਸੁਰਜੀਤ ਪਾਤਰ ਵਰਗੇ ਮਹਾਨ ਸਾਹਿਤਕਾਰ ਆਏ ਹਨ ਪਰ ਫੇਰ ਵੀ ਸਾਹਿਤ ਸਾਡੀਆਂ ਜ਼ਰੂਰੀ ਲੋੜਾਂ ਵਾਲੀ ਸੂਚੀ ਵਿਚ ਨਹੀਂ ਹੈ। ਕਵਿੱਤਰੀ ਨੇ ਕਿਹਾ ਕਿ ਸਾਹਿਤ ਨੂੰ ਲੋੜ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਅੱਜ ਔਰਤ ਨੂੰ ਸਾਹਿਤ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਔਰਤ ਸਾਹਿਤ ਨਾਲ ਜੁੜ ਜਾਂਦੀ ਹੈ ਤਾਂ ਬੱਚੇ ਸਾਹਿਤ ਨਾਲ ਜੁੜਨਗੇ ਅਤੇ ਇਕ ਦਿਨ ਸਮੁੱਚਾ ਸਮਾਜ ਸਾਹਿਤ ਨਾਲ ਜੁੜ ਜਾਵੇਗਾ। ਇਸ ਮੌਕੇ ਲੇਖਕ ਅਨੋਖ ਸਿੰਘ ਨੇ ਆਪਣੀ ਪਾਕਿਸਤਾਨ ਫੇਰੀ ਅਤੇ ਗਜ਼ਲਗੋ ਸੁਖਵਿੰਦਰ ਲੋਟੇ ਨੇ ਗਜ਼ਲ ਬਾਰੇ ਗੱਲ ਕੀਤੀ। ਸਮਾਗਮ ਦੌਰਾਨ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ, ਪ੍ਰਧਾਨ ਕਰਮ ਸਿੰਘ ਜ਼ਖ਼ਮੀ, ਜਗਜੀਤ ਸਿੰਘ ਲੱਡਾ, ਰਜਿੰਦਰ ਰਾਜਨ, ਇੰਦਰਜੀਤ ਸਿੰਘ ਸੈਣੀ ਅਤੇ ਸ਼ਿਸ਼ਨ ਪਾਲ ਸੈਣੀ ਮੌਜੂਦ ਸਨ।