ਚਮਕੌਰ ਸਾਹਿਬ ਮੋਰਚੇ ਦਾ ਵਫ਼ਦ ਸੈਣੀ ਨੂੰ ਮਿਲਿਆ
ਸੰਜੀਵ ਬੱਬੀ
ਚਮਕੌਰ ਸਾਹਿਬ, 4 ਮਈ
ਚਮਕੌਰ ਸਾਹਿਬ ਦੇ ਨੇੜਲੇ ਪਿੰਡ ਧੌਲਰਾਂ ਤੇ ਬਸੀ ਗੁੱਜਰਾਂ ਦੀ ਜ਼ਮੀਨ ਵਿੱਚ ਪੇਪਰ ਮਿੱਲ ਲਗਾਉਣ ਖ਼ਿਲਾਫ਼ ਸੰਘਰਸ਼ ਕਰ ਰਹੇ ਚਮਕੌਰ ਸਾਹਿਬ ਮੋਰਚੇ ਦਾ ਵਫ਼ਦ ਭਾਜਪਾ ਆਗੂ ਅਮਨਪ੍ਰੀਤ ਕੌਰ ਰਾਏ ਅਤੇ ਕਿਸਾਨ ਆਗੂ ਜੁਝਾਰ ਸਿੰਘ ਦੀ ਅਗਵਾਈ ਹੇਠ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ ਤੇ ਸਹਿਯੋਗ ਦੀ ਮੰਗ ਕੀਤੀ। ਵਫ਼ਦ ਨੇ ਸ੍ਰੀ ਸੈਣੀ ਨੂੰ ਦੱਸਿਆ ਕਿ ਇਸ ਨਾਲ ਪਾਣੀ ਦੂਸ਼ਿਤ ਹੋਵੇਗਾ ਤੇ ਬਿਮਾਰੀਆਂ ਫੈਲਣ ਦਾ ਡਰ ਬਣੇਗਾ। ਵਫ਼ਦ ਨੇ ਮੁੱਖ ਮੰਤਰੀ ਨੂੰ ਧਰਤੀ, ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਉਦਯੋਗਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ‘ਤੇ ਸਥਿਤ ਅਜਿਹੀਆਂ ਫੈਕਟਰੀਆਂ ਦੀ ਰਹਿੰਦ-ਖੂੰਹਦ ਮਾਰਕੰਡਾ ਨਦੀ ਦੇ ਕੰਢਿਆਂ ਵਿੱਚ ਤੇ ਅੰਦਰ ਸੁੱਟਦੀਆਂ ਹਨ।
ਭਾਜਪਾ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਸ੍ਰੀ ਸੈਣੀ ਇਸ ਫੈਕਟਰੀ ਨੂੰ ਰੁਕਵਾਉਣ ਲਈ ਪੂਰੇ ਯਤਨ ਕਰਨਗੇ। ਵਫ਼ਦ ’ਚ ਕਰਨਵੀਰ ਸਿੰਘ ਢੀਂਡਸਾ, ਲਖਵੀਰ ਸਿੰਘ, ਜਸਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ।