ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਾਟ

04:24 AM Apr 19, 2025 IST
featuredImage featuredImage
ਸੁਪਿੰਦਰ ਸਿੰਘ ਰਾਣਾ
Advertisement

ਇੱਕ ਦੋ ਦਿਨਾਂ ਵਿੱਚ ਹੀ ਮੁਹੱਲੇ ਵਿੱਚ ਚਾਰ ਮੌਤਾਂ ਹੋ ਗਈਆਂ। ਮਰਨ ਵਾਲੇ ਸਾਰੇ ਹੀ ਵਡੇਰੀ ਉਮਰ ਦੇ ਸਨ। ਇਨ੍ਹਾਂ ਵਿੱਚੋਂ ਦੋ ਪਰਿਵਾਰਾਂ ਦੇ ਜੀਅ ਮੁੜ-ਮੁੜ ਚੇਤੇ ਆ ਰਹੇ ਸਨ। ਇੱਕ ਸੀ ਗੋਲਗੱਪੇ ਬਣਾਉਣ ਵਾਲਾ, ਦੂਜਾ ਲੱਕੜ ਵਾਲਾ ਮਿਸਤਰੀ। ਗੋਲਗੱਪੇ ਬਣਾਉਣ ਵਾਲਾ ਕਰੀਬ ਸੌ ਸਾਲ ਦੀ ਉਮਰ ਭੋਗ ਕੇ ਗਿਆ। ਉਹ ਤਿੰਨ ਚਾਰ ਸਾਲ ਤੋਂ ਮੰਜੇ ’ਤੇ ਸੀ। ਪਰਿਵਾਰ ਦੇ ਜੀਆਂ ਨੇ ਉਸ ਦੀ ਕਾਫ਼ੀ ਸੇਵਾ ਸੰਭਾਲ ਕੀਤੀ। ਉਹਦੇ ਛੇ ਪੁੱਤਰ ਅਤੇ ਤਿੰਨ ਧੀਆਂ ਸਨ। ਜਦੋਂ ਅਸੀਂ ਪਿੰਡ ਛੱਡ ਕੇ ਸ਼ਹਿਰ ਆਏ ਤਾਂ ਉਹ ਗਲੀ ਵਿੱਚ ਰੇਹੜੀ ’ਤੇ ਗੋਲਗੱਪੇ, ਪਾਪੜੀ, ਟਿੱਕੀ ਅਤੇ ਭੱਲੇ ਵੇਚਦਾ ਹੁੰਦਾ ਸੀ। ਦਿਨੇ ਉਹ ਮੰਡੀ ਤੋਂ ਚੀਜ਼ਾਂ ਲਿਆ ਕੇ ਪਕਵਾਨ ਤਿਆਰ ਕਰਦਾ; ਘਰ ਦੇ ਸਾਰੇ ਜੀਅ ਹੱਥ ਵਟਾਉਂਦੇ ਤੇ ਸ਼ਾਮ ਵੇਲੇ ਉਹ ਤਿਆਰ ਸਾਮਾਨ ਵੇਚ ਰਿਹਾ ਹੁੰਦਾ। ਬੱਚੇ ਮਾਪਿਆਂ ਕੋਲੋਂ ਖਹਿੜੇ ਪੈ ਕੇ ਇੱਕ ਦੋ ਰੁਪਏ ਲੈ ਲੈਂਦੇ ਸਨ। ਉਹ ਪੈਸੇ ਲੈ ਕੇ ਰੇਹੜੀ ਵੱਲ ਭੱਜਦੇ।

ਕਈ ਵਾਰ ਕਿਸੇ ਨਿਆਣੇ ਤੋਂ ਟਿੱਕੀ ਜਾਂ ਪਾਪੜੀਆਂ ਦੀ ਪਲੇਟ ਹੇਠਾਂ ਡਿੱਗ ਜਾਂਦੀ ਤਾਂ ਉਹ ਆਖਦਾ, “ਕੋਈ ਨ੍ਹੀਂ, ਤੂੰ ਦੂਜੀ ਪਲੇਟ ਲੈ ਜਾ।”... ਤੇ ਉਹ ਦੂਜੀ ਪਲੇਟ ਦੇ ਪੈਸੇ ਵੀ ਨਾ ਲੈਂਦਾ। ਕਈ ਵਾਰ ਤਾਂ ਛੋਟੇ ਬੱਚੇ ਨਾਲ ਪਲੇਟ ਲੈ ਕੇ ਉਸ ਦੇ ਘਰ ਦੇ ਆਉਂਦਾ। ਜਦੋਂ ਕਦੇ ਕੋਈ ਬੱਚਾ ਬਾਹਰ ਖੇਡਦਾ ਨਾ ਮਿਲਦਾ ਤਾਂ ਮਾਪਿਆਂ ਨੂੰ ਉਸ ਦੀ ਸਿਹਤ ਬਾਰੇ ਪੁੱਛਦਾ। ਬੱਚਿਆਂ ਨੂੰ ਪੜ੍ਹਨ ਲਈ ਆਖਦਾ। ਹਰ ਸਾਲ 31 ਮਾਰਚ ਦਾ ਦਿਨ ਆਉਂਦਾ ਤਾਂ ਸਾਨੂੰ ਚਾਅ ਚੜ੍ਹ ਜਾਂਦਾ। ਉਸ ਦਿਨ ਨਤੀਜਾ ਆਉਣ ਮਗਰੋਂ ਉਹ ਸਾਰੇ ਬੱਚਿਆਂ ਨੂੰ ਮੁਫ਼ਤ ਚੀਜ਼ਾਂ ਖੁਆਉਂਦਾ। ਮਾਪਿਆਂ ਨੇ ਉਸ ਨੂੰ ਜ਼ਬਰਦਸਤੀ ਪੈਸੇ ਦੇਣ ਦੀ ਕੋਸ਼ਿਸ਼ ਕਰਨੀ ਪਰ ਉਹ ਨਤੀਜੇ ਵਾਲੇ ਦਿਨ ਕਿਸੇ ਤੋਂ ਪੈਸੇ ਨਾ ਲੈਂਦਾ ਸਗੋਂ ਬੱਚਿਆਂ ਨੂੰ ਆਖਦਾ, “ਤੁਸੀਂ ਹੋਰ ਵਧੀਆ ਪੜ੍ਹੋ। ਨਤੀਜੇ ਵਾਲੇ ਦਿਨ ਮੁਫ਼ਤ ਗੋਲਗੱਪੇ, ਪਾਪੜੀਆਂ ਖੁਆਵਾਂਗਾ।” ਉਹਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ। ਮੁਹੱਲੇ ਵਿੱਚ ਜਦੋਂ ਕਿਸੇ ਦੇ ਘਰ ਕਿਸੇ ਕੰਮ ਆਉਂਦਾ ਤਾਂ ਉਹ ਕਦੇ ਘੰਟੀ ਨਾ ਮਾਰਦਾ, ਦੂਰੋਂ ਹੀ ਆਖਦਾ, “ਘਰੇ ਓਂ ਭਾਈ?”... ਤੇ ਸਿੱਧਾ ਹੀ ਅੰਦਰ ਵੜ ਜਾਂਦਾ। ਸਾਹਮਣੇ ਮੰਜੇ ਜਾਂ ਕੁਰਸੀ ’ਤੇ ਬੈਠ ਕੇ ਘਰ ਦੇ ਜੀਅ ਨੂੰ ਹਾਕ ਮਾਰਦਾ।

Advertisement

ਮੁਹੱਲੇ ਦੇ ਬੱਚਿਆਂ ਦੇ ਨਾਂ ਉਹਨੂੰ ਰਟੇ ਹੋਏ ਸਨ। ਛੋਟੇ ਹੁੰਦੇ ਕਈ ਵਾਰ ਤਾਂ ਉਹਦੀ ਰੇਹੜੀ ਉਡੀਕਦੇ ਰਹਿੰਦੇ। ਉਹ ਖਾਣ ਪੀਣ ਦੇ ਮਾਮਲੇ ਵਿੱਚ ਸਫ਼ਾਈ ਬਹੁਤ ਰੱਖਦਾ ਸੀ। ਕਈ ਵਾਰ ਬੱਚੇ ਆਪਸ ਵਿੱਚ ਲੜ ਰਹੇ ਹੁੰਦੇ ਤਾਂ ਉਹ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਂਦਾ। ਹੁਣ ਉਹਦੇ ਬੱਚੇ ਪੜ੍ਹ-ਲਿਖ ਕੇ ਵੱਡੇ ਕਾਰੋਬਾਰੀ ਬਣ ਗਏ ਹਨ; ਪੋਤੇ, ਪੋਤੀਆਂ, ਦੋਹਤੇ, ਦੋਹਤੀਆਂ ਉਚੇਰੀ ਪੜ੍ਹਾਈ ਕਰ ਰਹੀਆਂ ਹਨ। ਕਈ ਵਿਆਹੇ ਗਏ। ਉਹਦੀ ਆਮਦਨ ਭਾਵੇਂ ਥੋੜ੍ਹੀ ਸੀ ਪਰ ਦਿਲ ਬਹੁਤ ਵੱਡਾ ਸੀ।

ਮੁਹੱਲੇ ਵਿੱਚ ਦੂਜੀ ਮੌਤ ਮਿਸਤਰੀ ਦੀ ਹੋਈ ਸੀ। ਉਹਦਾ ਇੱਕ ਪੁੱਤਰ ਤੇ ਦੋ ਧੀਆਂ ਹਨ। ਉਹਦੇ ਬੱਚੇ ਵੀ ਪੜ੍ਹ-ਲਿਖ ਕੇ ਆਪੋ-ਆਪਣੇ ਘਰ ਵਿੱਚ ਵਧੀਆ ਜੀਵਨ ਬਤੀਤ ਕਰ ਰਹੇ ਹਨ। ਜਦੋਂ ਅਸੀਂ ਛੋਟੇ ਹੁੰਦੇ ਸਾਂ ਤਾਂ ਫੁਟਬਾਲ ਅਤੇ ਗੇਂਦ ਨਾਲ ਕਿਸੇ ਨਾ ਕਿਸੇ ਘਰ ਦਾ ਸ਼ੀਸ਼ਾ ਟੁੱਟ ਜਾਂਦਾ। ਜਿਸ ਘਰ ਦਾ ਨੁਕਸਾਨ ਹੁੰਦਾ, ਉਹਦਾ ਜੀਅ ਉਲਾਂਭਾ ਲੈ ਕੇ ਆ ਜਾਂਦਾ। ਸ਼ੀਸ਼ਾ ਪੁਆਉਣ ਅਤੇ ਮੁਰੰਮਤ ਦੀ ਗੱਲ ਕਰਦਾ। ਅਸੀਂ ਸਾਰੇ ਮਿਸਤਰੀ ਦੇ ਘਰ ਭੱਜਦੇ। ਉਹ ਅੱਗਿਓਂ ਆਖਦਾ, “ਤੁਸੀਂ ਫਿਕਰ ਨਾ ਕਰੋ, ਮੈਂ ਆਥਣੇ ਸਵੇਰੇ ਟੈਮ ਕੱਢ ਕੇ ਸ਼ੀਸ਼ਾ ਫਿੱਟ ਕਰ ਦੇਵਾਂਗਾ... ਤੁਸੀਂ ਖੇਡਣਾ ਨਹੀਂ ਛੱਡਣਾ।” ਉਸ ਨੇ ਕਦੇ ਸਾਡੇ ਕੋਲੋਂ ਪੈਸੇ ਨਹੀਂ ਸਨ ਲਏ। ਮੁਹੱਲੇ ਦੇ ਕਈ ਘਰਾਂ ਦੇ ਦਰਵਾਜ਼ੇ ਖਿੜਕੀਆਂ ਸਭ ਉਸ ਨੇ ਹੀ ਬਣਾਏ ਹੋਏ ਹਨ। ਹੁਣ ਵੀ ਜਦੋਂ ਕੋਈ ਦਰਵਾਜ਼ਾ ਜਾਂ ਖਿੜਕੀ ਠੀਕ ਤਰ੍ਹਾਂ ਬੰਦ ਨਾ ਹੁੰਦਾ ਤਾਂ ਉਸ ਨੂੰ ਸੱਦ ਕੇ ਲਿਆਂਦਾ ਜਾਂਦਾ। ਉਹ ਕਿਸੇ ਘਰ ਤੋਂ ਅਜਿਹੀ ਮੁਰੰਮਤ ਦੇ ਕੋਈ ਪੈਸੇ ਨਾ ਲੈਂਦਾ।

ਸ਼ਾਮ ਵੇਲੇ ਉਹ ਘਰ ਦੇ ਬਾਹਰ ਬੈਠ ਕੇ ਨਿਆਣਿਆਂ ਨੂੰ ਖੇਡਦਿਆਂ ਦੇਖੀ ਜਾਂਦਾ। ਉਹਨੂੰ ਦੇਖ ਕੇ ਆਂਢੀ-ਗੁਆਂਢੀ ਅਤੇ ਰਾਹਗੀਰ ਕੋਲ ਖੜ੍ਹ ਜਾਂਦੇ। ਕਈ ਖਾਲੀ ਕੁਰਸੀਆਂ ’ਤੇ ਬੈਠ ਜਾਂਦੇ। ਉਹ ਹਰ ਕਿਸੇ ਨਾਲ ਖਿੜੇ ਮੱਥੇ ਗੱਲ ਕਰਦਾ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਨੇੜਲੇ ਘਰ ਵਿੱਚ ਕਾਰ ਨੂੰ ਅੱਗ ਲੱਗ ਗਈ। ਕਾਰ ਦੇ ਮਾਲਕ ਦੇ ਜਾਗਣ ਤੋਂ ਪਹਿਲਾਂ ਹੀ ਉਸ ਨੇ ਪਾਣੀ ਦੀਆਂ ਬਾਲਟੀਆਂ ਭਰ ਕੇ ਅੱਗ ਬੁਝਾ ਦਿੱਤੀ। ਸਾਰੇ ਮੁਹੱਲਾ ਵਾਸੀਆਂ ਨੇ ਉਹਦੀ ਸ਼ਲਾਘਾ ਕੀਤੀ। ਜਦੋਂ ਕਾਰ ਮਾਲਕ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਮਿਸਤਰੀ ਨੂੰ ਜੱਫੀ ਪਾ ਕੇ ਉਹਦਾ ਸ਼ੁਕਰੀਆ ਕੀਤਾ। ਮਿਸਤਰੀ ਵੀ ਗੋਲਗੱਪੇ ਵਾਲੇ ਵਾਂਗ ਘੰਟੀ ਨਹੀਂ ਸੀ ਮਾਰਦਾ, ਉਵੇਂ ਹੀ ਆਖਦਾ ਹੁੰਦਾ ਸੀ, “ਘਰੇ ਓਂ ਭਾਈ?” ਦੁੱਖ ਵੇਲੇ ਸਭ ਤੋਂ ਅੱਗੇ ਆਣ ਖੜ੍ਹਦਾ। ਮੁਹੱਲੇ ਵਿੱਚ ਕਿਸੇ ਘਰ ਮੌਤ ਹੋਣ ’ਤੇ ਆਪਣੇ ਘਰੋਂ ਚਾਹ ਬਣਾ ਲਿਆਉਂਦਾ। ਹੁਣ ਜਦੋਂ ਉਹ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ ਹੈ ਤਾਂ ਉਸ ਦੇ ਕੰਮ ਯਾਦ ਆਈ ਜਾਂਦੇ। ਅੱਜ ਭਾਵੇਂ ਮੋਬਾਈਲ ਫੋਨ, ਇੰਟਰਨੈੱਟ, ਮੋਟਰ ਕਾਰਾਂ ਆਦਿ ਤਕਨਾਲੋਜੀ ਆ ਗਈ ਹੈ ਪਰ ਮੁਹੱਲੇ ਵਿੱਚ ਦੁੱਖ ਵੇਲੇ ਮੋਢੇ ਨਾਲ ਮੋਢੇ ਜੋੜ ਕੇ ਖੜ੍ਹਨ ਵਾਲਿਆਂ ਦੀ ਘਾਟ ਰੜਕਣ ਲੱਗੀ ਹੈ।

ਸੰਪਰਕ: 98152-33232

Advertisement