ਗੜਿਆਂ ਕਾਰਨ ਸੌ ਏਕੜ ਮੂੰਗੀ ਨੁਕਸਾਨੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਮਈ
ਬੇਮਮੌਸਮੀ ਬਰਸਾਤ ਦੇ ਨਾਲ ਹੀ ਅੱਜ ਅਚਨਚੇਤ ਪਏ ਗੜਿਆਂ ਨੇ ਇਲਾਕੇ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਗੜਿਆਂ ਦੀ ਵਧੇਰੇ ਮਾਰ ਮੂੰਗੀ ਦੀ ਫ਼ਸਲ ’ਤੇ ਪਈ ਹੈ। ਇਲਾਕੇ ਦੇ ਸਿਰਫ ਚਾਰ ਪਿੰਡਾਂ ਕਾਉਂਕੇ, ਅਖਾੜਾ, ਡੱਲਾ ਤੇ ਨਵਾਂ ਡੱਲਾ ਵਿੱਚ ਹੀ ਇਕ ਸੌ ਏਕੜ ਦੇ ਕਰੀਬ ਮੂੰਗੀ ਦੀ ਫ਼ਸਲ ਨੁਕਸਾਨੀ ਗਈ ਹੈ। ਇਸ ਤੋਂ ਇਲਾਵਾ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਪਈਆਂ ਕਣਕ ਦੀਆਂ ਬੋਰੀਆਂ ਦੀ ਮੀਂਹ ਵਿੱਚ ਭਿੱਜ ਗਈਆਂ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਸਾਥੀਆਂ ਸਣੇ ਅੱਜ ਨੁਕਸਾਨੀ ਮੂੰਗੀ ਵਾਲੇ ਕਿਸਾਨਾਂ ਦੀ ਸਾਰ ਲੈਣ ਪੁੱਜੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਕਿਸਾਨ ਰਛਪਾਲ ਸਿੰਘ, ਰਾਜਵੀਰ ਸਿੰਘ, ਬੇਅੰਤ ਸਿੰਘ, ਬਹਾਦਰ ਸਿੰਘ, ਜੱਗਾ ਸਿੰਘ, ਸੁਖਦੇਵ ਸਿੰਘ ਸੁੱਖਾ ਤੇ ਗੁਰਪ੍ਰੀਤ ਸਿੰਘ ਅਖਾੜਾ ਦੀ ਸੌ ਏਕੜ ਮੂੰਗੀ ਗੜੇਮਾਰੀ ਕਾਰਨ ਤਬਾਹ ਹੋ ਗਈ ਹੈ। ਬਲਾਕ ਪ੍ਰਧਾਨ ਬੱਸੂਵਾਲ ਤੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਪੰਜਾਬ ਸਰਕਾਰ ਤੋਂ ਫੌਰੀ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਓਧਰ ਮੰਡੀਆਂ ਵਿੱਚ ਕਣਕ ਮੀਂਹ ਕਰਕੇ ਭਿੱਜ ਗਈ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਕਿਹਾ ਕਿ ਉਹ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਕਣਕ ਚੁੱਕਣ ਦੀ ਦੁਹਾਈ ਪਾ ਰਹੇ ਸਨ। ਹਾੜ੍ਹੀ ਦਾ ਸੀਜ਼ਨ ਖ਼ਤਮ ਹੋਣ ਮਗਰੋਂ ਵੀ ਕਈ ਦਿਨਾਂ ਤੋਂ ਕਣਕ ਮੰਡੀਆਂ ਵਿੱਚ ਪਈ ਹੋਣ ਕਰਕੇ ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ ਨੂੰ ਵਾਧੂ ਦਾ ਕੰਮ ਕਰਨਾ ਪੈ ਰਿਹਾ ਸੀ। ਇਕ ਪਾਸੇ ਕਣਕ ਦੀਆਂ ਬੋਰੀਆਂ ਦੀ ਚੌਕੀਦਾਰੀ ਦਾ ਕੰਮ ਬਿਨਾਂ ਕਿਸੇ ਮਿਹਨਤਾਨੇ ਦੇ ਕਰ ਰਹੇ ਸਨ ਉਪਰੋਂ ਧੁੱਪ ਕਰਕੇ ਵਜ਼ਨ ਘਟਣ ਦਾ ਨੁਕਸਾਨ ਵੀ ਉਨ੍ਹਾਂ ਨੂੰ ਹੀ ਝੱਲਣਾ ਪੈਂਦਾ ਸੀ।