ਧਰਮ ਪਰਿਵਰਤਨ ਤੇ ਲਵ ਜੇਹਾਦ ਗੰਭੀਰ ਮੁੱਦੇ: ਮਹੰਤ ਪ੍ਰਵੀਨ
ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਜੂਨ
ਅੱਜ ਇਥੇ ਹਿੰਦੂ ਤਖ਼ਤ ਦੇ ਰਾਸ਼ਟਰੀ ਪ੍ਰਧਾਨ ਮਹੰਤ ਪ੍ਰਵੀਨ ਕੁਮਾਰ ਅਤੇ ਸੰਗਠਨ ਦੇ ਰਾਸ਼ਟਰੀ ਮੀਡੀਆ ਸਲਾਹਕਾਰ ਕਰਨ ਵਰਮਾ ਨੇ ਕਿਹਾ ਕਿ ਧਰਮ ਪਰਿਵਰਤਨ ਤੇ ਲਵ ਜੇਹਾਦ ਗੰਭੀਰ ਮੁੱਦੇ ਹਨ। ਇਕ ਭਾਈਚਾਰੇ ਦੇ ਪ੍ਰਚਾਰਕਾਂ ਦੁਆਰਾ ਗਰੀਬ ਲੋਕਾਂ ਨੂੰ ਪੈਸੇ ਅਤੇ ਅੰਧਵਿਸਵਾਸ਼ ਦਾ ਲਾਲਚ ਦੇ ਕੇ ਦੂਜੇ ਧਰਮ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਜੇ ਇਸ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਗਿਆ ਤਾਂ ਸਾਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਸ੍ਰੀ ਵਰਮਾ ਨੇ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਸੇ ਹੋਰ ਧਰਮ ਵਿੱਚ ਤਬਦੀਲ ਕਰਨ ਲਈ ਦਿਮਾਗੀ ਤੌਰ ’ਤੇ ਧੋਖਾ ਦਿੱਤਾ ਜਾਂਦਾ ਹੈ। ਇਕ ਰਿਪੋਰਟ ਅਨੁਸਾਰ ਰੋਜ਼ਾਨਾ ਸੈਂਕੜੇ ਕੁੜੀਆਂ ਲਵ ਜੇਹਾਦ ਵਿਚ ਫਸ ਰਹੀਆਂ ਹਨ ਅਤੇ ਉਨ੍ਹਾਂ ਦਾ ਜਿਨਸ਼ੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਫ਼ਿਰ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਸ੍ਰੀ ਹਿੰਦੂ ਤਖ਼ਤ ਇਸ ਦਾ ਵਿਰੋਧ ਕਰਦਾ ਹੈ। ਸਾਡੇ ਹਿੰਦੂ ਸਮਾਜ ਦੀਆਂ ਧੀਆਂ ਭੈਣਾਂ ਨੂੰ ਇਨ੍ਹਾਂ ਜੇਹਾਦੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹ ਇਨ੍ਹਾਂ ਨੂੰ ਆਪਣੇ ਨਾਂਅ ਬਦਲ ਕੇ ਧੋਖਾ ਦਿੰਦੇ ਹਨ ਅਤੇ ਫ਼ਿਰ ਵਿਆਹ ਕਰਵਾ ਕੇ ਜ਼ਬਰੀ ਧਰਮ ਪਰਿਵਰਤਨ ਲਈ ਮਜ਼ਬੂਰ ਕਰਦੇ ਹਨ। ਹਿੰਦੂ ਸਮਾਜ ਵੱਲੋਂ ਇਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।