ਸਾਈਕਲ ਰਿਪੇਅਰ ਓਹਲੇ ਗਾਂਜਾ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੂਨ
ਸਾਈਕਲ ਰਿਪੇਅਰ ਦੇ ਕੰਮ ਦੇ ਓਹਲੇ ਨਸ਼ਾ ਸਪਲਾਈ ਕਰਨ ਵਾਲੇ ਇੱਕ ਨਸ਼ਾ ਤਸਕਰ ਨੂੰ ਪੁਲੀਸ ਥਾਣਾ ਸਲੇਮ ਟਾਬਰੀ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਦਾਣਾ ਮੰਡੀ ਪੈਟਰੋਲ ਪੰਪ ਨੇੜੇ ਕਿਸੇ ਨੂੰ ਗਾਂਜਾ ਸਪਲਾਈ ਕਰਨ ਜਾ ਰਿਹਾ ਸੀ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਸਾਢੇ ਤਿੰਨ ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਸਲੇਮ ਟਾਬਰੀ ਥਾਣਾ ਪੁਲੀਸ ਨੇ ਪਿੰਡ ਭੌਰਾ ਦੇ ਰਹਿਣ ਵਾਲੇ ਸੁਰੇਸ਼ ਸਾਹਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਏਡੀਸੀਪੀ ਵਨ ਸਮੀਰ ਵਰਮਾ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮੁਲਜ਼ਮ ਸਾਈਕਲ ਮੁਰੰਮਤ ਦੀ ਦੁਕਾਨ ਚਲਾਉਂਦਾ ਹੈ ਅਤੇ ਇਸੇ ਕੰਮ ਦੇ ਓਹਲੇ ਗਾਂਜਾ ਸਪਲਾਈ ਕਰਦਾ ਹੈ। ਦੂਜੇ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਨੂਰਵਾਲਾ ਰੋਡ ਗੁਰਪ੍ਰੀਤ ਨਗਰ ਇਲਾਕੇ ਦੇ ਰਹਿਣ ਵਾਲੇ ਰਿਸ਼ਵ ਨੇ ਕੁਝ ਦਿਨ ਪਹਿਲਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਫ਼ੋਨ ਸੁਣਦਾ ਹੋਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋ ਬਾਈਕ ਸਵਾਰਾਂ ਨੇ ਉਸਦਾ ਮੋਬਾਈਲ ਫੋਨ ਲੁੱਟ ਲਿਆ। ਇਸ ਮਾਮਲੇ ਵਿੱਚ ਪੁਲੀਸ ਨੇ ਕਾਕੋਵਾਲ ਰੋਡ ਦੇ ਪਿੰਕ ਸਿਟੀ ਕਲੋਨੀ ਇਲਾਕੇ ਵਿੱਚ ਰਹਿਣ ਵਾਲੇ ਰਿਸ਼ੂ ਸਹੋਤਾ ਅਤੇ ਮੁਹੱਲਾ ਬਸੰਤ ਵਿਹਾਰ ਕਲੋਨੀ ਦੇ ਰਹਿਣ ਵਾਲੇ ਆਸ਼ੂ ਉਰਫ਼ ਜੋਗੀ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਤੇ ਪੰਜ ਮੋਬਾਈਲ ਫੋਨ ਬਰਾਮਦ ਹੋਏ ਹਨ।