ਕਿਸਾਨ ਆਗੂ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਮੰਗੀ
05:19 AM Jun 04, 2025 IST
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਜੂਨ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਅਤੇ ਬਲਾਕ ਸੱਕਤਰ ਕੁਲਵੰਤ ਸਿੰਘ ਗਾਲਿਬ ਨੇ ਪਿੰਡ ਭਮਾਲ ਦੇ ਕਿਸਾਨ ਆਗੂ ਜਸਵਿੰਦਰ ਸਿੰਘ ਭਮਾਲ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 30 ਮਈ ਨੂੰ ਸ਼ਾਮ ਸਮੇਂ ਘਰ ਨੂੰ ਜਾ ਰਹੇ ਕਿਸਾਨ ਆਗੂ 'ਤੇ ਹਮਲਾ ਕਰਕੇ ਉਸਨੂੰ ਜਾਨੋਂ ਮਾਰਨ ਦੀ ਕਥਿਤ ਕੋਸ਼ਿਸ਼ ਕੀਤੀ ਗਈ। ਕਿਸਾਨ ਆਗੂ ਜਸਵਿੰਦਰ ਸਿੰਘ ਦੀ ਮਹੀਨਾ ਪਹਿਲਾਂ ਹੀ ਹਾਰਟ ਸਰਜਰੀ ਹੋਈ ਹੈ। ਇਸ ਗੱਲ ਦਾ ਪਤਾ ਹਮਲਾਵਰ ਨੂੰ ਹੋਣ ਦੇ ਬਾਵਜੂਦ ਉਸਨੇ ਜਸਵਿੰਦਰ ਸਿੰਘ ਨੂੰ ਰਸਤੇ ਵਿੱਚ ਘੇਰ ਉਸ ਦੀ ਛਾਤੀ ’ਤੇ ਪੂਰੇ ਜ਼ੋਰ ਨਾਲ ਮੁੱਕਾ ਮਾਰਿਆ। ਇਸ ਕਰਕੇ ਪੀੜਤ ਡਿੱਗ ਪਿਆ ਤੇ ਤੜਫਣ ਲੱਗਾ। ਪਿੰਡ ਵਾਸੀਆਂ ਨੇ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਜਗਰਾਉਂ ਵਿੱਚ ਦਾਖ਼ਲ ਕਰਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਮਾਮਲਾ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
Advertisement
Advertisement