ਗੁੱਡਅਰਥ ਕਾਨਵੈਂਟ ਸਕੂਲ ’ਚ ਓਰੀਐਂਟੇਸ਼ਨ ਪ੍ਰੋਗਰਾਮ
ਮਲੌਦ, 2 ਅਪਰੈਲ
ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਿੱਚ ਅਕਾਦਮਿਕ ਸੈਸ਼ਨ 2025-26 ਦੀ ਸ਼ੁਰੂਆਤ ਤੋਂ ਪਹਿਲਾਂ ਨਰਸਰੀ ਜਮਾਤ ਵਿੱਚ ਦਾਖਲ ਹੋਏ ਬੱਚਿਆਂ ਦੇ ਮਾਪਿਆਂ ਨਾਲ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਿੰਡਰਗਾਰਟਨ ਦੇ ਸੁਪਰਵਾਈਜ਼ਰ ਮੈਡਮ ਹਰਪ੍ਰੀਤ ਕੌਰ ਵੱਲੋਂ ਆਏ ਮਾਪਿਆਂ ਦਾ ਸਵਾਗਤ ਕਰਦਿਆਂ ਸਕੂਲ ਦੇ ਨਿਯਮਾਂ, ਨੀਤੀਆਂ ਅਤੇ ਨਰਸਰੀ ਜਮਾਤ ਵਿੱਚ ਪੜ੍ਹਾਏ ਜਾਣੇ ਪਾਠਕ੍ਰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਰਸਰੀ ਜਮਾਤ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਗਤੀਵਿਧੀਆਂ ਦੇ ਜ਼ਰੀਏ ਪਾਇਆ ਜਾਵੇਗਾ ਅਤੇ ਸਕੂਲ ਨੂੰ ਮਾਤਾ-ਪਿਤਾ ਤੋਂ ਕਿਵੇਂ ਮਦਦ ਦੀ ਲੋੜ ਹੁੰਦੀ ਹੈ, ਉਸ ਬਾਰੇ ਵੀ ਜਾਣੂ ਕਰਵਾਇਆ ਗਿਆ। ਸਕੂਲ ਦੇ ਵਾਈਸ ਚੇਅਰਮੈਨ ਪ੍ਰੋਫੈਸਰ ਗੁਰਮੁੱਖ ਸਿੰਘ ਗੋਮੀ ਪੰਧੇਰ ਨੇ ਸਕੂਲ ਵਿੱਚ ਦਾਖ਼ਲ ਕਰਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪਿਆਂ ਦੀ ਅਧਿਆਪਕਾਂ ਨਾਲ ਨੇੜਤਾ ਵਧਦੀ ਹੈ ਅਤੇ ਬੱਚਿਆਂ ਦੀਆਂ ਗਤੀਵਿਧੀਆਂ, ਖੇਡਾਂ ਤੇ ਪੜ੍ਹਾਈ ਬਾਰੇ ਵੀ ਜਾਣਕਾਰੀ ਮਿਲਦੀ ਹੈ। ਪ੍ਰਿੰਸੀਪਲ ਨਵੀਨ ਬਾਂਸਲ ਨੇ ਮਾਪਿਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੋਈ ਵੀ ਢਿੱਲ ਨਹੀਂ ਵਰਤਣਗੇ। ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਕੋ-ਆਰਡੀਨੇਟਰ ਜਸਦੀਪ ਕੌਰ, ਸੁਖਵਿੰਦਰ ਕੌਰ, ਜੋਤੀ ਮਲਹੋਤਰਾ, ਜਸਪ੍ਰੀਤ ਕੌਰ ਤੇ ਰਾਜਦੀਪ ਕੌਰ ਆਦਿ ਹਾਜ਼ਰ ਸਨ।