ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਆਚੀਆਂ ਪੈੜਾਂ

04:26 AM Apr 23, 2025 IST
featuredImage featuredImage

ਕਹਾਣੀ

Advertisement

ਸੁਰਿੰਦਰ ਸਿੰਘ ਮੱਤਾ
ਆਪਣੀ ਗੱਡੀ ਉਸ ਨੇ ਸ਼ਹਿਰ ਰਹਿੰਦੇ ਦੋਸਤ ਦੇ ਘਰ ਹੀ ਖੜ੍ਹੀ ਕਰ ਦਿੱਤੀ ਤੇ ਉੱਥੋਂ ਚਾਹ ਪਾਣੀ ਪੀ ਕੇ ਉਹ ਕਲੋਨੀ ਦੇ ਗੇਟ ਤੋਂ ਰਿਕਸ਼ਾ ਫੜ ਕੇ ਬੱਸ ਅੱਡੇ ਪਹੁੰਚ ਗਿਆ। ਇੱਥੋਂ ਉਸ ਨੇ ਪਿੰਡ ਨੂੰ ਜਾਣ ਲਈ ਮਿੰਨੀ ਬੱਸ ਫੜਨੀ ਸੀ। ਜਾਣ ਨੂੰ ਤਾਂ ਉਹ ਆਪਣੀ ਕਾਰ ’ਤੇ ਵੀ ਜਾ ਸਕਦਾ ਸੀ, ਪਰ ਉਹ ਪਿਛਲੇ ਦਿਨਾਂ ਨੂੰ ਯਾਦ ਕਰਕੇ ਉਹੀ ਚੁਤਾਲੀ-ਪੰਤਾਲੀ ਸਾਲ ਪੁਰਾਣੇ ਸਮੇਂ ’ਚ ਆਪਣੇ ਆਪ ਨੂੰ ਮਹਿਸੂਸ ਕਰਨਾ ਚਾਹੁੰਦਾ ਸੀ।
ਰੁਜ਼ਗਾਰ ਦੇ ਚੱਕਰ ’ਚ ਪਹਿਲਾਂ ਵੱਡੇ ਸ਼ਹਿਰ ਤੇ ਫਿਰ ਉਮਰ ਦੇ ਲਹਿੰਦੇ ਪੱਖ ’ਚ ਬੱਚਿਆਂ ਦੀ ਉਂਗਲ ਫੜ ਕੇ ਠੰਢੇ ਮੁਲਕ ਦਾ ਬਸ਼ਿੰਦਾ ਬਣ ਗਿਆ ਸੀ। ਉਸ ਨੇ ਨਵੰਬਰ ਦੇ ਦੂਜੇ ਅੱਧ ਦੀ ਗੁਲਾਬੀ ਠੰਢ ਵਿੱਚ ਵੀ ਕੁੜਤਾ ਪਜਾਮਾ ਪਾ ਕੇ ਅੱਧੀਆਂ ਬਾਹਵਾਂ ਦਾ ਸਵੈਟਰ ਪਾ ਲਿਆ ਸੀ।। ਉਂਝ ਉਮਰ ਦਾ ਢਲਦਾ ਪਹਿਰ ਹੋਣ ਕਰਕੇ ਗਰਮ ਸ਼ਾਲ ਵੀ ਮੋਢਿਆਂ ’ਤੇ ਰੱਖ ਲਈ ਸੀ। ਮਿੰਨੀ ਬੱਸ ਅੱਡੇ ’ਚ ਲੱਗੀ ਖੜ੍ਹੀ ਸੀ ਅਤੇ ਖਾਲੀ ਸੀ। ਸਵੇਰ ਵੇਲੇ ਸਵਾਰੀਆਂ ਪਿੰਡੋਂ ਸ਼ਹਿਰ ਨੂੰ ਆਉਂਦੀਆਂ, ਕੰਮਾਂ ਧੰਦਿਆਂ ਲਈ ਜਾਂ ਸੌਦਾ ਪੱਤਾ ਲੈਣ ਲਈ ਲੋਕ ਆਉਂਦੇ ਤੇ ਦੁਪਹਿਰ ਬਾਅਦ ਮੁੜਨੇ ਸ਼ੁਰੂ ਹੁੰਦੇ। ਉਸ ਨੇ ਅਖ਼ਬਾਰਾਂ ਵਾਲੇ ਖੋਖੇ ਤੋਂ ਪੰਜਾਬੀ ਦਾ ਅਖ਼ਬਾਰ ਲਿਆ ਤੇ ਬੱਸ ’ਚ ਚੜ੍ਹ ਗਿਆ। ਡਰਾਈਵਰ ਦੇ ਪਿੱਛੇ ਵਾਲੀ ਸੀਟ ਨੂੰ ਅਖ਼ਬਾਰ ਨਾਲ ਹੀ ਝਾੜਿਆ ਤੇ ਬਹਿ ਗਿਆ।
ਡਰਾਈਵਰ ਬੱਸ ਨੂੰ ਸਟਾਰਟ ਕਰਕੇ ਹੀ ਛੱਡ ਗਿਆ ਸੀ। ਦੋਵੇਂ ਜਣੇ ਕੰਡਕਟਰ ਤੇ ਡਰਾਈਵਰ ਸ਼ਾਇਦ ਕਿਧਰੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਣ। ਪਿਛਲੀ ਖਿੜਕੀ ਕੋਲ ਖੜਕਾ ਜਿਹਾ ਹੋਇਆ ਤਾਂ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਕਿਸੇ ਭਾਈ ਨੇ ਦੋ-ਤਿੰਨ ਗੱਟੂ ਸਬਜ਼ੀਆਂ ਦੇ ਪਿਛਲੀਆਂ ਸੀਟਾਂ ਵਿਚਕਾਰ ਟਿਕਾ ਦਿੱਤੇ ਸਨ। ਉਸ ਨੇ ਸੋਚਿਆ ਕਿ ਹੋ ਸਕਦੈ ਕੋਈ ਦੁਕਾਨਦਾਰ ਹੋਵੇ ਜਾਂ ਫਿਰ ਵਿਆਹ ਸ਼ਾਦੀ ਵਾਸਤੇ ਮੰਡੀ ’ਚੋਂ ਸਬਜ਼ੀਆਂ ਖ਼ਰੀਦਣ ਆਇਆ ਹੋਵੇ। ਫਿਰ ਉਸ ਨੇ ਸਬਜ਼ੀਆਂ ਲਿਆਉਣ ਵਾਲੇ ਭਾਈ ਨੂੰ ਗੌਰ ਨਾਲ ਵੇਖਿਆ ਇਹ ਜਾਣਨ ਲਈ ਕਿ ਸ਼ਾਇਦ ਕਿਤੇ ਉਹਦੇ ਆਪਣੇ ਪਿੰਡ ਦਾ ਹੋਵੇ, ਪਰ ਉਹ ਮੁੰਡਾ ਕੋਈ ਪੱਚੀਆਂ-ਤੀਹਾਂ ਵਰ੍ਹਿਆਂ ਦੇ ਗੇੜ ’ਚ ਹੋਵੇਗਾ। ਉਸ ਨੂੰ ਕੋਈ ਪਹਿਚਾਣ ਨਹੀਂ ਆਈ। ਕੀ ਪਤੈ ਕਿਸੇ ਹੋਰ ਪਿੰਡ ਦਾ ਹੋਵੇ। ਰਸਤੇ ’ਚ ਤਿੰਨ ਪਿੰਡ ਹੋਰ ਵੀ ਪੈਂਦੇ ਹਨ। ਉਂਜ ਜੇ ਉਹਦੇ ਆਵਦੇ ਪਿੰਡ ਦਾ ਵੀ ਹੋਵੇ ਤਾਂ ਉਹਨੂੰ ਕਿਹੜਾ ਪਛਾਣ ਸੀ। ਮੁੱਦਤਾਂ ਹੋ ਗਈਆਂ ਉਸ ਨੂੰ ਪਿੰਡ ਛੱਡੇ ਨੂੰ। ਨਵੇਂ ਪੋਚ ਨੂੰ ਤਾਂ ਉਹ ਪਛਾਣ ਹੀ ਨਹੀਂ ਸਕਦਾ।
ਇੰਨੇ ਨੂੰ ਡਰਾਈਵਰ ਆ ਕੇ ਸੀਟ ’ਤੇ ਬੈਠ ਗਿਆ ਸੀ। ਕੰਡਕਟਰ ਹਾਲੇ ਥੱਲੇ ’ਵਾਜ਼ਾਂ ਮਾਰ ਰਿਹਾ ਸੀ। ‘ਨਾਨਕਸਰ ਰੋਮਾਣਾ ਢੈਪਈ ਮੱਤੇ ਆਲੇ ਆ ਜੋ ਬਈ ਆ ਜੋ।’ ਇੱਕਾ ਦੁੱਕਾ ਹੋਰ ਸਵਾਰੀਆਂ ਆ ਕੇ ਬੈਠ ਗਈਆਂ ਸਨ। ਲੰਮੀ ਸੀਟੀ ਵੱਜੀ ਤੇ ਡਰਾਈਵਰ ਨੇ ਗੇਅਰ ਪਾ ਲਿਆ। ਅੱਡੇ ਤੋਂ ਖੱਬੇ ਹੱਥ ਮੁੜ ਕੇ ਫਿਰ ਸੱਜੇ ਬਾਜੇਖਾਨੇ ਵਾਲੀ ਸੜਕ ’ਤੇ ਬੱਸ ਜਾ ਰਹੀ ਸੀ। ਖਿੜਕੀ ਵਾਲੇ ਪਾਸੇ ਬੈਠਾ ਉਹ ਗਹੁ ਨਾਲ ਬਾਹਰ ਵੱਲ ਵੇਖ ਰਿਹਾ ਸੀ। ਬੜਾ ਕੁੱਝ ਬਦਲ ਗਿਆ ਇੰਨੇ ਸਾਲਾਂ ’ਚ। ਨਵੀਆਂ ਕਲੋਨੀਆਂ ਉਸਰ ਗਈਆਂ ਸਨ। ਨਾਲ ਦੇ ਪਿੰਡਾਂ ਦੇ ਲੋਕ ਜਾਂ ਸ਼ਹਿਰ ਦੇ ਭੀੜ ਭੜੱਕੇ ਵਾਲੇ ਮੁਹੱਲਿਆਂ ’ਚੋਂ ਆ ਕੇ ਇਨ੍ਹਾਂ ਕਲੋਨੀਆਂ ’ਚ ਵੱਸ ਗਏ ਹਨ। ਸੂਏ ਦੀ ਪੱਟੜੀ ਨਾਲ ਬਣੇ ਬਾਈਪਾਸ ਤੋਂ ਮੁੜ ਕੇ ਬੱਸ ਜੈਤੋ ਮੰਡੀ ਜਾਣ ਵਾਲੀ ਸੜਕ ’ਤੇ ਪੈ ਗਈ, ਨਾਨਕਸਰ ਕਦੋਂ ਦਾ ਲੰਘ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਾ। ਢੈਪਈ ਵਾਲੀ ਨਹਿਰ ਆ ਗਈ। ਜਦੋਂ ਉਸ ਨੇ ਪਿੰਡ ਛੱਡਿਆ ਸੀ ਤਾਂ ਇਹ ਕੱਚੀ ਸੀ, ਹੁਣ ਇਸ ਨੂੰ ਪੱਕਾ ਕਰ ਦਿੱਤਾ ਸੀ, ਚੌੜਾਈ ਵੀ ਘਟ ਗਈ ਮਸਾਂ ਸੂਏ ਕੁ ਜਿੰਨੀ। ਉਸ ਨੂੰ ਯਾਦ ਆਇਆ ਕਿ ਇਸੇ ਨਹਿਰ ’ਤੇ ਉਸ ਦੇ ਪਿੰਡੋਂ ਕੋਈ ਤਿੰਨ ਕੁ ਕਿਲੋਮੀਟਰ ਦੇ ਫਾਸਲੇ ’ਤੇ ਘਰਾਟ ਵੀ ਬਣੇ ਹੋਏ ਸਨ। ਜਿੱਥੇ ਉਹ ਆਪਣੇ ਛੋਟੇ ਭਰਾ ਨਾਲ ਆਟਾ ਪਿਸਾਉਣ ਜਾਂਦਾ ਸੀ। ਵੀਹ ਕੁ ਸੇਰ ਕਣਕ ਉਹ ਵਾਰੀ ਵਾਰੀ ਸਿਰ ’ਤੇ ਚੁੱਕ ਕੇ ਜਾਂਦੇ। ਕੇਹੇ ਦਿਨ ਸਨ ਉਹ। ਪਿੰਡ ਆ ਗਿਆ ਸੀ। ਉਸ ਨੇ ਵੇਗੇਆਣੇ ਛੱਪੜ ਕੋਲ ਬਣੇ ਅੱਡੇ ’ਤੇ ਉਤਰਨਾ ਸੀ। ਮਿੰਨੀਆਂ ਬੱਸਾਂ ਦਾ ਰੂਟ ਪਿੰਡ ਦੀ ਫਿਰਨੀ ਹੁੰਦੀ ਹੈ ਤੇ ਲੋਕਾਂ ਨੇ ਗਵਾੜਾਂ ਅਨੁਸਾਰ ਅੱਡੇ ਬਣਾਏ ਹੁੰਦੇ ਹਨ। ਇਉਂ ਹਰ ਪਿੰਡ ਦੇ ਤਿੰਨ ਚਾਰ ਅੱਡੇ ਤਾਂ ਹੁੰਦੇ ਹੀ ਹਨ। ਉਂਜ ਪਹਿਲਾਂ ਇੱਕ ਵੱਡੀ ਬੱਸ ਵੀ ਉਹਦੇ ਪਿੰਡ ਨੂੰ ਆਉਂਦੀ ਸੀ। ਫ਼ਰੀਦਕੋਟ ਤੋਂ ਜੈਤੋ ਦੇ ਰੂਟ ਦੀ। ਪਿੰਡ ਮੇਨ ਸੜਕ ਤੋਂ ਦੋ ਕੁ ਕਿਲੋਮੀਟਰ ਹਟਵਾਂ ਹੋਣ ਕਰਕੇ ਉਹ ਬੱਸ ਜਿਹੜੀ ਲਿੰਕ ਸੜਕ ਰਾਹੀਂ ਆਉਂਦੀ, ਉਸੇ ਤੋਂ ਹੀ ਵਾਪਸ ਮੁੜ ਜਾਂਦੀ। ਸਵੇਰੇ ਅੱਠ ਵਜੇ ਕੋਟਕਪੂਰਾ ਫ਼ਰੀਦਕੋਟ ਨੂੰ ਜਾਂਦੀ ਤੇ ਆਥਣੇ ਫ਼ਰੀਦਕੋਟੋਂ ਸਾਢੇ ਪੰਜ ਚੱਲਦੀ। ਅਸਲ ’ਚ ਇਹ ਬੱਸ ਇਸ ਰੂਟ ’ਤੇ ਪੈਂਦੇ ਪਿੰਡਾਂ ਦੇ ਮੁਲਾਜ਼ਮਾਂ ਨੂੰ ਸੂਤ ਬੈਠਦਾ ਸੀ ਜੋ ਫ਼ਰੀਦਕੋਟ ਜ਼ਿਲ੍ਹਾ ਹੈੱਡਕੁਆਰਟਰ ’ਤੇ ਨੌਕਰੀਆਂ ਕਰਦੇ ਸਨ। ਉਹਦੇ ਪਿੰਡ ਦੇ ਵੀ ਕਾਫ਼ੀ ਮੁਲਾਜ਼ਮ ਸਨ, ਇਸ ਲਈ ਉਨ੍ਹਾਂ ਨੇ ਜ਼ੋਰ ਪਾ ਕੇ ਬੱਸ ਦਾ ਟਾਈਮ ਲੁਆਇਆ ਸੀ।
ਉਹ ਵੇਗੇਆਣੇ ਅੱਡੇ ’ਤੇ ਉਤਰ ਗਿਆ। ਬੱਸ ਤੁਰ ਗਈ। ਉਸ ਦਾ ਮੂੰਹ ਪਿੰਡ ਵੱਲ ਸੀ ਤੇ ਪਿੱਠ ਪਿੱਛੇ ਵੇਗੇਆਣਾ ਛੱਪੜ। ਉਸ ਨੇ ਪਿੱਛੇ ਮੁੜ ਕੇ ਗਹੁ ਨਾਲ ਵੇਖਿਆ, ਛੱਪੜ ਦੀ ਦਿੱਖ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਸੀ ਆਇਆ। ਉਸ ਨੇ ਸੁਣਿਆ ਸੀ ਕਿ ਛੱਪੜ ਨੂੰ ਸਵਾਰ ਕੇ ਉਸ ਵਿੱਚ ਮੱਛੀ ਦੇ ਪੂੰਗ ਛੱਡ ਦਿੱਤੇ ਹੋਣ ਕਰਕੇ ਹੁਣ ਪੰਚਾਇਤੀ ਆਮਦਨ ’ਚ ਵਾਧਾ ਹੋਇਆ ਕਰੂ, ਪਰ ਉਸ ਨੂੰ ਤਾਂ ਪਹਿਲਾਂ ਨਾਲੋਂ ਬੱਸ ਇਹੀ ਫ਼ਰਕ ਲੱਗਿਆ, ਛੱਪੜ ਦੇ ਚਾਰੇ ਪਾਸੇ ਪੱਕੀਆਂ ਦੀਵਾਰਾਂ ਕੱਢ ਕੇ ਤਿੰਨ ਪਾਸਿਉਂ ਲੱਗਦੀਆਂ ਸੜਕਾਂ ਦੀ ਖੋਰ ਜ਼ਰੂਰ ਰੁਕ ਗਈ। ਉਂਝ ਪਾਣੀ ਦੀ ਸਫ਼ਾਈ ਦਾ ਹਿਸਾਬ ਕਿਤਾਬ ਉਹੀ ਸੀ। ਦਰਅਸਲ, ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਬਣਨ ਕਰਕੇ ਨਾਲੀਆਂ ਦਾ ਗੰਦਾ ਪਾਣੀ ਛੱਪੜ ’ਚ ਪੈਂਦਾ ਹੋ ਗਿਆ।
ਖੈਰ! ਉਸ ਨੇ ਇਨ੍ਹਾਂ ਸੋਚਾਂ ਨੂੰ ਇੱਥੇ ਝਟਕਾ ਦਿੱਤਾ ਤੇ ਅੱਡੇ ਤੋਂ ਆਪਣੇ ਘਰ ਨੂੰ ਜਾਣ ਵਾਲੀ ਚੌੜੀ ਗਲੀ ਜਿਸ ਨੂੰ ਪਿੰਡ ਵਾਸੀ ਫ਼ਲਾ ਵੀ ਆਖਦੇ ਹਨ, ਵੱਲ ਜਾਣ ਲਈ ਅਹੁਲਿਆ, ਪਰ ਉਸ ਦੇ ਕਦਮ ਰੁਕ ਗਏ। ਉਸ ਦਾ ਮਨ ਕੀਤਾ ਕਿ ਉਹ ਫਿਰਨੀ ਫਿਰਨੀ ਹੀ ਜਾਵੇ। ਉਸ ਦਾ ਜੀਅ ਕਰਦਾ ਸੀ ਕਿ ਉਹ ਪਹਿਲਾਂ ਆਪਣੇ ਪਿੰਡ ਨੂੰ ਬਾਹਰੋਂ ਬਾਹਰੋਂ ਤਾਂ ਵੇਖੇ, ਇਹ ਸੋਚਦਾ ਉਹ ਜਿੱਧਰ ਮਿੰਨੀ ਬੱਸ ਗਈ ਸੀ, ਫਿਰਨੀ ਫਿਰਨੀ ਹੋ ਤੁਰਿਆ। ਵੇਗੇਆਣੇ ਛੱਪੜ ਦੀ ਬੰਨੀ ਜਿੱਥੇ ਖ਼ਤਮ ਹੋਈ, ਉਸ ਦੇ ਨਾਲੋਂ ਫਿਰਨੀ ਤੋਂ ਸੜਕ ਗੁਰੂ ਕੀ ਢਾਬ ਨੂੰ ਜਾਂਦੀ ਹੈ। ਗੁਰੂ ਕੀ ਢਾਬ ਇਤਿਹਾਸਕ ਗੁਰਦੁਆਰਾ ਹੈ ਜੋ ਉਸ ਦੇ ਪਿੰਡ ਦੀ ਜੂਹ ਵਿੱਚ ਸਥਿਤ ਹੈ। ਗੁਰਦੁਆਰਾ ਕੋਟਕਪੂਰਾ ਜੈਤੋ ਮੁੱਖ ਸੜਕ ਪਾਰ ਕਰਕੇ ਬਣਿਆ ਹੋਇਆ ਹੈ। ਸੜਕ ਦੇ ਉਰਲੇ ਪਾਸੇ ਪਿੰਡ ਦੇ ਹੀ ਚਾਲੀ-ਪੰਜਾਹ ਘਰਾਂ ਨੇ ਰਿਹਾਇਸ਼ ਕਰ ਲਈ ਜੋ ਹੁਣ ਕੋਠੇ ਗੁਰੂ ਕੀ ਢਾਬ ਕਰਕੇ ਜਾਣੇ ਜਾਂਦੇ ਹਨ। ਇਨ੍ਹਾਂ ਘਰਾਂ ਦੀ ਜ਼ਮੀਨ ਸੜਕ ਦੇ ਤੇ ਫਿਰੋਜ਼ਪੁਰ ਬਠਿੰਡਾ ਰੇਲ ਮਾਰਗ ਜੋ ਸੜਕ ਦੇ ਸਮਾਨਅੰਤਰ ਹੀ ਬਠਿੰਡੇ ਤੱਕ ਜਾਂਦੀ ਹੈ, ਦੇ ਨੇੜੇ ਲੱਗਦੀ ਹੋਣ ਕਰਕੇ ਹੀ ਉਨ੍ਹਾਂ ਘਰਾਂ ਨੇ ਆਪਣੀ ਸੌਖ ਨੂੰ ਇਸ ਨਵੇਂ ਪਿੰਡ ਨੂੰ ਜਨਮ ਦੇ ਦਿੱਤਾ। ਹੁਣ ਇਸ ਦੀ ਪੰਚਾਇਤ ਵੀ ਵੱਖਰੀ ਬਣ ਗਈ ਹੈ।
ਉਹ ਸੋਚਦਾ ਸੋਚਦਾ ਪਤਾ ਨਹੀਂ ਕਦੋਂ ਅਜਿੱਤਗਿੱਲ ਨੂੰ ਜਾਣ ਵਾਲੀ ਸੜਕ ’ਤੇ ਪਹੁੰਚ ਗਿਆ। ਪਿੰਡੋਂ ਨਿਕਲਦੀ ਇਸੇ ਸੜਕ ’ਤੇ ਉਸ ਦੇ ਪਿੰਡ ਦੇ ਸਿਵੇ ਵੀ ਹਨ। ਇਨ੍ਹਾਂ ਸਿਵਿਆਂ ਲਈ ਕਾਫ਼ੀ ਜ਼ਮੀਨ ਛੱਡੀ ਹੋਈ ਸੀ ਜਿਸ ਵਿੱਚੋਂ ਵਾਧੂ ਜ਼ਮੀਨ ਬਿਜਲੀ ਘਰ ਲਈ ਪੰਚਾਇਤ ਵੱਲੋਂ ਦੇ ਦਿੱਤੀ ਗਈ। ਇਸ ਵਿੱਚ ਹੁਣ ਬਿਜਲੀ ਘਰ ਬਣ ਗਿਆ ਹੈ ਤੇ ਮੁਫ਼ਤ ਵਿੱਚ ਮਿਲੀ ਜ਼ਮੀਨ ਦੇ ਇਵਜ਼ ਵਿੱਚ ਬਿਜਲੀ ਮਹਿਕਮਾ ਪਿੰਡ ਨੂੰ ਚੌਵੀ ਘੰਟੇ ਸਪਲਾਈ ਦੇਣ ਲਈ ਵਚਨਬੱਧ ਹੈ। ਜੇਕਰ ਇਸ ਪਾਸਿਉਂ ਪਿੰਡ ’ਚ ਦਾਖਲ ਹੋਵਾਂਗੇ ਤਾਂ ਸ਼ੁਰੂ ’ਚ ਹੀ ਖੱਬੇ ਹੱਥ ਚਅਵਧੂਤ ਸੰਤਾਂ ਦਾ ਡੇਰਾ ਸਥਿਤ ਹੈ। ਉਸ ਨੇ ਇਸ ਪਾਸਿਉਂ ਪਿੰਡ ’ਚ ਜਾਣਾ ਤਾਂ ਨਹੀਂ ਸੀ, ਪਰ ਉਸ ਦੇ ਮਨ ਵਿੱਚ ਥੋੜ੍ਹਾ ਅੱਗੇ ਵਧ ਕੇ ਡੇਰੇ ’ਤੇ ਇੱਕ ਝਾਤ ਮਾਰਨ ਦੀ ਇੱਛਾ ਜ਼ਰੂਰ ਜਾਗ ਉੱਠੀ। ਡੇਰੇ ਦੇ ਅੰਦਰ ਵੜਦਿਆਂ ਸੱਜੇ ਹੱਥ ਖੂਹ ਹੈ ਜੋ ਹੁਣ ਬੰਦ ਪਿਆ ਹੈ, ਪਰ ਉਸ ਵਿੱਚ ਸਬਮਰਸੀਬਲ ਲਾ ਕੇ ਪਾਣੀ ਵਰਤੋਂ ਯੋਗ ਬਣਾ ਲਿਆ ਹੈ, ਨਾਲ ਬਣਾਈ ਸੀਮਿੰਟਡ ਡੱਗੀ ਲੋਪ ਹੋ ਚੁੱਕੀ ਸੀ। ਉਸ ਨੂੰ ਯਾਦ ਆਇਆ ਇਸ ਤਰ੍ਹਾਂ ਹੀ ਵੇਗੇਆਣੇ ਅੱਡੇ ਕੋਲ ਜਿੱਥੇ ਉਹ ਬੱਸ ’ਚੋਂ ਉਤਰਿਆ ਸੀ, ਉੱਥੇ ਵੀ ਕਾਫ਼ੀ ਵੱਡੀ ਡੱਗੀ ਖੂਹ ਨਾਲ ਬਣੀ ਹੋਈ ਸੀ ਜਿਸ ਵਿੱਚ ਪਾਣੀ ਪੀਣ ਵਾਸਤੇ ਟੂਟੀਆਂ ਵੀ ਲੱਗੀਆਂ ਹੋਈਆਂ ਸਨ। ਪਿੰਡ ਦੀਆਂ ਗਲੀਆਂ ਦਾ ਪੱਧਰ ਸਮੇਂ ਅਨੁਸਾਰ ਉੱਚਾ ਹੋ ਜਾਣ ਕਾਰਨ ਉਸ ਡੱਗੀ ਦਾ ਵਜੂਦ ਖ਼ਤਮ ਹੋ ਗਿਆ, ਪਰ ਚੰਗਾ ਲੱਗਿਆ ਇਹ ਵੇਖ ਕੇ ਕਿ ਪਿੰਡ ਦੇ ਨੌਜਵਾਨਾਂ ਦੇ ਉੱਦਮ ਨਾਲ ਬੰਦ ਪਏ ਖੂਹ ਨੂੰ ਵਿਰਾਸਤੀ ਨਿਸ਼ਾਨੀ ਵਜੋਂ ਸਾਂਭ ਲਿਆ ਗਿਆ ਹੈ।
ਉਸ ਦੇ ਪਰਿਵਾਰ ਦੀਆਂ ਕਈ ਯਾਦਾਂ ਡੇਰੇ ਨਾਲ ਜੁੜੀਆਂ ਹੋਈਆਂ ਹਨ। ਇੱਥੇ ਪੂਰਨਮਾਸ਼ੀ ਦਾ ਦਿਹਾੜਾ ਰਾਤ ਨੂੰ ਮਨਾਇਆ ਜਾਂਦਾ ਸੀ। ਉਹ ਬਾਪੂ ਨਾਲ ਉਸ ਦਿਨ ਜ਼ਰੂਰ ਆਉਂਦਾ। ਬਾਪੂ ਦੀ ਸੰਤਾਂ ਦੇ ਨਾਲ ਚੰਗੀ ਬਹਿਣੀ ਉੱਠਣੀ ਸੀ। ਬਾਪੂ ਦਾ ਦੁਪਹਿਰਾ ਅਕਸਰ ਡੇਰੇ ’ਚ ਗੁਜ਼ਰਦਾ ਸੀ। ਉਂਝ ਸਾਲ ’ਚ ਇੱਕ ਵਾਰ ਹਰਿਦੁਆਰ ਤੋਂ ਸੰਤਾਂ ਦੀ ਮੰਡਲੀ ਆਉਂਦੀ ਜਿਸ ਵਿੱਚ ਦਸ ਬਾਰਾਂ ਰਲਵੀਂ ਉਮਰ ਦੇ ਸਾਧ ਹੁੰਦੇ। ਉਹ ਪੰਦਰਾਂ ਕੁ ਦਿਨ ਰਹਿੰਦੇ। ਉਹ ਦਿਨ ਅੱਸੂ ਕੱਤੇ ਦੇ ਹੁੰਦੇ ਸਨ। ਰੋਟੀ ਪਾਣੀ ਤੋਂ ਵਿਹਲੇ ਹੋ ਕੇ ਚਾਹਵਾਨ ਬੰਦੇ ਬੁੜ੍ਹੀਆਂ ਵਾਹੋ ਦਾਹੀ ਡੇਰੇ ਪਹੁੰਚ ਜਾਂਦੇ। ਸੰਤਾਂ ਦੇ ਚੇਲਿਆਂ ਵੱਲੋਂ ਖੜਤਾਲਾਂ ਚਿਮਟਿਆਂ ਨਾਲ ਮਚਾਏ ਰੌਲੇ ਵਿੱਚ ਸੰਤਾਂ ਦੇ ਤਾਂ ਬਸ ਬੁੱਲ੍ਹ ਹੀ ਹਿਲਦੇ ਨਜ਼ਰ ਆਉਂਦੇ। ਹਾਂ! ਜਦੋਂ ਖੜਤਾਲਾਂ ਚਿਮਟਿਆਂ ਵਾਲੇ ਸਾਹ ਲੈਣ ਲਈ ਰੁਕਦੇ ਤਾਂ ਸੰਤ ਮਹਾਂਪੁਰਖ ਪ੍ਰਵਚਨ ਕਰਦੇ। ਸੰਗਤਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਪੰਜ ਵਿਕਾਰਾਂ ਤੋਂ ਬਚਣ ਦੀ ਪ੍ਰੇਰਨਾ ਦਿੰਦੇ। ਇਤਿਹਾਸ/ਮਿਥਿਹਾਸ ’ਚੋਂ ਸਾਖੀਆਂ ਸੁਣਾਉਂਦੇ। ਇਸ ਕਰਮ ਦੇ ਚੱਲਦੇ ਸੰਤਾਂ ਦੇ ਚੇਲੇ ਬਾਲਕੇ ਵੱਡੇ ਸਾਰੇ ਥਾਲ ’ਚ ਜੋਤਾਂ ਜਗਾ ਕੇ ’ਕੱਲੇ ’ਕੱਲੇ ਮਾਈ ਭਾਈ ਕੋਲ ਪਹੁੰਚਦੇ, ਸੰਗਤਾਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਜਗਦੀਆਂ ਜੋਤਾਂ ਨੂੰ ਜੈ ਕਰਦੇ ਯਥਾ ਸ਼ਕਤੀ ਥਾਲ ’ਚ ਮਾਇਆ ਭੇਟ ਕਰਕੇ ਮਾਇਆ ਦੇ ਮੋਹ ਤੋਂ ਮੁਕਤ ਹੋਣ ਦਾ ਉਪਰਾਲਾ ਕਰਦੇ। ਬੀਬੀਆਂ ਮਾਈਆਂ ਜੋ ਨਕਦ ਨਾਵਾਂ ਨਾ ਲਿਆ ਸਕਦੀਆਂ, ਉਹ ਥਾਲ ਭਰ ਭਰ ਕੇ ਦਾਣਿਆਂ ਦੇ ਲਿਆਉਂਦੀਆਂ ਤੇ ਹਾਲ ਤੋਂ ਬਾਹਰ ਰੱਖੇ ਕੜਾਹੇ ਪਾ ਦਿੰਦੀਆਂ ਜੋ ਸੰਤ ਮੰਡਲੀ ਦੀ ਰਵਾਨਗੀ ਵੇਲੇ ਪਿੰਡ ਦੀ ਹੱਟੀ ’ਚ ਜਾ ਕੇ ਨੋਟਾਂ ’ਚ ਤਬਦੀਲ ਹੋ ਜਾਂਦਾ। ਇਉਂ ਸੰਤ ਮਹਾਂਪੁਰਖ ਸੰਗਤਾਂ ਨੂੰ ਮਾਇਆ ਤੋਂ ਨਿਰਲੇਪ ਕਰ ਜਾਂਦੇ। ਸੰਤਾਂ ਦੀਆਂ ਕੀਤੀਆਂ ਜਾਂਦੀਆਂ ਕਥਾ ਵਾਰਤਾਵਾਂ ਨਾਲ ਤਾਂ ਉਹਦਾ ਸਰੋਕਾਰ ਨਹੀਂ ਰਿਹਾ, ਉਂਝ ਵੀ ਸੰਤਾਂ ਦੇ ਉਸ ਸਮੇਂ ਕੀਤੇ ਪ੍ਰਵਚਨ ਤਾਂ ਉਸ ਦੀ ਉਮਰ ਦੇ ਅੱਲੜ੍ਹਾਂ ਦੇ ਉੱਪਰੋਂ ਦੀ ਲੰਘ ਜਾਂਦੇ ਸਨ। ਉਹ ਤਾਂ ਡੇਰੇ ’ਚ ਸਮਾਪਤੀ ਉਪਰੰਤ ਵਰਤਾਈ ਜਾਂਦੀ ਦੇਗ ਦੇ ਗੱਫਿਆਂ ਦੀ ਉਡੀਕ ’ਚ ਬੰਨ੍ਹੇ ਬੈਠੇ ਰਹਿੰਦੇ। ਇਹ ਸੋਚਦਿਆਂ ਉਸ ਦੇ ਚਿਹਰੇ ’ਤੇ ਹਲਕੀ ਮੁਸਕਰਾਹਟ ਆ ਗਈ। ਕੇਹੇ ਦਿਨ ਸਨ ਉਹ! ਅੱਜ ਗੁਰਦੁਆਰਿਉਂ ਪ੍ਰਸ਼ਾਦ ਕਿਣਕਾ ਮਾਤਰ ਹੀ ਲਈਦੈ, ਮਤੇ ਕੋਲੈਸਟਰੋਲ ਹੀ ਨਾ ਵਧ ਜਾਵੇ।
ਖੈਰ! ਉਸ ਨੇ ਅੱਗੇ ਵਧ ਕੇ ਡੇਰੇ ਦੀ ਇਮਾਰਤ ’ਤੇ ਨਜ਼ਰ ਮਾਰੀ, ਪੁਰਾਣੀ ਭਾਵੇਂ ਮੌਜੂਦ ਸੀ, ਪਰ ਲੱਗਦੈ ਵਰਤੋਂ ਵਿੱਚ ਨਹੀ ਹੋਣੀ। ਕੋਈ ਸੌ ਸਾਲ ਤੋਂ ਵੱਧ ਉਮਰ ਦੀ ਹੋਵੇਗੀ। ਹਿੱਲੀ ਨਹੀਂ ਸੀ ਕਿਧਰੋਂ। ਹਾਂ! ਜ਼ਮੀਨੀ ਪੱਧਰ ਜ਼ਰੂਰ ਨੀਵਾਂ ਹੋ ਗਿਆ ਸੀ। ਨਵੇਂ ਸੰਤਾਂ ਲਈ ਨਵੀਂ ਕੁਟੀਆ ਰੂਪ ਵਿੱਚ ਸ਼ਾਨਦਾਰ ਇਮਾਰਤ ਉਸਰ ਚੁੱਕੀ ਹੈ। ਉਸ ਦਾ ਦਿਲ ਕੀਤਾ ਅੰਦਰ ਜਾ ਕੇ ਝਾਤੀ ਮਾਰ ਹੀ ਆਵੇ, ਪਰ ਉਸ ਨੇ ਇਹ ਵਿਚਾਰ ਇਸ ਲਈ ਤਿਆਗ ਦਿੱਤਾ ਕਿ ਫਿਰ ਆਵੇਗਾ, ਕੁੱਝ ਦੇਰ ਅੰਦਰ ਤੁਰ ਫਿਰ ਕੇ ਵੇਖੇਗਾ। ਉਸ ਨੇ ਪੈਰ ਪਿਛਾਂਹ ਮੋੜੇ ਤੇ ਬਾਹਰਲੀ ਫਿਰਨੀ ਹੀ ਹੋ ਤੁਰਿਆ। ਸਾਹਮਣੇ ਪਸ਼ੂ ਡਿਸਪੈਂਸਰੀ ਦਾ ਬੋਰਡ ਨਜ਼ਰੀਂ ਪਿਆ। ਉਸ ਨੂੰ ਯਾਦ ਆਇਆ ਕਿ ਇਸ ਇਮਾਰਤ ਵਿੱਚ ਤਾਂ ਉਸ ਦਾ ਪ੍ਰਾਇਮਰੀ ਸਕੂਲ ਹੁੰਦਾ ਸੀ। ਉਸ ਨੇ ਤੇ ਉਸ ਦੇ ਛੋਟੇ ਭਰਾ ਨੇ ਇੱਥੋਂ ਹੀ ਪੰਜ ਜਮਾਤਾਂ ਪਾਸ ਕੀਤੀਆਂ ਸਨ। ਇਸ ਸਕੂਲ ਨਾਲ ਜੁੜੀਆਂ ਕਈ ਯਾਦਾਂ ਉਸ ਦੇ ਜ਼ਿਹਨ ਵਿੱਚ ਉੱਭਰ ਆਈਆਂ।
ਉਹਨੂੰ ਯਾਦ ਆਇਆ ਜਦੋਂ ਉਹ ਸ਼ਾਇਦ ਪੰਜਵੀਂ ਜਮਾਤ ’ਚ ਸੀ, ਉਨ੍ਹਾਂ ਸਮਿਆਂ ਵਿੱਚ ਯੂਨੀਸੈਫ ਵੱਲੋਂ ਸਕੂਲੀ ਬੱਚਿਆਂ ਨੂੰ ਪਿਲਾਉਣ ਲਈ ਸੁੱਕਾ ਦੁੱਧ ਭੇਜਿਆ ਜਾਂਦਾ ਸੀ ਜਿਸ ਨੂੰ ਵੱਡੇ ਦੇਗੇ ਵਿੱਚ ਉਬਾਲਿਆ ਜਾਂਦਾ ਸੀ, ਪਰ ਇਹ ਦੁੱਧ ਪੀਣ ’ਚ ਬੇਸੁਆਦਾ ਲੱਗਦਾ ਸੀ, ਹਾਂ ਮਿੱਠਾ ਪਾਉਣ ਨਾਲ ਕੁੱਝ ਹੱਦ ਤੱਕ ਸੁਆਦ ਬਦਲ ਜਾਂਦਾ ਸੀ। ਇਸ ਕਰਕੇ ਬੱਚੇ ਗੁੜ-ਸ਼ੱਕਰ ਆਦਿ ਘਰੋਂ ਲੈ ਆਉਂਦੇ ਤੇ ਬਕਬਕੇ ਦੁੱਧ ਦਾ ਸਵਾਦ ਬਦਲ ਲੈਂਦੇ। ਪੰਜਵੀਂ ਜਮਾਤ ਦੀ ਫੀਸ ਉਸ ਸਮੇਂ ਪੰਜ ਪੈਸੇ ਹੁੰਦੀ ਸੀ। ਉਸ ਨੇ ਫੀਸ ਲਈ ਮਾਂ ਦੇ ਦਿੱਤੇ ਪੰਜ ਪੈਸਿਆਂ ਦੀ ਖੰਡ ਨੰਦੀ ਬਾਣੀਏ ਦੀ ਹੱਟੀ ਤੋਂ ਲੈ ਕੇ ਅਖ਼ਬਾਰੀ ਕਾਗਜ਼ ਵਿੱਚ ਬੰਨ੍ਹੀ ਪੁੜੀ ਨੂੰ ਆਪਣੇ ਦਰੀ ਦੇ ਬੁਣੇ ਬਸਤੇ ’ਚ ਲੁਕੋ ਲਿਆ ਤੇ ਫਿਰ ਇਸ ਪੰਜ ਪੈਸਿਆਂ ਦੀ ਖੰਡ ਨਾਲ ਚਾਰ-ਪੰਜ ਦਿਨ ਮਿੱਠੇ ਦੁੱਧ ਦੇ ਨਜ਼ਾਰੇ ਲਏ ਸਨ। ਇਹ ਵੱਖਰੀ ਗੱਲ ਹੈ ਕਿ ਫੀਸ ਨਾ ਦੇਣ ਦਾ ਪਤਾ ਲੱਗਣ ’ਤੇ ਘਰ ਦਿਆਂ ਨੇ ਝੰਡ ਵੀ ਲਾਹੀ ਸੀ ਕਿਉਂਕਿ ਘਰੋਂ ਗੁੜ ਲਿਜਾਣ ਦੀ ਬਜਾਏ ਮਹਿੰਗੀ ਖੰਡ ਖ਼ਰੀਦੀ। ਉਨ੍ਹਾਂ ਦਿਨਾਂ ਵਿੱਚ ਪੱਕੇ ਮਿੱਠੇ ਦੀ ਵਰਤੋਂ ਕੇਵਲ ਪ੍ਰਾਹੁਣਿਆਂ ਲਈ ਹੀ ਕੀਤੀ ਜਾਂਦੀ ਸੀ।
ਉਹ ਮਨ ਹੀ ਮਨ ਮੁਸਕਰਾਇਆ ਤੇ ਅੱਗੇ ਤੁਰ ਪਿਆ। ਤੁਰਦਾ ਤੁਰਦਾ ਉਹ ਹੁਣ ਆਪਣੇ ਸਕੂਲ ਵਾਲੇ ਰਾਹ ’ਤੇ ਪਹੁੰਚ ਗਿਆ ਸੀ। ਸਕੂਲ ਪਿੰਡੋਂ ਬਾਹਰ ਵਾਰ ਰੋੜੀ ਕਪੂਰੇ ਨੂੰ ਜਾਂਦੀ ਸੜਕ ’ਤੇ, ਸੜਕ ਤੋਂ ਦੋ ਕੁ ਸੌ ਮੀਟਰ ਹਟਵਾਂ ਸਥਿਤ ਹੈ। ਇਹ ਸਕੂਲ ਫ਼ਰੀਦਕੋਟ ਸਟੇਟ ਦੇ ਆਖਰੀ ਰਾਜੇ ਹਰਿੰਦਰ ਸਿੰਘ ਬਰਾੜ ਵੱਲੋਂ ਬਣਾਏ ਗਏ ਗਿਣਵੇ ਸਕੂਲਾਂ ਵਿੱਚੋਂ ਇੱਕ ਹੈ। ਉਸ ਸਮੇਂ ਇਹ ਰਾਓ ਬਰਾੜ ਹਾਈ ਸਕੂਲ ਦੇ ਨਾਂ ਜਾਣਿਆ ਜਾਂਦਾ ਸੀ ਜੋ ਆਜ਼ਾਦੀ ਦੇ ਬਾਅਦ ਸਰਕਾਰੀ ਹਾਈ ਸਕੂਲ ’ਚ ਬਦਲ ਗਿਆ। ਇਸ ਸਕੂਲ ਦਾ ਨੀਂਹ ਪੱਥਰ ਰਾਜੇ ਨੇ ਆਜ਼ਾਦੀ ਤੋਂ ਪੂਰਾ ਇੱਕ ਸਾਲ ਪਹਿਲਾਂ 16 ਅਗਸਤ 1946 ਨੂੰ ਰੱਖਿਆ ਸੀ ਜੋ ਹਾਲੇ ਮੌਜੂਦ ਹੈ, ਪ੍ਰੰਤੂ ਇਸ ਦਾ ਉਦਘਾਟਨ ਉਸ ਸਮੇਂ ਦੇ ਗਵਰਨਰ ਪੰਜਾਬ ਵੱਲੋਂ ਕੀਤਾ ਗਿਆ ਜਿਸ ਦਾ ਉਦਘਾਟਨੀ ਪੱਥਰ ਇਸ ਸਕੂਲ ਨੂੰ ਅਪਗ੍ਰੇਡ ਕਰਨ ਸਮੇਂ ਮੌਕੇ ਦੀ ਸਰਕਾਰ ਨੇ ਉਖਾੜ ਕੇ ਆਪਣੀ ਸਰਕਾਰ ਦਾ ਲਾ ਦਿੱਤਾ। ਵਿਰਾਸਤੀ ਨਿਸ਼ਾਨੀ ਨੂੰ ਖ਼ਤਮ ਕਰ ਦਿੱਤਾ।
ਅੰਗਰੇਜ਼ੀ ਵਰਣਮਾਲਾ ਦੇ ‘ਸੀ’ (C) ਅੱਖਰ ਦੇ ਆਕਾਰ ’ਚ ਸਕੂਲ ਦੀ ਇਮਾਰਤ ਆਪਣੇ ਉਸੇ ਰੂਪ ’ਚ ਮੌਜੂਦ ਹੈ। ਸਕੂਲ ਦਾ ਪ੍ਰਾਇਮਰੀ ਵਿੰਗ ਬਾਅਦ ਵਿੱਚ ਉਸ ਤੋਂ ਹਟਵਾਂ ਵੱਖਰਾ ਬਣਾ ਦਿੱਤਾ ਹੈ। ਹੈੱਡਮਾਸਟਰ ਲਈ ਤਿੰਨ ਕਮਰਿਆਂ ਦਾ ਰਿਹਾਇਸ਼ੀ ਘਰ ਵੀ ਸਕੂਲ ਦੀ ਇਮਾਰਤ ਦੇ ਨਾਲ ਹੀ ਬਣਵਾਇਆ ਸੀ। ਉਸ ਨੂੰ ਯਾਦ ਹੈ ਕਿ ਉਸ ਦੇ ਪੜ੍ਹਦੇ ਹੋਣ ਸਮੇਂ ਹੈੱਡਮਾਸਟਰ ਸਾਹਿਬ ਦੀ ਰਿਹਾਇਸ਼ ਉਸੇ ਘਰ ’ਚ ਹੀ ਹੁੰਦੀ ਸੀ। ਰਾਜਾ ਫ਼ਰੀਦਕੋਟ ਵੱਲੋਂ ਸਕੂਲ ਦੇ ਖ਼ਰਚਿਆਂ ਲਈ ਕੁੱਝ ਜ਼ਮੀਨ ਵੀ ਅਲਾਟ ਕੀਤੀ ਗਈ ਸੀ ਅਤੇ ਪਾਣੀ ਲਈ ਖੂਹ ਵੀ ਤਾਮੀਰ ਕਰਵਾਇਆ ਸੀ ਹਲਟੀ ਵਾਲਾ। ਪਿੰਡ ਦਾ ਜੋ ਘਰ ਸਕੂਲੀ ਜ਼ਮੀਨ ’ਚ ਕਾਸ਼ਤ ਕਰਦਾ, ਉਹੀ ਸਕੂਲ ਦੇ ਬੱਚਿਆਂ ਲਈ ਬਣੀ ਡੱਗੀ ਵਿੱਚ ਹਲਟ ਚਲਾ ਕੇ ਪਾਣੀ ਭਰਦਾ ਸੀ, ਪਰ ਹੁਣ ਸਭ ਕੁੱਝ ਲੋਪ ਹੋ ਗਿਆ ਸੀ। ਪਾਣੀ ਵਾਸਤੇ ਵਾਟਰ ਵਰਕਸ ਦਾ ਪ੍ਰਬੰਧ ਹੈ।
ਉਹ ਬਾਹਰੋਂ ਤੁਰਦਾ ਹੈੱਡਮਾਸਟਰ ਦੇ ਦਫ਼ਤਰ ਅੱਗੇ ਜਾ ਖੜ੍ਹਾ ਹੋਇਆ। ਦਫ਼ਤਰ ਸਾਹਮਣੇ ਹੀ ਕਲਰਕ ਦਾ ਕਮਰਾ ਉਸੇ ਤਰ੍ਹਾਂ ਹੀ ਹੈ। ਫਿਰ ਉਹ ਸੋਚਦਾ ਬਾਹਰ ਤੁਰ ਆਇਆ ਕਿੰਨੀਆਂ ਪੇਸ਼ੀਆਂ ਪਈਆਂ ਸਨ ਇਸ ਦਫ਼ਤਰ ’ਚ। ਉਸ ਦੇ ਚਿਹਰੇ ਮਿੰਨੀ ਜਿਹੀ ਮੁਸਕਾਨ ਆ ਗਈ। ਉੱਥੋਂ ਬਾਹਰ ਨਿਕਲ ਕੇ ਉਹ ਉੱਤਰ-ਪੱਛਮ ਵਾਲੇ ਪਾਸੇ ਜਾਂਦੀ ਪਹੀ ’ਤੇ ਤੁਰ ਪਿਆ। ਜੋ ਉਸ ਦੇ ਘਰਾਂ ਵੱਲ ਜਾ ਨਿਕਲਦੀ ਸੀ। ਉਹ ਇਸੇ ਪਹੀ ਤੋਂ ਹੀ ਸਕੂਲ ਆਇਆ ਜਾਇਆ ਕਰਦਾ ਸੀ। ਇਸ ਚਾਰ ਫੁੱਟੀ ਪਹੀ ’ਤੇ ਤੁਰਦੇ ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਆਪਣੀਆਂ ਪੈੜਾਂ ’ਚ ਪੈਰ ਰੱਖਦਾ ਜਾ ਰਿਹਾ ਹੋਵੇ। ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਹਰੀ ਨੌਂ ਵਾਲੇ ਰਾਹ ’ਤੇ ਵੱਡੇ ਛੱਪੜ ’ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਇੱਕ ਚਵਿੱਡਾ ਖੂਹ ਹੁੰਦਾ ਸੀ। ਹੁਣ ਨਾ ਖੂਹ ਰਿਹਾ ਨਾ ਛੱਪੜ। ਖੂਹ ਤੇ ਛੱਪੜ ਦੋਵੇਂ ਹੀ ਪੂਰ ਦਿੱਤੇ ਸਨ। ਲਾਵਾਰਿਸ ਤੇ ਬੇਲੋੜੀਆਂ ਚੀਜ਼ਾਂ ਦਾ ਇਹੀ ਹਾਲ ਹੁੰਦੈ, ਉਸ ਨੇ ਸੋਚਿਆ।
ਇੱਥੋਂ ਪਿੰਡ ਵਿੱਚ ਜਾਂਦੀ ਚੌੜੀ ਵੀਹੀ ਸਿੱਧੀ ਗੁਰਦੁਆਰੇ ਕੋਲ ਜਾ ਪਹੁੰਚਦੀ ਹੈ। ਗੁਰਦੁਆਰੇ ਦੇ ਪਿਛਲੇ ਪਾਸੇ ਹੀ ਉਨ੍ਹਾਂ ਦਾ ਪੁਰਾਣਾ ਘਰ ਹੈ, ਜੋ ਉਸ ਦੇ ਹਿੱਸੇ ਵੰਡ ਆਇਆ ਸੀ। ਘਰ ਦੀ ਵੰਡਾਈ ’ਚ ਛੋਟੇ ਭਰਾ ਤੋਂ ਜੱਦੀ ਘਰ ਉਸ ਨੇ ਆਪਣੇ ਹਿੱਸੇ ਪਾ ਲਿਆ ਸੀ ਤੇ ਛੋਟੇ ਭਰਾ ਨੇ ਬਾਹਰਲੀ ਫਿਰਨੀ ’ਤੇ ਸਾਂਝੇ ਖੱਤੇ ਵਿੱਚ ਕੋਠੀ ਪਾ ਲਈ ਸੀ। ਗੁਰਦੁਆਰੇ ਕੋਲ ਪਹੁੰਚਿਆਂ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ। ਸਾਰਾ ਕੁੱਝ ਹੀ ਬਦਲਿਆ ਪਿਆ ਸੀ। ਇਮਾਰਤ ਢਾਹ ਕੇ ਨਵੀਂ ਬਣਾਉਣ ਲਈ ਖਾਲੀ ਥਾਂ ’ਤੇ ਨਵੀਆਂ ਇੱਟਾਂ ਦੇ ਚੱਠੇ ਲੱਗੇ ਹੋਏ ਸਨ। ਪੁਰਾਣੀ ਇਮਾਰਤ ਤਾਂ ਬਹੁਤ ਮਜ਼ਬੂਤ ਸੀ। ਉਸ ਨੂੰ ਚੰਗੀ ਤਰ੍ਹਾਂ ਚੇਤੇ ਸੀ ਕਿ ਇਹ ਕੋਈ ਸੌ ਕੁ ਸਾਲ ਪੁਰਾਣੀ ਦੋ ਮੰਜ਼ਲੀ ਇਮਾਰਤ ਕੇਰੀ ਚੂਨੇ ਨਾਲ ਉਸਾਰੀ ਗਈ ਸੀ। ਵੱਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਨੀਹਾਂ ਦੀ ਮਜ਼ਬੂਤੀ ਲਈ ਮਹਾਂ ਦੀ ਦਾਲ ਪੀਸ ਕੇ ਕੇਰੀ ਚੂਨੇ ਦੇ ਮਸਾਲੇ ’ਚ ਮਿਲਾਈ ਗਈ ਸੀ। ਜਿਸ ਦੇ ਉੱਪਰਲੀ ਮੰਜ਼ਿਲ ’ਤੇ ਗੁਰਦੁਆਰਾ ਸਾਹਿਬ ਤੇ ਹੇਠਲੇ ਕਮਰੇ, ਬਰਾਂਡਾ ਤੇ ਖੁੱਲ੍ਹਾ ਵਿਹੜਾ ਧਰਮਸ਼ਾਲਾ ਲਈ ਵਰਤਿਆ ਜਾਂਦਾ ਸੀ। ਗਰਮੀਆਂ ਦੀਆਂ ਦੁਪਹਿਰਾਂ ਵਿੱਚ ਇਸ ਦੇ ਖੁੱਲ੍ਹੇ ਕਮਰੇ ਤਾਸ਼ ਦੇ ਖਿਡਾਰੀਆਂ ਦੀ ਸ਼ਾਨ ਸਨ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਾਸ਼ ਦੀਆਂ ਗੇਮਾਂ ਉਸ ਨੇ ਸਕੂਲੀ ਸਮੇਂ ਵਿੱਚ ਵੇਖੀਆਂ ਸਨ। ਹੁਣ ਤਾਂ ਨਾਮੋ ਨਿਸ਼ਾਨ ਹੀ ਖ਼ਤਮ ਹੋ ਗਏ ਸਨ।
ਅਣਮਨੇ ਜਿਹੇ ਮਨ ਨਾਲ ਉਹ ਆਪਣੇ ਘਰ ਵੱਲ ਨੂੰ ਮੁੜ ਗਿਆ। ਘਰ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਨੱਬਿਆਂ ਨੂੰ ਢੁੱਕੀ ਚਾਚੀ ਪ੍ਰਸਿੰਨੀ ਬਾਰ ਮੂਹਰੇ ਮੰਜੀ ਡਾਹੀ ਬੈਠੀ ਸੀ। ਆਪਣਾ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਚਾਚੀ ਦੇ ਪੈਰ ਛੂਹਣ ਲਈ ਅਹੁਲਿਆ, ‘‘ਕਿਹੜਾ ਐ ਪੁੱਤ?’’ ‘‘ਮੈਂ ਬਿੰਦਰ ਹਾਂ ਚਾਚੀ।’’
ਚਾਚੀ ਸੱਜੇ ਹੱਥ ਨਾਲ ਅੱਖਾਂ ’ਤੇ ਓਟ ਦੇ ਕੇ ਖੱਬਾ ਹੱਥ ਮੇਰੇ ਮੋਢੇ ਉੱਤੇ ਰੱਖ ਕੇ ਬੋਲੀ, ‘‘ਆ ਵੇ ਜਿਊਣ ਜੋਗਿਆ! ਭੁੱਲ ਭੁਲਾ ਗਿਆ ਹੀ ਪਿੰਡ ਨੂੰ ਤਾਂ।’’ ਚਾਚੀ ਨੂੰ ਸੁੱਖ ਸਾਂਦ ਪੁੱਛ ਦੱਸ ਕੇ ਮੈਂ ਘਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਪੈਰ ਧਰਿਆ ਤਾਂ ਮੇਰੀ ਧਾਹ ਨਿਕਲ ਗਈ। ਬਾਪੂ ਦੇ ਰੀਝਾਂ ਨਾਲ ਬਣਾਏ ਘਰ ਦੀ ਦੁਰਦਸ਼ਾ ਮੈਥੋਂ ਵੇਖੀ ਨਹੀਂ ਸੀ ਜਾ ਰਹੀ। ਕਮਰਿਆਂ ਦੇ ਮੂਹਰੇ ਬਣੇ ਟਾਇਲਾਂ ਬਾਲਿਆਂ ਦੇ ਵਰਾਂਡੇ ਦੇ ਕਈ ਬਾਲੇ ਲਿਫ ਗਏ ਸਨ ਤੇ ਟਾਇਲਾਂ ਦਾ ਚੜ੍ਹਾ ਘਟਣ ਕਾਰਨ ਕਦੇ ਵੀ ਡਿੱਗ ਸਕਦੇ ਸਨ। ਅੰਦਰਲੇ ਕਮਰਿਆਂ ਦੇ ਦਰਵਾਜ਼ੇ ਸਲਾਭ ਕਾਰਨ ਫੁੱਲ ਗਏ ਸਨ ਤੇ ਖੁੱਲ੍ਹਣ ਤੋਂ ਇਨਕਾਰੀ ਸਨ। ਸਾਰੇ ਹਾਲਤ ਵੇਖ ਕੇ ਉਸ ਦਾ ਮਨ ਭਰ ਆਇਆ।
ਉਸ ਨੂੰ ਯਾਦ ਸੀ ਕਿ ਛੋਟੇ ਭਰਾ ਨੇ ਵੰਡ ਵੰਡਾਈ ਵੇਲੇ ਪੁਰਾਣਾ ਘਰ ਖ਼ੁਦ ਸੰਭਾਲਣ ਲਈ ਜ਼ੋਰ ਲਾਇਆ ਸੀ, ਪਰ ਉਸ ਨੇ ਭਾਵੁਕਤਾ ਵੱਸ ਆਪਣੇ ਕੋਲ ਰੱਖ ਲਿਆ ਸੀ। ਉਹ ਹੁਣ ਪਛਤਾ ਰਿਹਾ ਸੀ। ਉਸ ਨੇ ਵਿਹੜੇ ਵਿੱਚ ਫਿਰ ਕੇ ਵੇਖਿਆ। ਇੱਟਾਂ ਜੋੜ ਕੇ ਲਾਏ ਫਰਸ਼ ਦੀਆਂ ਵਿਰਲਾਂ ’ਚੋਂ ਖੱਬਲ ਘਾਹ ਦੀਆਂ ਤਿੜਾਂ ਫੁੱਟ ਆਈਆਂ ਸਨ ਜਿਨ੍ਹਾਂ ਕਰਕੇ ਇੱਟਾਂ ਨਜ਼ਰ ਹੀ ਨਹੀਂ ਸੀ ਆਉਂਦੀਆਂ। ਉਸ ਨੇ ਬੂਟ ਦੇ ਠੁੱਡ ਨਾਲ ਤਿੜਾਂ ਨੂੰ ਹਟਾਉਣ ਦੀ ਨਿਰਮੂਲ ਕੋਸ਼ਿਸ਼ ਕੀਤੀ। ਉਸ ਨੂੰ ਚੇਤੇ ਸੀ ਇਸ ਕੱਚੇ ਵਿਹੜੇ ’ਚ ਉਸ ਦੀਆਂ ਪੈੜਾਂ ਵੀ ਪਈਆਂ ਸਨ ਤੇ ਫਿਰ ਆਪਣੇ ਪੋਤਰਿਆਂ ਦੇ ਤਿੰਨ ਪਹੀਆ ਸਾਈਕਲ ਚਲਾਉਣ ਲਈ ਬਾਪੂ ਨੇ ਇੱਟਾਂ ਦਾ ਫਰਸ਼ ਲੁਆ ਦਿੱਤਾ ਸੀ। ਸਾਰੇ ਹਾਲਾਤ ਵੇਖ ਕੇ ਉਸ ਦੇ ਮਨ ’ਚੋਂ ਇੱਕ ਹੂਕ ਨਿਕਲੀ। ਉਹ ਵਿਹੜੇ ਵਿੱਚ ਖੜ੍ਹਾ ਕੁੱਝ ਚਿਰ ਸੋਚਦਾ ਰਿਹਾ ਤੇ ਫਿਰ ਮਨ ਪੱਕਾ ਕਰ ਲਿਆ ਕਿ ਉਹ ਚਾਬੀ ਛੋਟੇ ਭਰਾ ਦੇ ਹਵਾਲੇ ਕਰ ਦੇਵੇਗਾ ਤੇ ਮੁਰੰਮਤ ਦਾ ਖ਼ਰਚਾ ਵੀ ਦੇਵੇਗਾ ਤਾਂ ਕਿ ਬਾਪੂ ਦੀ ਵਿਰਾਸਤ ਬਚੀ ਰਹੇ। ਉਸ ਨੇ ਆਪਣੇ-ਆਪ ਹਲਕਾ ਮਹਿਸੂਸ ਕਰਕੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਮਾਰ ਦਿੱਤਾ। ਮੁੜਨ ਲੱਗੇ ਨੇ ਚਾਚੀ ਪ੍ਰਸਿੰਨੀ ਦੇ ਘਰ ਵੱਲ ਨਿਗਾਹ ਮਾਰੀ, ਮੰਜੀ ਖਾਲੀ ਪਈ ਸੀ, ਸ਼ਾਇਦ ਚਾਚੀ ਘਰ ਅੰਦਰ ਚਲੀ ਗਈ ਹੋਵੇ। ਉਹ ਕਾਹਲੇ ਕਦਮੀਂ ਛੋਟੇ ਦੇ ਘਰ ਜਾਣ ਲਈ ਆਪਣੀ ਗਲੀ ਤੋਂ ਬਾਹਰ ਆ ਗਿਆ।
ਸੰਪਰਕ: 17807293615

Advertisement
Advertisement