ਗਾਇਨੀ ਵਾਰਡ ’ਚ ਗੁੱਲ ਹੋਣ ਕਾਰਨ ਰਾਜਿੰਦਰਾ ਹਸਪਤਾਲ ਮੁੜ ਚਰਚਾ ’ਚ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਪਰੈਲ਼
ਪਟਿਆਲਾ ’ਚ ਸਥਿਤ ਉਤਰੀ ਭਾਰਤ ਪੱਧਰ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਬੱਤੀ ਗੁੱਲ ਹੋਣ ਦੇ ਮਾਮਲੇ ਨੂੰ ਲੈ ਕੇ ਮੁੜ ਚਰਚਾ ’ਚ ਹੈ। ਇਸ ਵਾਰ ਵੀ ਹਸਪਤਾਲ ਦੀ ਗਾਇਨੀ ਵਾਰਡ ’ਚ ਬੱਤੀ ਗੁੱਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਅਧਿਕਾਰੀ ਮੁਰੰਮਤ ਚੱਲਦੀ ਹੋਣ ਕਾਰਨ ਕੇਵਲ 10/15 ਮਿੰਟ ਹੀ ਬਿਜਲੀ ਬੰਦ ਹੋਣ ਦੀ ਗੱਲ ਕਰ ਰਹੇ ਹਨ ਪਰ ਇੱਥੇ ਦਾਖਲ ਗਰਭਵਤੀ ਮਹਿਲਾਵਾਂ ਦੇ ਰਿਸ਼ਤੇਦਾਰਾਂ ਦਾ ਤਰਕ ਹੈ ਕਿ 20/25 ਮਿੰਟਾਂ ਤੱਕ ਬਿਜਲੀ ਬੰਦ ਰਹੀ, ਜਿਸ ਕਾਰਨ ਉਨ੍ਹਾਂ ਨੂੰ ਇਥੇ ਦਾਖ਼ਲ ਮਹਿਲਾ ਮਰੀਜ਼ਾਂ ਨੂੰ ਪੱਤੀਆਂ ਜਾਂ ਅਖਬਾਰਾਂ ਆਦਿ ਨਾਲ ਝੱਲ ਮਾਰ ਕੇ ਗਰਮੀ ਤੋਂ ਬਚਾਅ ਕਰਨਾ ਪਿਆ। ਇਕ ਮਰੀਜ਼ ਦੇ ਰਿਸ਼ਤੇਦਾਰ ਦਾ ਕਹਿਣਾ ਸੀ ਕਿ ਇਸੇ ਹੀ ਵਾਰਡ ’ਚ 13 ਅਪਰੈਲ ਨੂੰ ਵੀ ਕੁਝ ਮਿੰਟਾਂ ਲਈ ਇਸੇ ਤਰ੍ਹਾ ਬਿਜਲੀ ਬੰਦ ਹੋ ਗਈ ਸੀ।
ਦੱਸਣਯੋਗ ਹੈ ਕਿ ਡੇਢ ਦਹਾਕਾ ਪਹਿਲਾਂ ਇਥੋਂ ਦੇ ਬੱਚਾ ਵਾਰਡ ’ਚ ਅੱਗ ਲੱਗ ਜਾਣ ਕਰਕੇ ਪੰਜ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। ਪਿਛਲੇ ਮਹੀਨੇ ਹੀ ਇਸ ਨਵੀਂ ਬੱਚਾ ਵਾਰਡ ’ਚ ਬਿਜਲੀ ਦੀਆਂ ਤਾਰਾਂ ਅਤੇ ਪਲੱਗਾਂ ’ਚ ਸਪਾਰਕਿੰਗ ਹੋਣ ਕਾਰਨ ਮੁੜ ਤੋਂ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਅਜੇ ਫਰਵਰੀ ਮਹੀਨੇ ਚ ਹੀ ਇਥੇ ਇਕ ਮਰੀਜ਼ ਦੇ ਅਪਰੇਸ਼ਨ ਦੌਰਾਨ ਬੱਤੀ ਗੁੱਲ ਹੋਣ ਕਾਰਨ ਮੌਕੇ ’ਤੇ ਮੌਜੂਦ ਡਾਕਟਰਾਂ ਨੂੰ ਆਪਣੇ ਮੋਬਾਈਲ ਫੋਨਾਂ ਦੀਆਂ ਲਾਈਟ ਨਾਲ ਰੋਸ਼ਨੀ ਕਰਕੇ ਅਪਰੇਸ਼ਨ ਨੂੰ ਨੇਪਰੇ ਚਾੜ੍ਹਿਆ ਸੀ। ਬਿਜਲੀ ਬੰਦ ਹੋਣ ਦੀ ਸੂਰਤ ’ਚ ਬੈਕਅੱਪ ਵੀ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਇਸ ਮਾਮਲੇ ਦੀ ਵਿਧਾਨ ਸਭਾ ਅਤੇ ਅਦਾਲਤ ਤੱਕ ਵੀ ਗੂੰਜ ਪਈ। ਜਿਸ ਦੌਰਾਨ ਪ੍ਰਬੰਧਕਾਂ ਵੱਲੋਂ ਅਜਿਹੀਆਂ ਪ੍ਰਸਥਿਤੀਆਂ ’ਚ ਬੈਕਅੱਪ ਯਕੀਨੀ ਬਣਾਉਣ ਲਈ ਲੋੜੀਂਦੇ ਉਪਕਰਨਾ ਦੀ ਵਰਤੋਂ ਕਰਨ ਦੀ ਗੱਲ ਆਖੀ ਗਈ ਸੀ ਪਰ ਗਾਇਨੀ ਵਾਰਡ ’ਚ ਬੱਤੀ ਬੰਦ ਹੋਣ ਦੀ ਅੱਜ ਦੀ ਤਾਜ਼ਾ ਘਟਨਾ ਦੌਰਾਨ ਮੁੜ ਤੋਂ ਬਿਜਲੀ ਦਾ ਬੈਕਅੱੱਪ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਹਸਪਤਾਲ ਦੇ ਅਧਿਕਾਰੀਆਂ ਨੇ ਤਰਕ ਦਿੱਤਾ ਹੈ ਕਿ ਬਿਜਲੀ ਦੀ ਮੁਰੰਮਤ ਚੱਲਦੀ ਹੋਣ ਕਾਰਨ ਹੀ ਅੱਜ ਬਿਜਲੀ ਬੰਦ ਹੋਈ ਹੈ। ਪਰ ਇਹ ਅਧਿਕਾਰੀ ਬਿਜਲੀ ਬੈਕਅੱਪ ਨਾ ਹੋਣ ਸਬੰਧੀ ਸਪੱਸ਼ਟ ਜਵਾਬ ਨਾ ਦੇ ਸਕੇ।
ਅੱਜ 15 ਅਪਰੈਲ ਨੂੰ ਗਾਇਨੀ ਵਾਰਡ ਦੀ ਬੱਤੀ ਬੰਦ ਹੋਣ ਸਬੰਧੀ ਵਾਇਰਲ ਹੋਈ ਇੱਕ ਵੀਡੀਓ ਦੇ ਹਵਾਲੇ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ।