ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ’ਚ ਦੋ ਕਾਬੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਮਾਰਚ
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਅੰਮ੍ਰਿਤਸਰ ਨੇ ਪਾਕਿਸਤਾਨ ਦੀ ਹਮਾਇਤ ਵਾਲੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋ ਪੰਜ ਅਤਿ-ਆਧੁਨਿਕ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫ਼ਤਹਿ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਪਿੰਡ ਢੱਲਾ, ਤਰਨ ਤਾਰਨ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਗੈਂਗਸਟਰ ਲਖਬੀਰ ਲੰਡਾ ਅਤੇ ਸੱਤਾ ਨੌਸ਼ਹਿਰਾ ਦੇ ਸਾਥੀਆਂ ਨੂੰ ਅੱਗੇ ਹਥਿਆਰ ਸਪਲਾਈ ਕਰ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਸੀਆਈ ਅੰਮ੍ਰਿਤਸਰ ਦੇ ਤਰਨ ਤਾਰਨ ਵਿੰਗ ਦੀ ਟੀਮ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਫਤਹਿ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਆਧਾਰਤ ਤਸਕਰ ਅਮਰ ਵਾਸੀ ਘੜਕ ਨਾਲ ਸਬੰਧ ਹਨ, ਜੋ ਸਰਹੱਦ ਪਾਰੋਂ ਹਥਿਆਰਾਂ ਦੀ ਖੇਪ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਹੈ। ਪੁਲੀਸ ਨੂੰ ਪੁੱਖਤਾ ਸੂਚਨਾ ਮਿਲੀ ਸੀ ਕਿ ਫ਼ਤਹਿ ਅਤੇ ਗੁਰਪ੍ਰੀਤ ਨੇ ਹਾਲ ਹੀ ਵਿੱਚ ਗੈਰ-ਕਾਨੂੰਨੀ ਹਥਿਆਰਾਂ/ਗੋਲਾ ਬਾਰੂਦ ਦੀ ਇੱਕ ਵੱਡੀ ਖੇਪ ਹਾਸਲ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਇਹ ਖੇਪ ਅੰਮ੍ਰਿਤਸਰ ਦੇ ਨਰਾਇਣਗੜ੍ਹ ਵਿੱਚ ਸਰਕਾਰੀ ਸਕੂਲ ਆਫ ਐਮੀਨੈਂਸ ਦੇ ਨੇੜੇ ਪਹੁੰਚਾਉਣ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੀਆਈ ਵਿੰਗ ਦੀਆਂ ਪੁਲੀਸ ਟੀਮਾਂ ਨੇ ਖੁਫੀਆ ਅਪ੍ਰੇਸ਼ਨ ਚਲਾਇਆ ਅਤੇ ਦੋਵੇਂ ਮੁਲਜ਼ਮਾਂ ਨੂੰ ਪੰਜ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ-ਆਧਾਰਤ ਤਸਕਰ ਅਮਰ ਅਤੇ ਉਸ ਦੇ ਸਾਥੀ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਸੱਤਾ ਨੌਸ਼ਹਿਰਾ ਨਾਲ ਮਿਲ ਕੇ ਕੰਮ ਕਰ ਰਹੇ ਹਨ, ਜਿਨ੍ਹਾਂ ਵੱਲੋਂ ਡਰੋਨ ਦੀ ਮਦਦ ਨਾਲ ਭਾਰਤੀ ਸਾਥੀਆਂ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ।