ਗਲੀ ਕ੍ਰਿਕਟ ਟੂਰਨਾਮੈਂਟ ਦੀ ਜਰਸੀ ਜਾਰੀ
ਚੰਡੀਗੜ੍ਹ, 17 ਅਪਰੈਲ
ਗਲੀ ਕ੍ਰਿਕਟ ਟੂਰਨਾਮੈਂਟ ਦੇ ਤੀਜੇ ਐਡੀਸ਼ਨ ਲਈ ਅਧਿਕਾਰਿਤ ਜਰਸੀ ਦਾ ਲਾਂਚ ਅੱਜ ਇੱਥੇ ਸੈਕਟਰ-9 ਸਥਿਤ ਯੂਟੀ ਪੁਲੀਸ ਹੈੱਡਕੁਆਰਟਰ ਵਿਖੇ ਇੱਕ ਸਾਦੇ ਸਮਾਰੋਹ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਸੀਨੀਅਰ ਪੁਲੀਸ ਅਤੇ ਯੂਟੀਸੀਏ ਅਧਿਕਾਰੀ, ਟੂਰਨਾਮੈਂਟ ਪ੍ਰਬੰਧਕ, ਯੂਟੀ ਪ੍ਰਸ਼ਾਸਨ, ਨਗਰ ਨਿਗਮ ਦੇ ਪ੍ਰਤੀਨਿਧੀ ਅਤੇ ਉਤਸ਼ਾਹੀ ਕ੍ਰਿਕਟਰ ਮੌਜੂਦ ਸਨ।
ਇਸ ਉਦਘਾਟਨ ਦੀ ਅਗਵਾਈ ਚੰਡੀਗੜ੍ਹ ਪੁਲੀਸ ਦੇ ਇੰਸਪੈਕਟਰ ਜਨਰਲ ਰਾਜ ਕੁਮਾਰ ਸਿੰਘ (ਆਈਪੀਐੱਸ) ਅਤੇ ਯੂਟੀ ਕ੍ਰਿਕਟ ਐਸੋਸੀਏਸ਼ਨ (ਯੂਟੀਸੀਏ) ਦੇ ਪ੍ਰਧਾਨ ਸੰਜੇ ਟੰਡਨ ਨੇ ਕੀਤੀ। ਉਨ੍ਹਾਂ ਨੌਜਵਾਨਾਂ ਵਿੱਚ ਖੇਡ ਭਾਵਨਾ, ਤੰਦਰੁਸਤੀ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਵਿੱਚ ਟੂਰਨਾਮੈਂਟ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਪ੍ਰਬੰਧਕਾਂ ਨੇ ਕਿਹਾ ਕਿ ਨਵੀਂ ਲਾਂਚ ਕੀਤੀ ਗਈ ਜਰਸੀ ਵਿੱਚ ਇੱਕ ਜੀਵੰਤ ਅਤੇ ਬੋਲਡ ਡਿਜ਼ਾਈਨ ਹੈ, ਜਿਸ ਦੀ ਟੈਗਲਾਈਨ ‘ਬੱਲਾ ਘੁੰਮਾਓ, ਨਸ਼ਾ ਭਜਾਓ’ ਰੱਖੀ ਗਈ ਹੈ, ਜੋ ਕ੍ਰਿਕਟ ਦੇ ਉਤਸ਼ਾਹ ਨੂੰ ਇੱਕ ਮਜ਼ਬੂਤ ਸਮਾਜਿਕ ਸੰਦੇਸ਼ ਦਿੰਦੀ ਹੈ ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ 20 ਅਪਰੈਲ ਨੂੰ ਸ਼ੁਰੂ ਹੋਵੇਗਾ ਅਤੇ 11 ਮਈ ਨੂੰ ਫਾਈਨਲ ਮੈਚ ਨਾਲ ਸਮਾਪਤ ਹੋਵੇਗਾ। ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ 19 ਅਪਰੈਲ ਨੂੰ ਸੈਕਟਰ 17 ਦੇ ਅਰਬਨ ਤਿਰੰਗਾ ਪਾਰਕ ਵਿਖੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕਰਨਗੇ। ਇਸ ਮੌਕੇ ਐੱਸਐੱਸਪੀ ਕੰਵਰਦੀਪ ਕੌਰ ਆਈਪੀਐੱਸ, ਐੱਸਪੀ ਹੈੱਡਕੁਆਰਟਰ ਮਨਜੀਤ ਸਿੰਘ ਆਈਪੀਐੱਸ ਅਤੇ ਡੀਐੱਸਪੀ ਵਿਕਾਸ ਸ਼ਿਓਕੰਦ ਹਾਜ਼ਰ ਸਨ।