ਗਤਕਾ: ਜੇਤੂ ਖਿਡਾਰੀਆਂ ਦਾ ਸਨਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮੀ ਖੇਡਾਂ, ਖੇਲੋ ਇੰਡੀਆ ਤੇ ਦਿੱਲੀ ਖੇਡਾਂ ਦੌਰਾਨ ਗਤਕਾ ਦੇ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਸਾਹਿਬ ਜੀ ਨੇ ਮੱਲ ਅਖਾੜਿਆਂ ਦੀ ਸ਼ੁਰੂਆਤ ਕਰਵਾਈ ਸੀ ਜਿਸ ਮਗਰੋਂ ਗਤਕੇ ਦੀ ਖੇਡ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਸਿੱਖ ਕੌਮ ਦੇ ਬੱਚੇ ਇਨ੍ਹਾਂ ਗਤਕਾ ਮੁਕਾਬਲਿਆਂ ’ਚ ਸਿਰਫ ਸੂਬਾਈ ਜਾਂ ਦੇਸ਼ ਪੱਧਰ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਵੀ ਮੈਡਲ ਜਿੱਤ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜ਼ੋਰਾਵਰ ਸਿੰਘ, ਸੁਰਿੰਦਰਪਾਲ ਸਿੰਘ ਹੰਸਪਾਲ ਤੇ ਇਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਦੇ ਹਨ ਜੋ ਇਸ ਮਾਮਲੇ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਸਾਨੂੰ ਸਾਡੀ ਰਵਾਇਤੀ ਖੇਡ ਨਾਲ ਵੀ ਜੋੜ ਰਹੇ ਹਨ। ਉਨ੍ਹਾਂ ਖਾਸ ਤੌਰ ’ਤੇ ਲੜਕੀਆਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਇਸ ਖੇਡ ਵਿਚ ਮੱਲਾਂ ਮਾਰੀਆਂ ਹਨ। ਇਸ ਮੌਕੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੀ ਸਨਮਾਨ ਕਰਨ ਵਾਲਿਆਂ ’ਚ ਸ਼ਾਮਲ ਸਨ।