ਖੰਡ ਮਿੱਲ ਭੋਗਪੁਰ ਦੇ ਕੋ-ਜਨਰੇਸ਼ਨ ਪਲਾਂਟ ਵਿੱਚ ਲੱਗੀ ਅੱਗ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 8 ਅਪਰੈਲ
ਇੱਥੇ ਸਹਿਕਾਰੀ ਖੰਡ ਮਿੱਲ ਵਿੱਚ ਸ੍ਰੀ ਗਨੇਸ਼ ਕੰਪਨੀ ਵੱਲੋਂ ਲਗਾਏ ਕੋ-ਜਨਰੇਸ਼ਨ ਪਲਾਂਟ (ਪਾਵਰ ਪਲਾਂਟ) ਵਿੱਚ ਅੱਗ ਲੱਗਣ ਕਾਰਨ ਬਿਜਲੀ ਦੀ ਮੋਟਰ ਅਤੇ ਨੇੜੇ ਪਈ ਗੰਨੇ ਦੀ ਖੋਈ ਤੇ ਪਰਾਲੀ ਦੀ ਰਹਿੰਦ-ਖੂੰਹਦ (ਬਿਗਾਸ) ਸੜ ਕੇ ਸੁਆਹ ਹੋ ਗਈ ਪਰ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਖੰਡ ਮਿੱਲ ਭੋਗਪੁਰ ਵਿੱਚ ਬਿਜਲੀ ਪੈਦਾ ਕਰਨ ਵਾਲਾ ਕੋ-ਜਨਰੇਸ਼ਨ ਪਲਾਂਟ ਚਲ ਰਿਹਾ ਸੀ। ਮੋਟਰ ਗਰਮ ਹੋਣ ਕਰਕੇ ਚੰਗਿਆੜੇ ਨਿਕਲੇ ਜਿਹੜੇ ਮੋਟਰ ਦੇ ਪਟੇ ਉੱਪਰ ਡਿੱਗ ਪਏ ਜਿਸ ਕਰਕੇ ਸਾਰਾ ਪੱਟਾ ਅੱਗ ਦੀ ਲਪੇਟ ਵਿੱਚ ਆ ਗਿਆ। ਇੱਥੇ ਨੇੜੇ ਪਈ ਬਿਗਾਸ ਨੂੰ ਅੱਗ ਲੱਗ ਗਈ। ਬਿਜਲੀ ਦੀ ਮੋਟਰ ਅਤੇ ਬਿਗਾਸ ਨੂੰ ਲੱਗੀ ਅੱਗ ਕਾਰਨ ਕੋ-ਜਨਰੇਸ਼ਨ ਪਲਾਂਟ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵਿੱਚ ਹਾਹਾਕਾਰ ਮੱਚ ਗਈ। ਕੁਝ ਦੂਰੀ ’ਤੇ ਖੰਡ ਮਿੱਲ ਭੋਗਪੁਰ ਦੇ ਸੇਵਾਮੁਕਤ ਹੋਏ ਕੁਝ ਮੁਲਾਜ਼ਮਾਂ ਦੀ ਵਿਦਾਇਗੀ ਪਾਰਟੀ ਚਲ ਰਹੀ ਸੀ ਜਿਸ ਕਰਕੇ ਖੰਡ ਮਿੱਲ ਦੇ ਮੁਲਾਜ਼ਮ ਵੀ ਘਟਨਾ ਸਥਾਨ ’ਤੇ ਪਹੁੰਚ ਗਏ। ਖੰਡ ਮਿੱਲ ਵਿੱਚ ਲੱਗੇ ਸਥਾਈ ਅੱਗ ਬੁਝਾਊ ਯੰਤਰਾਂ ਨਾਲ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਗਈ। ਇੰਨੇ ਸਮੇਂ ਵਿੱਚ ਆਦਮਪੁਰ, ਕਰਤਾਰਪੁਰ ਅਤੇ ਟਾਂਡਾ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚ ਗਈਆਂ ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਮਿੱਲ ਅਧਿਕਾਰੀਆਂ ਤੋਂ ਇਲਾਵਾ ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਰਵਿੰਦਰ ਪਹੁੰਚ ਗਏ।
ਇਸ ਸਬੰਧੀ ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਸ੍ਰੀ ਗਣੇਸ਼ ਕੰਪਨੀ ਵੱਲੋਂ ਬਿਜਲੀ ਪੈਦਾ ਕਰਨ ਲਈ ਕੋ-ਜਨਰੇਸ਼ਨ ਪਲਾਂਟ ਖੰਡ ਮਿੱਲ ਨਾਲ ਐੱਮਓਯੂ ਅਧੀਨ ਲਗਾਇਆ ਗਿਆ ਹੈ। ਉਸ ਵਿੱਚ ਲੱਗੀ ਅੱਗ ਬਿਜਲੀ ਦੀ ਮੋਟਰ ਗਰਮ ਹੋਣ ਕਰਕੇ ਮੋਟਰ ਵਿਚੋਂ ਚੰਗਿਆੜੇ ਨਿਕਲਣ ਕਰਕੇ ਘਟਨਾ ਵਾਪਰੀ ਹੈ।