ਖੇਤੀ ਵਿਭਿੰਨਤਾ ਲਈ ਸੂਰਜਮੁਖੀ ਸਹਾਈ
ਅਮਿਤ ਕੌਲ/ਮਨਦੀਪ ਸਿੰਘ/ ਜਗਮਨਜੋਤ ਸਿੰਘ*
ਸੂਰਜਮੁਖੀ, ਉੱਤਰੀ ਅਮਰੀਕਾ ਤੋਂ ਪੈਦਾ ਹੋਈ ਵਿਸ਼ਵ ਪੱਧਰ ’ਤੇ ਤੇਲ ਬੀਜਾਂ ਦੀ ਪ੍ਰਮੁੱਖ ਫ਼ਸਲ ਹੈ। ਇਹ ਦੁਨੀਆ ਦੀਆਂ ਚਾਰ ਮੁੱਖ ਖਾਣ ਵਾਲੇ ਤੇਲ ਬੀਜ ਦੀਆਂ ਫ਼ਸਲਾਂ ਵਿੱਚੋਂ ਇੱਕ ਹੈ, ਬਾਕੀਆਂ ਵਿੱਚ ਸੋਇਆਬੀਨ, ਰੇਪਸੀਡ ਅਤੇ ਮੂੰਗਫਲੀ ਸ਼ਾਮਿਲ ਹਨ। ਸੂਰਜਮੁਖੀ ਕਈ ਕਾਰਨਾਂ ਕਰਕੇ ਇੱਕ ਮਹੱਤਵਪੂਰਨ ਫਸਲ ਹੈ, ਜਿਸ ਵਿੱਚ ਭੋਜਨ ਸਰੋਤ ਵਜੋਂ ਇਸ ਦੀ ਵਰਤੋਂ, ਇਸ ਦੇ ਵਾਤਾਵਰਣਕ ਲਾਭ ਅਤੇ ਇਸ ਦਾ ਆਰਥਿਕ ਮੁੱਲ ਸ਼ਾਮਲ ਹੈ। ਘੱਟ ਕੋਲੈਸਟਰਲ ਅਤੇ ਵਧੀਆ ਕੁਆਲਿਟੀ ਦਾ ਤੇਲ ਹੋਣ ਕਾਰਨ ਇਹ ਖਾਣ ਵਾਲਾ ਸੋਧਿਆ ਤੇਲ ਅਤੇ ਬਨਸਪਤੀ ਬਣਾਉਣ ਲਈ ਬਹੁਤ ਢੁੱਕਵਾਂ ਹੈ। ਇਸ ਦੇ ਤੇਲ ਦੀ ਵਰਤੋਂ ਸਾਬਣ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਬਣਾਉਣ ਲਈ ਕੀਤੀ ਜਾਂਦੀ ਹੈ।
ਸੂਰਜਮੁਖੀ ਦੇ ਬੀਜ ਕੱਚੇ, ਭੁੰਨੇ, ਪਕਾਏ ਅਤੇ ਸੁੱਕੇ ਖਾਧੇ ਜਾਂਦੇ ਹਨ। ਉਨ੍ਹਾਂ ਨੂੰ ਸਨੈਕ ਦੇ ਤੌਰ ’ਤੇ, ਪੰਛੀਆਂ ਦੇ ਭੋਜਨ ਵਿੱਚ ਜਾਂ ਬੇਕਡ ਸਾਮਾਨ ਵਿੱਚ ਵਰਤਿਆ ਜਾ ਸਕਦਾ ਹੈ। ਸਾਲ 2023 ਵਿੱਚ ਭਾਰਤ ਨੇ ਸੂਰਜਮੁਖੀ ਦੇ ਬੀਜਾਂ ਦੇ ਤੇਲ ਦੀ ਲਗਭਗ 2.7 ਮਿਲੀਅਨ ਮੀਟ੍ਰਿਕ ਟਨ ਖਪਤ ਕੀਤੀ, ਜਿਸ ਨਾਲ ਇਹ ਇਸ ਤੇਲ ਦਾ ਦੁਨੀਆ ਦਾ ਸਭ ਤੋਂ ਵੱਡਾ ਆਯਾਤਕ ਬਣ ਗਿਆ। ਫਰਵਰੀ 2024 ਵਿੱਚ ਭਾਰਤ ਨੇ 297,000 ਮੀਟ੍ਰਿਕ ਟਨ ਸੂਰਜਮੁਖੀ ਤੇਲ ਦਾ ਆਯਾਤ ਕੀਤਾ ਅਤੇ ਮਾਰਚ 2024 ਵਿੱਚ ਇਸ ਨੇ 446,000 ਮੀਟ੍ਰਿਕ ਟਨ ਦਾ ਆਯਾਤ ਕੀਤਾ। 2002-03 ਵਿੱਚ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਨੇ ਭਾਰਤ ਦੀ ਸੂਰਜਮੁਖੀ ਦੀ ਫ਼ਸਲ ਦਾ ਕ੍ਰਮਵਾਰ 45.05%, 30.77% ਅਤੇ 16.48% ਉਤਪਾਦਨ ਕੀਤਾ। ਪੰਜਾਬ ਵਿੱਚ ਸਾਲ 2022-23 ਵਿੱਚ ਸੂਰਜਮੁਖੀ ਦੀ ਕਾਸ਼ਤ 1.5 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ।
ਪੰਜਾਬ ਵਿੱਚ ਸੂਰਜਮੁਖੀ ਦੀ ਕਾਸ਼ਤ ਘੱਟ ਹੋਣ ਦੇ ਕਈ ਕਾਰਨ ਹਨ, ਜਿਵੇਂ ਚੰਗਾ ਬੀਜ ਨਾ ਹੋਣਾ, ਪੰਛੀਆਂ ਵੱਲੋਂ ਨੁਕਸਾਨ, ਸਹੀ ਕੀਮਤ ਨਾ ਮਿਲਣ ਕਰਕੇ ਕਿਸਾਨਾਂ ਨੇ ਕਣਕ ਅਤੇ ਝੋਨੇ ਵੱਲ ਰੁਖ਼ ਕਰ ਲਿਆ, ਪਰ ਪੰਜਾਬ ਦੇ ਜ਼ਿਲ੍ਹੇ ਜਿਵੇੇਂ ਕਪੂਰਥਲਾ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਬਹਾਰ ਰੁੱਤ ਮੱਕੀ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਵੀ ਨੀਵਾਂ ਹੋ ਰਿਹਾ ਹੈ। ਸੂਰਜਮੁਖੀ ਦੀ ਫ਼ਸਲ ਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਅਤੇ ਹੋਰ ਫ਼ਸਲਾਂ ਦੇ ਮੁਕਾਬਲੇ ਇਸ ਵਿੱਚ ਖਾਦਾਂ ਦੀ ਵੀ ਘੱਟ ਵਰਤੋਂ ਹੁੰਦੀ ਹੈ। ਇਹ ਕੁਦਰਤੀ ਸਰੋਤਾਂ ਦੀ ਵਰਤੋਂ ਨੂੰ ਘਟਾਉਣ ਅਤੇ ਵਧੇਰੇ ਤੀਬਰ ਫ਼ਸਲਾਂ ਦੇ ਮੁਕਾਬਲੇ ਵਾਤਾਵਰਨ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਸੂਰਜਮੁਖੀ ਦੇ ਫੁੱਲ ਕਿਸਾਨਾਂ ਦੇ ਮਿੱਤਰ ਪਰਾਗਣ ਕਰਨ ਵਾਲੇ ਜੀਵਾਂ ਨੂੰ ਆਕਰਸ਼ਿਤ ਕਰਦੇ ਹਨ ਜੋ ਜੈਵਿਕ ਵਿਭਿੰਨਤਾ ਅਤੇ ਸਥਾਨਕ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਯੋਗਦਾਨ ਪਾਉਂਦੇ ਹਨ। ਸੋ ਖੇਤੀ ਵਿਭੰਨਤਾ ਵੱਲ ਵਧਣ ਲਈ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਸੂਰਜਮੁਖੀ ਦੀ ਕਾਸ਼ਤ ਕਰਨੀ ਸਮੇਂ ਦੀ ਮੁੱਖ ਲੋੜ ਹੈ।
ਸੂਰਜਮੁਖੀ ਦੀ ਫ਼ਸਲ ਤੋਂ ਵੱਧ ਝਾੜ ਲੈਣ ਲਈ ਬਹਾਰ ਰੁੱਤ ਦਾ ਸਮਾਂ ਸਭ ਤੋਂ ਢੁੱਕਵਾਂ ਸਮਝਿਆ ਜਾਂਦਾ ਹੈ। ਇਸ ਰੁੱਤ ਵਿੱਚ ਸ਼ਹਿਦ ਦੀਆਂ ਮੱਖੀਆਂ ਦਾ ਵਧੇਰੇ ਗਿਣਤੀ ਵਿੱਚ ਹੋਣਾ, ਵਧੇਰੇ ਬੀਜ ਬਣਨ ਵਿੱਚ ਸਹਾਈ ਹੁੰਦਾ ਹੈ। ਦਰਮਿਆਨੀ ਅਤੇ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਸੂਰਜਮੁਖੀ ਦੀ ਕਾਸ਼ਤ ਲਈ ਸਭ ਤੋਂ ਢੁੱਕਵੀਂ ਹੈ। ਕਲਰਾਠੀਆਂ ਜ਼ਮੀਨਾਂ ਵਿੱਚ ਸੂਰਜਮੁਖੀ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਸੂਰਜਮੁਖੀ-ਬਾਸਮਤੀ ਫ਼ਸਲੀ ਚੱਕਰ ਬਾਸਮਤੀ-ਕਣਕ ਨਾਲੋਂ ਵਧੇਰੇ ਮੁਨਾਫਾ ਦਿੰਦਾ ਹੈ। ਸੂਰਜਮੁਖੀ ਦੀਆਂ ਉੱਨਤ ਕਿਸਮਾਂ ਵਿੱਚ ਇਸ ਦੀਆਂ ਦੋਗਲੀਆਂ ਕਿਸਮਾਂ ਹਨ- ਸੂਰਜਮੁਖੀ ਪੀਐੱਸਐੱਚ 2080 (ਪੱਕਣ ਦਾ ਸਮਾਂ 97 ਦਿਨ), ਪੀਐੱਸਐੱਚ 1962 (ਪੱਕਣ ਦਾ ਸਮਾਂ 99 ਦਿਨ), ਡੀਕੇ 3849 (ਪੱਕਣ ਦਾ ਸਮਾਂ 102 ਦਿਨ) ਅਤੇ ਪੀਐੱਸਐੱਚ 996 (ਪੱਕਣ ਦਾ ਸਮਾਂ 96 ਦਿਨ)। ਕਿਸਾਨਾਂ ਨੂੰ ਇਨ੍ਹਾਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ।
ਕਾਸ਼ਤ ਦੇ ਢੰਗ: ਖੇਤ ਨੂੰ ਚੰਗਾ ਤਿਆਰ ਕਰਨ ਲਈ ਦੋ-ਤਿੰਨ ਵਾਰੀ ਵਾਹੁੁਣ ਪਿੱਛੋਂ ਸੁਹਾਗਾ ਫੇਰਨਾ ਜ਼ਰੂਰੀ ਹੈ। ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਦੇ ਅਖੀਰ ਤੱਕ ਕਰ ਲੈਣ ਨਾਲ ਚੰਗਾ ਝਾੜ ਪ੍ਰਾਪਤ ਹੋਣ ਦੇ ਨਾਲ ਪਾਣੀ ਦੀ ਵੀ ਬੱਚਤ ਹੁੁੰਦੀ ਹੈ। ਜੇਕਰ ਬਿਜਾਈ ਸਿਫਾਰਸ਼ ਸਮੇਂ ਤੋਂ ਲੇਟ ਕਰਨੀ ਕਰਨੀ ਪੈ ਜਾਵੇ ਤਾਂ ਘੱਟ ਸਮਾਂ ਲੈਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਪਹਿਲ ਦਿਓ ਕਿਉਂਕਿ ਪਿਛੇਤੀ ਬਿਜਾਈ ਨਾਲ ਬਿਮਾਰੀਆਂ ਅਤੇ ਕੀੜੇ ਦਾ ਹਮਲਾ ਵੀ ਵੱਧ ਹੁੰਦਾ ਹੈ ਅਤੇ ਝਾੜ ਬਹੁਤ ਘੱਟ ਜਾਂਦਾ ਹੈ। 2 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋ ਅਤੇ ਬੀਜ ਨੂੰ ਛੇ ਗ੍ਰਾਮ ਟੈਗਰਾਨ 35 ਡਬਲਯੂਐੱਸ (ਮੈਟਾਲੈਕਸਲ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬਿਜਾਈ ਕਰੋ। ਇਸ ਦੀਆਂ ਕਤਾਰਾਂ ਵਿਚਕਾਰ ਫਾਸਲਾ 60 ਸੈਂਟੀਮੀਟਰ ਅਤੇ ਬੂਟੇ ਵਿਚਕਾਰ 30 ਸੈਂਟੀਮੀਟਰ ਰੱਖਣਾ ਹੈ। ਬੀਜ ਨੂੰ 4-5 ਸੈਂਟੀਮੀਟਰ ਤੱਕ ਡੂੰਘਾ ਬੀਜੋ। ਇਸ ਦੀ ਬਿਜਾਈ ਲਈ ਰਿਜ਼ਰ ਪਲਾਂਟਰ ਵੀ ਵਰਤਿਆ ਜਾ ਸਕਦਾ ਹੈ। ਜੇ ਲੋੜ ਪਵੇ ਤਾਂ ਬੀਜ ਉੱਗਣ ਤੋਂ ਦੋ ਹਫ਼ਤਿਆਂ ਬਾਅਦ ਬੂਟੇ ਵਿਰਲੇ ਕਰ ਦਿਓ। ਅਗੇਤੀ ਫ਼ਸਲ ਦਾ ਵੱਧ ਝਾੜ ਪ੍ਰਾਪਤ ਕਰਨ ਲਈ ਪੂਰਬ-ਪੱਛਮ ਦਿਸ਼ਾ ਵੱਲ ਵੱਟਾਂ ਦੇ ਦੱਖਣ ਵਾਲੇ ਪਾਸੇ ਬੀਜੋ। ਬੀਜ ਨੂੰ ਵੱਟ ਦੇ ਸਿਰੇ ਤੋਂ 6 ਤੋਂ 8 ਸੈਂਟੀਮੀਟਰ ਹੇਠਾਂ ਬੀਜੋ। ਵੱਟਾਂ ’ਤੇ ਬੀਜੀ ਫ਼ਸਲ ਨੂੰ ਬਿਜਾਈ ਤੋੋਂ 2-3 ਦਿਨਾਂ ਬਾਅਦ ਪਾਣੀ ਲਾਓ। ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਦੀ ਸਤਾ ਬੀਜਾਂ ਤੋਂ ਕਾਫ਼ੀ ਥੱਲੇ ਰਹੇ ਅਤੇੇ ਇਸ ਤਰ੍ਹਾਂ ਕਰਨ ਨਾਲ ਵੱਟਾਂ ’ਤੇ ਬੀਜੀ ਫ਼ਸਲ ਡਿੱਗਦੀ ਨਹੀਂ ਅਤੇ ਵੱਧ ਗਰਮੀ ਦੇ ਮਹੀਨਿਆਂ ਵਿੱਚ ਪਾਣੀ ਦੀ ਬੱਚਤ ਵਿੱਚ ਵੀ ਸਹਾਈ ਹੁੰਦੀ ਹੈ।
ਖਾਦਾਂ: ਤੋਰੀਏ ਤੋਂ ਬਾਅਦ ਬੀਜੀ ਸੂਰਜਮੁਖੀ ਤੋਂ ਵੱਧ ਝਾੜ ਲੈਣ ਲਈ ਸਿਫਾਰਿਸ਼ ਕੀਤੀਆਂ ਖਾਦਾਂ ਦੇ ਨਾਲ 10 ਟਨ ਪ੍ਰਤੀ ਏਕੜ ਗਲੀ ਸੜੀ ਰੂੜੀ ਪਾਉਣੀ ਜ਼ਰੂਰੀ ਹੈ। ਜੇਕਰ 20 ਟਨ ਰੂੜੀ ਪ੍ਰਤੀ ਏਕੜ ਦੋਗਲੀ ਸੂਰਜਮੁਖੀ ਦੀ ਫ਼ਸਲ ਨੂੰ ਆਲੂਆਂ ਤੋਂ ਪਿੱਛੋਂ ਬੀਜੀ ਸੂਰਜਮੁਖੀ ਨੂੰ ਪਾਈ ਗਈ ਹੋਵੇ ਤਾਂ ਸੂਰਜਮੁਖੀ ਨੂੰ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਲੋੜ ਹੈ। ਸੂਰਜਮੁਖੀ ਨੂੰ 50 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਵੇਲੇ ਪਾਓ ਅਤੇ ਹਲਕੀਆਂ ਜ਼ਮੀਨਾਂ ਵਿੱਚ 50 ਕਿਲੋ ਯੂਰੀਆ ਦੋ ਬਰਾਬਰ ਹਿੱਸਿਆਂ ਵਿੱਚ ਪਹਿਲੀ ਕਿਸ਼ਤ ਬਿਜਾਈ ਅਤੇ ਦੂਜੀ ਬਿਜਾਈ ਤੋਂ 30 ਦਿਨਾਂ ਪਿੱਛੋਂ ਪਾਓ। 12 ਕਿਲੋ ਫਾਸਫੋਰਸ (75 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਬਿਜਾਈ ਸਮੇਂ ਡਰਿੱਲ ਕਰੋ। ਸੁਪਰਫਾਸਫੇਟ ਨੂੰ ਪਹਿਲ ਦਿਓ ਕਿਉਂਕਿ ਇਸ ਵਿੱਚ ਸਲਫ਼ਰ ਤੱਤ ਵੀ ਹੁੰਦਾ ਹੈ। ਜੇਕਰ ਮਿੱਟੀ ਦੀ ਪਰਖ ਮੁਤਾਬਿਕ ਪੋਟਾਸ਼ ਦੀ ਕਮੀ ਹੈ ਤਾਂ 12 ਕਿਲੋ ਪੋਟਾਸ਼ ਭਾਵ (20 ਕਿਲੋ ਮਿਊਰੇਟ ਆਫ ਪੋਟਾਸ਼) ਵੀ ਡਰਿਲ ਕਰ ਦਿਓ।
ਸਿੰਚਾਈ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ ਅਤੇ ਮੌਸਮ ਦੇ ਮੁਤਾਬਿਕ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਤੇ ਅਗਲੀਆਂ ਸਿੰਚਾਈਆਂ ਦੋ ਤੋਂ ਤਿੰਨ ਹਫ਼ਤੇ ਦੇ ਅੰਤਰ ’ਤੇ ਕਰੋ। ਮਾਰਚ ਦੇ ਮਹੀਨੇ ਦੋ ਹਫ਼ਤਿਆਂ ਦਾ ਵਕਫਾ ਕਰ ਦਿਓ। ਅਪਰੈਲ-ਮਈ ਦੇ ਗਰਮ ਮਹੀਨਿਆਂ ਵਿੱਚ ਸਿੰਚਾਈਆਂ ਨੂੰ 8-10 ਦਿਨਾਂ ਦੇ ਵਕਫੇ ’ਤੇ ਕਰੋ। ਫ਼ਸਲ ਕੱਟਣ ਤੋਂ 12 ਤੋਂ 14 ਦਿਨ ਪਹਿਲਾਂ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50% ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖ਼ਤ ਦੋਧੇ ਪੈਣ ਦੇ ਸਮੇਂ ’ਤੇ ਸਿੰਚਾਈ ਬਹੁਤ ਜ਼ਰੂਰੀ ਹੈ। ਇਨ੍ਹਾਂ ਅਵਸਥਾਵਾਂ ’ਤੇ ਸਿੰਚਾਈ ਨਾ ਹੋਣ ਦੀ ਸੂਰਤ ਵਿੱਚ ਫ਼ਸਲ ਦਾ ਝਾੜ ਲਗਭਗ 21 ਤੋਂ 25 ਪ੍ਰਤੀਸ਼ਤ ਤੱਕ ਘੱਟ ਸਕਦਾ ਹੈ।
ਮਿੱਟੀ ਚੜ੍ਹਾਉਣਾ: ਸੂਰਜਮੁਖੀ ਦੇ ਬੂਟਿਆਂ ਨੂੰ ਡਿੱਗਣ ਤੋਂ ਬਚਾਉਣ ਲਈ ਮਿੱਟੀ ਚੜ੍ਹਾਉਣੀ ਬਹੁਤ ਜ਼ਰੂਰੀ ਹੈ ਭਾਵੇਂ ਫ਼ਸਲ ਪੱਧਰੀ ਜਾਂ ਵੱਟਾਂ ’ਤੇ ਬੀਜੀ ਹੋਵੇ। ਮਿੱਟੀ ਚੜ੍ਹਾਉਣ ਦਾ ਕੰਮ ਫੁੱਲ ਨਿਕਲਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਨਦੀਨ ਉੱਗਣ ਤੋਂ 2-3 ਹਫ਼ਤੇ ਪਿੱਛੋਂ ਕਰੋ। ਫ਼ਸਲ 60-70 ਸੈਂਟੀਮੀਟਰ ਉੱਚੀ ਹੋਣ ਤੋਂ ਪਹਿਲਾਂ ਟਰੈਕਟਰ ਨਾਲ ਵੀ ਗੋਡੀ ਕੀਤੀ ਜਾ ਸਕਦੀ ਹੈ। ਇਸ ਦੀ ਪਈਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਕਰਨੀ ਸਸਤੀ ਪੈਂਦੀ ਹੈ।
ਕਟਾਈ ਅਤੇ ਗਹਾਈ: ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਉਂ ਪੂਰਾ ਪੀਲਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਕੱਟਣ ਲਈ ਤਿਆਰ ਹੈ। ਇਸ ਸਮੇਂ ਬੀਜ ਕਾਲੇ ਲੱਗਦੇ ਹਨ ਜੋ ਪੂਰੇ ਪੱਕੇ ਹੁੰਦੇ ਹਨ। ਕਟਾਈ ਕੀਤੇ ਸਿਰਾਂ ਦੀ ਸੂਰਜਮੁਖੀ ਦੇੇ ਥਰੈਸ਼ਰ ਨਾਲ ਗਹਾਈ ਕਰ ਲਓ। ਗਹਾਈ ਤੋਂ ਪਿੱਛੋਂ ਅਤੇ ਸਟੋਰ ਵਿੱਚ ਰੱਖਣ ਤੋਂ ਬਿਨਾਂ ਬੀਜਾਂ ਨੂੰ ਚੰਗੀ ਤਰ੍ਹਾਂ ਸੁਕਾ ਲਓ, ਨਹੀਂ ਤਾਂ ਇਨ੍ਹਾਂ ਨੂੰ ਉੱਲੀ ਲੱਗ ਸਕਦੀ ਹੈ।
*ਫ਼ਸਲ ਵਿਗਿਆਨ ਵਿਭਾਗ, ਪੀ.ਏ.ਯੂ ਲੁਧਿਆਣਾ।