Punjab News - Agriculture: ਨਰਮੇ ਦੀ ਕਾਸ਼ਤ ਵਧਾਉਣ ਲਈ ਬੀਟੀ. ਕਾਟਨ ਬੀਜਾਂ ’ਤੇ ਸਬਸਿਡੀ ਦੇਵੇਗੀ ਸਰਕਾਰ
ਖੇਤੀਬਾੜੀ ਵਿਭਾਗ ਨੇ ਨਰਮੇ ਦੀ ਫ਼ਸਲ ਹੇਠ ਰਕਬਾ 1.25 ਲੱਖ ਹੈਕਟੇਅਰ ਕਰਨ ਦਾ ਟੀਚਾ ਮਿੱਥਿਆ; ਸੂਬਾ ਸਰਕਾਰ ਨੇ ਸਬਸਿਡੀ ਦੇਣ ਲਈ 20 ਕਰੋੜ ਰੁਪਏ ਅਲਾਟ ਕੀਤੇ: ਖੁੱਡੀਆਂ
ਆਤਿਸ਼ ਗੁਪਤਾ
ਚੰਡੀਗੜ੍ਹ, 19 ਅਪਰੈਲ
Punjab News - Agriculture: ਪੰਜਾਬ ਸਰਕਾਰ ਨੇ ਸੂਬੇ ਵਿੱਚ ਪਾਣੀ ਦੀ ਜ਼ਿਆਦਾ ਖ਼ਪਤ ਵਾਲੀ ਝੋਨੇ ਦੀ ਫਸਲ ਦੇ ਬਦਲ ਵਜੋਂ ਨਰਮੇ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਬੀਟੀ. ਕਾਟਨ ਹਾਈਬ੍ਰਿਡ ਬੀਜਾਂ ’ਤੇ 33 ਫ਼ੀਸਦ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਅਤੇ ‘ਚਿੱਟੇ ਸੋਨੇ’ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਸਿਫ਼ਾਰਸ਼ਸ਼ੁਦਾ ਬੀਟੀ. ਕਾਟਨ ਹਾਈਬ੍ਰਿਡ ਬੀਜਾਂ ’ਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਸਬਸਿਡੀ ਦੇਣ ਲਈ 20 ਕਰੋੜ ਰੁਪਏ ਅਲਾਟ ਕੀਤੇ ਹਨ।
ਇਸ ਨਾਲ ਨਰਮਾ ਕਾਸ਼ਤਕਾਰਾਂ ’ਤੇ ਵਿੱਤੀ ਬੋਝ ਨੂੰ ਘਟਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਨਰਮੇ ਦੇ ਗੈਰ-ਸਿਫ਼ਾਰਸ਼ਸ਼ੁਦਾ ਹਾਈਬ੍ਰਿਡ ਬੀਜਾਂ ਦੀ ਕਾਸ਼ਤ ਨਾ ਕਰਕੇ ਚੰਗੀ ਪੈਦਾਵਾਰ ਵਾਲੇ ਕੀਟ-ਰੋਕੂ ਬੀਟੀ. ਕਾਟਨ ਹਾਈਬ੍ਰਿਡ ਬੀਜਾਂ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ।
ਸ੍ਰੀ ਖੁੱਡੀਆਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਵਰ੍ਹੇ ਨਰਮੇ ਦੀ ਫਸਲ ਹੇਠ ਰਕਬਾ ਘੱਟੋ-ਘੱਟ 1.25 ਲੱਖ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਮਿੱਥਿਆ ਹੈ। ਇਹ ਫ਼ਸਲ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਬੀਜੀ ਜਾਣ ਵਾਲੀ ਸਾਉਣੀ ਦੀ ਮਹੱਤਵਪੂਰਨ ਫ਼ਸਲ ਹੈ, ਜੋ ਪਾਣੀ ਦੀ ਜ਼ਿਆਦਾ ਖਪਤ ਵਾਲੀ ਝੋਨੇ ਦੀ ਫਸਲ ਦਾ ਇੱਕ ਵਿਹਾਰਕ ਬਦਲ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਬੀਟੀ. ਕਾਟਨ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਕੇ ਇਸ ਕਦਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਚਾਹੀਦਾ ਹੈ।
ਪੰਜ ਏਕੜ ਜਾਂ 10 ਪੈਕੇਟ ਤੱਕ ਮਿਲੇਗੀ ਸਬਸਿਡੀ
ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਜ਼ਮੀਨ ਲਈ ਜਾਂ ਦਸ ਪੈਕੇਟ (ਹਰੇਕ ਪੈਕੇਟ 475 ਗ੍ਰਾਮ) ਨਰਮੇ ਦੇ ਬੀਜ ’ਤੇ ਹੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੀਟੀ. ਕਾਟਨ ਬੀਜਾਂ ਦੀ ਖਰੀਦ ਸਬੰਧੀ ਢੁਕਵਾਂ ਬਿੱਲ ਜ਼ਰੂਰ ਲੈਣ।
ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਗੁਆਂਢੀ ਰਾਜਾਂ ਤੋਂ ਨਕਲੀ ਬੀਜਾਂ ਦੀ ਆਮਦ ਰੋਕਣ ਲਈ ਨਿਯਮਤ ਨਿਗਰਾਨੀ ਅਤੇ ਨਿਰੀਖਣ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।