ਹਰੀਆਂ ਖਾਦਾਂ ਉਗਾਓ
ਰਮਿੰਦਰ ਸਿੰਘ ਘੁੰਮਣ*
ਅਸ਼ੋਕ ਕੁਮਾਰ ਗਰਗ*
ਭਾਵੇਂ ਮਿੱਟੀ ਦੀ ਸਿਹਤ ਦਾ ਤੰਦਰੁਸਤ ਹੋਣਾ ਖੇਤੀ ਦਾ ਮੁੱਢਲਾ ਆਧਾਰ ਹੈ, ਪਰ ਝੋਨੇ-ਕਣਕ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਨਾਲ ਜ਼ਮੀਨ ਵਿਚਲੇ ਖੁਰਾਕੀ ਤੱਤਾਂ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ। ਸਿੱਟੇ ਵਜੋਂ ਪੰਜਾਬ ਦੀਆਂ ਮਿੱਟੀਆਂ ਬਹੁ-ਖੁਰਾਕੀ ਤੱਤਾਂ ਦੀ ਘਾਟ ਨੂੰ ਦਰਸਾਉਣ ਲੱਗ ਪਈਆਂ ਹਨ। ਉਦਾਹਰਨ ਲਈ ਕਣਕ ਅਤੇ ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ; ਝੋਨੇ ਅਤੇ ਬਾਸਮਤੀ ਵਿੱਚ ਜ਼ਿੰਕ, ਲੋਹੇ ਅਤੇ ਪੋਟਾਸ਼ ਦੀ ਘਾਟ; ਕਪਾਹ ਵਿੱਚ ਮੈਗਨੀਸ਼ੀਅਮ, ਜ਼ਿੰਕ ਅਤੇ ਪੋਟਾਸ਼ ਦੀ ਕਮੀ ਆਮ ਹੈ।
ਇਸ ਲਈ ਜੈਵਿਕ ਖਾਦਾਂ ਜਿਵੇਂ ਕਿ ਹਰੀ ਖਾਦ, ਰੂੜੀ ਖਾਦ, ਜੀਵਾਣੂ ਖਾਦ, ਗੰਡੋਆ ਖਾਦ ਆਦਿ ’ਤੇ ਧਿਆਨ ਕੇਂਦਰਿਤ ਕਰਨ ਦੀ ਫੌਰੀ ਲੋੜ ਹੈ ਜੋ ਨਾ ਸਿਰਫ਼ ਮਿੱਟੀ ਦੀ ਭੌਤਿਕ ਅਤੇ ਜੈਵਿਕ ਸਿਹਤ ਨੂੰ ਬਿਹਤਰ ਬਣਾਉਂਦੇ ਹਨ, ਸਗੋਂ ਜ਼ਰੂਰੀ ਵੱਡੇ ਅਤੇ ਛੋਟੇ ਖੁਰਾਕੀ ਤੱਤ ਵੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਜ਼ਮੀਨ ਦੀਆਂ ਖਾਰੇਪਣ ਅਤੇ ਲੂਣੇਪਣ ਦੀਆਂ ਸਮੱਸਿਆਵਾਂ ਨੂੰ ਵੀ ਘਟਾਇਆ ਜਾ ਸਕਦਾ ਹੈ। ਹਰੀ ਖਾਦ ਮਿੱਟੀ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵੀ ਸੁਧਾਰ ਕਰਦੀ ਹੈ ਅਤੇ ਕਿਸਾਨਾਂ ਦੀ ਰਸਾਇਣਕ ਖਾਦਾਂ ’ਤੇ ਨਿਰਭਰਤਾ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਕੁੱਲ ਮਿਲਾ ਕੇ ਹਰੀ ਖਾਦ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਹੋਰ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਖਾਦ, ਗੰਡੋਆ ਖਾਦ ਦੀ ਉਪਲੱਬਧਤਾ ਸੀਮਤ ਹੈ ਖ਼ਾਸ ਕਰਕੇ ਸਾਉਣੀ ਦੀਆਂ ਫ਼ਸਲਾਂ ਵਿੱਚ ਹਰੀ ਖਾਦ ਰਾਹੀਂ ਜ਼ਰੂਰੀ ਖੁਰਾਕੀ ਤੱਤਾਂ ਦੀ ਪੂਰਤੀ ਕਰਕੇ ਚੰਗਾ ਝਾੜ ਲਿਆ ਜਾ ਸਕਦਾ ਹੈ। ਪੰਜਾਬ ਵਿੱਚ ਹਰੀ ਖਾਦ ਵਜੋਂ ਕਿਸਾਨ ਜੰਤਰ (ਢੈਂਚਾ), ਮੂੰਗੀ, ਗੁਆਰਾ, ਸਣ ਅਤੇ ਹੋਰ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹਨ। ਕਈ ਵਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਹਰੀ ਖਾਦ ਦੇ ਬੀਜ ਖ਼ਾਸ ਕਰਕੇ ਜੰਤਰ ਬੀਜ ’ਤੇ 50% ਤੱਕ ਸਬਸਿਡੀਆਂ ਵੀ ਮੁਹੱਈਆ ਕਰਦਾ ਹੈ।
ਹਰੀ ਖਾਦ ਦੀਆਂ ਫ਼ਸਲਾਂ
ਸਣ: ਸਣ ਨੂੰ ਹਰੀ ਖਾਦ ਦੇ ਤੌਰ ’ਤੇ ਤੇਜ਼ਾਬੀ, ਖਾਰੇਪਣ ਅਤੇ ਘੱਟ ਪਾਣੀ ਦੀ ਉਪਲੱਬਧਤਾ ਵਾਲੇ ਖੇਤਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ। ਹਰੀ ਖਾਦ ਨਾਲ ਮਿੱਟੀ ਦੀ ਭੌਤਿਕ ਸਿਹਤ ਦੇ ਨਾਲ-ਨਾਲ ਖੁਰਾਕੀ ਤੱਤਾਂ ਦੀ ਉਪਲੱਬਧਤਾ ਅਤੇ ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਇਹ ਮਿੱਟੀ ਦੀਆਂ ਹੇਠਲੀਆਂ ਤੈਹਾਂ ਵਿੱਚ ਫਸੇ ਖੁਰਾਕੀ ਤੱਤਾਂ ਨੂੰ ਉਪਲੱਬਧ ਕਰਵਾਉਂਦਾ ਹੈ ਅਤੇ ਪਾਣੀ ਨਾਲ ਰੁੜ੍ਹਨ ਵਾਲੇ ਖੁਰਾਕੀ ਤੱਤਾਂ ਦੇ ਨੁਕਸਾਨ ਨੂੰ ਸੀਮਤ ਕਰਦਾ ਹੈ। ਹਰੀ ਖਾਦ ਕਣਕ ਦੀ ਵਾਢੀ ਤੋਂ ਬਾਅਦ ਕੀਤੀ ਜਾ ਸਕਦੀ ਹੈ। ਪੀਏਯੂ ਲੁਧਿਆਣਾ ਨੇ ਸਣ ਦੀਆਂ ਦੋ ਕਿਸਮਾਂ ਪੀਏਯੂ-1691 ਅਤੇ ਨਰਿੰਦਰ ਸਨਈ-1 ਸਿਫ਼ਾਰਿਸ਼ ਕੀਤੀਆਂ ਹਨ। ਇਨ੍ਹਾਂ ਕਿਸਮਾਂ ਦਾ ਹਰੀ ਖਾਦ ਦਾ ਝਾੜ ਕ੍ਰਮਵਾਰ 4.0-6.5 ਟਨ ਅਤੇ 3.8-6.2 ਟਨ ਪ੍ਰਤੀ ਏਕੜ ਹੈ। ਇਨ੍ਹਾਂ ਕਿਸਮਾਂ ਦੀ ਉੱਚਾਈ 160-220 ਸੈਂਟੀਮੀਟਰ ਤੱਕ ਹੁੰਦੀ ਹੈ। ਸਣ ਦੀ ਬਿਜਾਈ ਤੋਂ ਪਹਿਲਾਂ ਰੌਣੀ ਕਰੋ ਅਤੇ 20 ਕਿਲੋ ਬੀਜ ਨੂੰ ਜੋ ਕਿ 8 ਘੰਟੇ ਪਾਣੀ ਵਿੱਚ ਭਿੱਜਿਆ ਹੋਇਆ ਹੋਵੇ, ਲੈ ਕੇ ਛਿੱਟੇ ਨਾਲ ਬੀਜੋ। ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ 6-8 ਹਫ਼ਤੇ ਦੀ ਹਰੀ ਖਾਦ ਦੱਬ ਦਿਉ।
ਢੈਂਚਾ (ਜੰਤਰ): ਇੱਕ ਹੋਰ ਹਰੀ ਖਾਦ ਦੀ ਫ਼ਸਲ ਜੋ ਕਿਸੇ ਵੀ ਕਿਸਮ ਦੀ ਮਿੱਟੀ ਵਿੱਚ ਬੀਜੀ ਜਾ ਸਕਦੀ ਹੈ, ਉਹ ਹੈ ਢੈਂਚਾ (ਸੇਸਬਨੀਆ ਐਕੁਲੇਟਾ)। ਹਾਲਾਂਕਿ, ਕੱਲਰ ਵਾਲੀ ਜ਼ਮੀਨ ਵਿੱਚ ਢੈਂਚਾ ਕੇਵਲ ਲੋੜੀਂਦੀ ਮਾਤਰਾ ਵਿੱਚ ਜਿਪਸਮ ਦੀ ਵਰਤੋਂ ਤੋਂ ਬਾਅਦ ਹੀ ਉਗਾਇਆ ਜਾ ਸਕਦਾ ਹੈ। ਪੀਏਯੂ, ਲੁਧਿਆਣਾ ਵੱਲੋਂ ਸਿਫ਼ਾਰਸ਼ ਪੰਜਾਬ ਢੈਂਚਾ-1, ਢੈਂਚੇ ਦੀ ਸੁਧਰੀ ਕਿਸਮ ਹੈ। ਸਣ ਦੀ ਤਰ੍ਹਾਂ ਅਗਲੀ ਫ਼ਸਲ ਦੀ ਲੁਆਈ ਦੇ ਸਮੇਂ ਦੇ ਆਧਾਰ ’ਤੇ ਅਪਰੈਲ ਤੋਂ ਜੁਲਾਈ ਦੇ ਵਿਚਕਾਰ 20 ਕਿਲੋ ਬੀਜ ਪ੍ਰਤੀ ਏਕੜ ਬੀਜੋ। ਮੌਸਮ ਦੀ ਸਥਿਤੀ ਦੇ ਆਧਾਰ ’ਤੇ ਢੈਂਚਾ ਦੀ ਫ਼ਸਲ ਨੂੰ ਗਰਮੀਆਂ ਦੇ ਮੌਸਮ ਵਿੱਚ 3 ਤੋਂ 4 ਸਿੰਚਾਈਆਂ ਦੀ ਲੋੜ ਹੋ ਸਕਦੀ ਹੈ। ਕਈ ਵਾਰ ਢੈਂਚੇ ਦੀ ਫ਼ਸਲ ’ਤੇ ਸ਼ੁਰੂਆਤੀ ਵਾਧੇ ਦੌਰਾਨ ਤੰਬਾਕੂ ਦੀ ਸੁੰਡੀ ਹਮਲਾ ਕਰ ਸਕਦੀ ਹੈ, ਇਸ ਲਈ ਫ਼ਸਲ ਦੀ ਨਿਯਮਤ ਤੌਰ ’ਤੇ ਨਿਗਰਾਨੀ ਕਰਨੀ ਚਾਹੀਦੀ ਹੈ। ਢੈਂਚਾ ਦੀ ਹਰੀ ਖਾਦ ਨਾਲ ਝੋਨੇ ਵਿੱਚ ਲੋਹੇ ਦੀ ਘਾਟ ਵੀ ਨਹੀਂ ਆਉਂਦੀ।
ਗਰਮੀ ਰੁੱਤ ਦੀ ਮੂੰਗੀ: ਗਰਮੀ ਰੁੱਤ ਦੀ ਮੂੰਗੀ ਦੀ ਫ਼ਸਲ ਨਾਲ ਹਰੀ ਖਾਦ ਫ਼ਲੀਆਂ ਨੂੰ ਚੁਗ ਕੇ ਅਤੇ ਮੂੰਗੀ ਦੇ ਪੌਦਿਆਂ ਨੂੰ ਮਿੱਟੀ ਵਿੱਚ ਰਲਾ ਕੇ ਵੀ ਕੀਤੀ ਜਾ ਸਕਦੀ ਹੈ। ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਨ ਦੇ ਨਾਲ-ਨਾਲ ਇਸ ਵਿਧੀ ਨੇ ਮੂੰਗੀ ਦੀਆਂ ਫਲੀਆਂ ਤੋਂ ਕਿਸਾਨ ਦੀ ਆਮਦਨ ਵਿੱਚ ਸੁਧਾਰ ਹੁੰਦਾ ਹੈ।
ਹਰੀ ਖਾਦ ਤੋਂ ਬਾਅਦ ਹੋਰ ਸਾਉਣੀ ਦੀਆਂ ਫ਼ਸਲਾਂ ਨੂੰ ਵੀ ਉਗਾਇਆ ਜਾ ਸਕਦਾ ਹੈ, ਹਾਲਾਂਕਿ ਇਸ ਨਾਲ ਯੂਰੀਆ ਦੀ ਬੱਚਤ ਨਹੀਂ ਹੋ ਸਕਦੀ, ਪਰ ਇਹ ਯਕੀਨੀ ਤੌਰ ’ਤੇ ਮਿੱਟੀ ਦੀ ਸਿਹਤ ਨੂੰ ਸੁਧਾਰਨ ਅਤੇ ਮੱਕੀ ਅਤੇ ਸੋਇਆਬੀਨ ਵਰਗੀਆਂ ਫ਼ਸਲਾਂ ਦੇ ਅਨਾਜ ਦੀ ਪੈਦਾਵਾਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
ਜਿੱਥੋਂ ਤੱਕ ਫਾਸਫੋਰਸ ਖਾਦ ਦਾ ਸਬੰਧ ਹੈ, ਜੇਕਰ ਕਣਕ ਜਾਂ ਆਲੂ ਦੀ ਫ਼ਸਲ ਨੂੰ ਫਾਸਫੋਰਸ ਖਾਦ ਦੀ ਪੂਰੀ ਖੁਰਾਕ ਦਿੱਤੀ ਗਈ ਹੈ ਤਾਂ ਹਰੀ ਖਾਦ ਦੀ ਫ਼ਸਲ ਨੂੰ ਫਾਸਫੋਰਸ ਪਾਉਣ ਦੀ ਕੋਈ ਲੋੜ ਨਹੀਂ ਹੈ। ਨਹੀਂ ਤਾਂ ਸਾਉਣੀ ਦੀ ਫ਼ਸਲ ਨੂੰ ਫਾਸਫੋਰਸ ਖਾਦ ਪਾਉਣ ਦੀ ਬਜਾਏ ਹਰੀ ਖਾਦ ਨੂੰ ਹੀ ਪਾ ਦੇਣੀ ਚਾਹੀਦੀ ਹੈ।
ਇੱਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਹਰੀ ਖਾਦ ਦੇ ਲਾਭਾਂ ਨੂੰ ਨਾਈਟ੍ਰੋਜਨ ਖਾਦ ਦੀ ਸਿਫ਼ਾਰਸ਼ ਕੀਤੀ ਮਾਤਰਾ ਤੋਂ ਵੱਧ ਵਰਤੋਂ ਨਾਲ ਬਦਲਿਆ ਨਹੀਂ ਜਾ ਸਕਦਾ। ਹਰੀ ਖਾਦ ਵਿਸ਼ੇਸ਼ ਤੌਰ ’ਤੇ ਜੈਵਿਕ ਖੇਤੀ ਵਾਲੇ ਕਿਸਾਨਾਂ ਲਈ ਲਾਹੇਵੰਦ ਹੈ ਕਿਉਂਕਿ ਜੈਵਿਕ ਖੇਤੀ ਅਧੀਨ ਰਸਾਇਣਕ ਖਾਦਾਂ ਦੀ ਵਰਤੋਂ ਦੀ ਮਨਾਹੀ ਹੈ। ਜਿਨ੍ਹਾਂ ਖੇਤਾਂ ਵਿੱਚ ਹਰੀ ਖਾਦ ਪਾਈ ਗਈ ਹੈ, ਉੱਥੇ ਪੱਤਾ ਰੰਗ ਚਾਰਟ ਦੀ ਵਰਤੋਂ ਬਹੁਤ ਫਾਇਦੇਮੰਦ ਹੁੰਦੀ ਹੈ।
ਅਖੀਰ ਵਿੱਚ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਕਿਸਾਨ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਅਤੇ ਰਸਾਇਣਕ ਖਾਦਾਂ ’ਤੇ ਨਿਰਭਰਤਾ ਨੂੰ ਘੱਟ ਤੋਂ ਘੱਟ ਕਰਨ ਲਈ ਹਰੀ ਖਾਦ ਦੀਆਂ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹਨ।
ਸੰਪਰਕ: 98885-21200
*ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਮੁਹਾਲੀ।
*ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ।