ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵੱਖਰਾ ਬਜਟ ਬਣਾਉਣ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਮਈ
ਕਿਰਤੀ ਕਿਸਾਨ ਯੂਨੀਅਨ ਦੀ ਇੱਕ ਬੈਠਕ ਨੇੜਲੇ ਪਿੰਡ ਮੁਬਾਰਿਕਪੁਰ ਚੂੰਘਾਂ ਵਿਖੇ ਸਾਬਕਾ ਸਰਪੰਚ ਅਸ਼ੋਕਇੰਦਰ ਸਿੰਘ ਦੇ ਘਰ ਯੂਨੀਅਨ ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਹਥਨ ਦੀ ਅਗਵਾਈ ਹੇਠ ਹੋਈ। ਬੈਠਕ ਵਿੱਚ ਕਿਸਾਨ ਮਸਲਿਆਂ ‘ਤੇ ਚਰਚਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀ ਘਾਟੇ ਦਾ ਧੰਦਾ ਬਣ ਗਈ ਹੈ, ਜਿਸ ਕਰਕੇ ਕਿਸਾਨਾਂ ਦੇ ਪੁੱਤਰ ਖੇਤੀ ਦਾ ਧੰਦਾ ਅਪਨਾਉਣ ਲਈ ਤਿਆਰ ਨਹੀਂ। ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਖੇਤੀ ਉਪਜ ਦਾ ਲਾਹੇਵੰਦ ਭਾਅ ਨਾ ਮਿਲਣ ਕਾਰਨ ਛੋਟੇ ਅਤੇ ਦਰਮਿਆਨੇ ਕਿਸਾਨ ਖੇਤੀ ਦੇ ਧੰਦੇ ਤੋਂ ਬਾਹਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਵਿਦੇਸ਼ਾਂ ਲਈ ਹੋ ਰਹੇ ਪਰਵਾਸ ਦਾ ਇੱਕ ਵੱਡਾ ਕਾਰਨ ਖੇਤੀ ਧੰਦੇ ਦਾ ਲਾਹੇਵੰਦ ਨਾ ਹੋਣਾ ਵੀ ਹੈ। ਸ੍ਰੀ ਜਹਾਂਗੀਰ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਨਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਖਰਾ ਖੇਤੀ ਬਜਟ ਬਣਾਉਣ ਤੇ ਕਿਸਾਨ ਤੇ ਕੁਦਰਤ ਪੱਖੀ ਕਿਸਾਨ ਨੀਤੀਆਂ ਬਣਾਉਣ।
ਚਮਕੌਰ ਸਿੰਘ ਹਥਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ,ਧੂਰੀ ਅਮਰਗੜ੍ਹ ਅਤੇ ਮਹਿਲ ਕਲਾਂ ਦੇ ਨਹਿਰੀ ਪਾਣੀ ਤੋਂ ਵਾਂਝੇ ਕਰੀਬ ਪੰਜ ਦਰਜਨ ਪਿੰਡਾਂ ਲਈ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਦੌਰਾਨ ਲੰਮੇਂ ਅਰਸੇ ਤੋਂ ਇੱਕ ਖੱਬੇ ਪੱਖੀ ਕਿਸਾਨ ਯੂਨੀਅਨ ‘ਚ ਸਰਗਰਮ ਰਹੇ ਹਰਬੰਸ ਸਿੰਘ ਮੁਬਾਰਿਕਪੁਰ ਚੂੰਘਾਂ ਨੇ ਕਿਰਤੀ ਕਿਸਾਨ ਯੂਨੀਅਨ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਹਰਬੰਸ ਸਿੰਘ ਮੁਬਾਰਿਕਪੁਰ ਚੂੰਘਾਂ ਨੂੰ ਕਿਰਤੀ ਕਿਸਾਨ ਦਾ ਝੰਡਾ ਭੇਟ ਕਰਕੇ ਅਤੇ ਯੂਨੀਅਨ ਦਾ ਬੈਜ ਲਾ ਕੇ ਕਿਰਤੀ ਕਿਸਾਨ ਯੂਨੀਅਨ ‘ਚ ਸ਼ਾਮਲ ਕੀਤਾ। ਇਸ ਮੌਕੇ ਸਾਬਕਾ ਸਰਪੰਚ ਅਸ਼ੋਕਇੰਦਰ ਸਿੰਘ, ਮਾਸਟਰ ਤਿਰਲੋਕ ਇੰਦਰ ਸਿੰਘ ,ਯੂਨੀਅਨ ਦੇ ਜ਼ਿਲ੍ਹਾ ਆਗੂ ਮਿਹਰ ਸਿੰਘ ਈਸਾਪੁਰ, ਗੁਰਮੁੱਖ ਸਿੰਘ , ਦਲਵਾਰਾ ਸਿੰਘ ਫਰਵਾਹੀ ਆਦਿ ਕਿਸਾਨ ਆਗੂ ਹਾਜ਼ਰ ਸਨ।