ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਮਾਰਚ
ਮੋਗਾ ਪੁਲੀਸ ਨੇ ਇਥੇ ਖੋਸਾ ਪਾਂਡੋ ਸੜਕ ’ਤੇ ਪਿੰਡ ਧੱਲੇਕੇ ਨੇੜੇ ਖੇਤਾਂ ਵਿੱਚ ਚੱਲਦੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਕੇਂਦਰ ’ਚੋਂ 26 ਮਰੀਜ਼ ਮਿਲੇ ਹਨ। ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਅਜੈ ਗਾਂਧੀ ਅਤੇ ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਜਤਿੰਦਰ ਨਾਮ ਦੇ ਨਸ਼ਾ ਛੁਡਾਊ ਕੇਂਦਰ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਮੁਖੀ ਗੁਰਸੇਵਕ ਸਿੰਘ ਨੂੰ ਸੂਚਨਾ ਮਿਲੀ ਸੀ ਮੋਗਾ ਤੋਂ ਖੋਸਾ ਪਾਂਡੋ ਸੜਕ ’ਤੇ ਪਿੰਡ ਧੱਲੇਕੇ ਨੇੜੇ ਖੇਤਾਂ ਵਿੱਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਅਤੇ ਕੇਂਦਰ ਵਿੱਚ ਮਰੀਜ਼ਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ। ਸਦਰ ਪੁਲੀਸ ਨੇ ਛਾਪੇਮਾਰੀ ਕੀਤੀ ਤਾਂ ਉਥੇ 26 ਮਰੀਜ਼ ਮਿਲੇ ਜਿਨ੍ਹਾਂ ਵਿਚੋਂ 20 ਨੂੰ ਆਪੋ-ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਜਦੋਂਕਿ 5 ਨੂੰ ਸਰਕਾਰੀ ਓਟ ਸੈਂਟਰ, ਜਨੇਰ ਅਤੇ ਇੱਕ ਮਰੀਜ਼ ਦਾ ਦਿਮਾਗੀ ਸਤੁੰਲਨ ਠੀਕ ਨਾ ਹੋਣ ਕਰਕੇ ਉਸ ਨੂੰ ਬਿਰਧ ਆਸ਼ਰਾਮ ਵਿਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸੀਲ ਕਰ ਦਿੱਤਾ ਗਿਆ ਹੈ ਅਤੇ ਸੰਚਾਲਕ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਈ ਮਹੀਨਿਆਂ ਤੋਂ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਸੀ ਤੇ ਨਸ਼ਾ ਛੁਡਵਾਉਣ ਦੇ ਬਹਾਨੇ ਨਾਲ ਇਹ ਧੰਦਾ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਮੋਗਾ ਪੁਲੀਸ ਪਹਿਲਾਂ ਵੀ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਬੁੱਟਰ ਅਤੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਚੀਮਾ ਵਿੱਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦਾ ਪਰਦਾਫਾਸ਼ ਕਰ ਚੁੱਕੀ ਹੈ ਅਤੇ ਇਹ ਤੀਸਰਾ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਹੈ। ਪੁਲੀਸ ਮੁਤਾਬਕ ਇਨ੍ਹਾਂ ਕੇਂਦਰਾਂ ਦੇ ਸੰਚਾਲਕ ਬਹੁਤੇ ਪੜ੍ਹੇ-ਲਿਖੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਆਪਣੇ ਪਿੰਡ ਜਾਂ ਸ਼ਹਿਰ ਤੋਂ ਦੂਰ ਕਿਸੇ ਇਕਾਂਤ ਥਾਂ ’ਤੇ ਮਕਾਨ ਲੈ ਕੇ ਨਸ਼ੇੜੀਆਂ ਨੂੰ ਭਰਤੀ ਕਰਕੇ ਇਲਾਜ ਦੇ ਨਾਮ ’ਤੇ ਧੋਖਾਧੜੀ ਕੀਤੀ ਜਾ ਰਹੀ ਹੈ।