ਖੁਦਕੁਸ਼ੀ ਕਾਂਡ: ਪਿਓ-ਪੁੱਤ ਵੱਲੋਂ ਘਟਨਾ ਤੋਂ ਪਹਿਲਾਂ ਬਣਾਈ ਵੀਡੀਓ ਵਾਇਰਲ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਮਾਰਚ
ਪਿੰਡ ਝਬੇਲਵਾਲੀ ਕੋਲੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿੱਚ ਕੱਲ੍ਹ ਸਵੇਰੇ ਨਹਿਰ ’ਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਵਾਲੇ ਪਿਓ-ਪੁੱਤ ਵੱਲੋਂ ਘਟਨਾ ਤੋਂ ਪਹਿਲਾਂ ਬਣਾਈ ਗਈ ਇਕ ਵੀਡੀਓ ਅੱਜ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪਿੰਡ ਦੇ ਕੁਝ ਬੰਦਿਆਂ ’ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਰਹੇ ਹਨ। ਉਹ ਇਹ ਵੀ ਕਹਿੰਦੇ ਸੁਣਾਈ ਦਿੰਦੇ ਹਨ ਕਿ ਉਹ ਇਹ ਕਦਮ ਲੋਕਾਂ ਤੋਂ ਤੰਗ ਆ ਕੇ ਚੁੱਕ ਰਹੇ ਹਨ। ਦੂਜੇ ਪਾਸੇ ਪੁਲੀਸ ਨੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਇਰਲ ਵੀਡੀਓ ਵਿੱਚ ਗੁਰਲਾਲ ਸਿੰਘ (42) ਬੋਲ ਰਿਹਾ ਹੈ ਜਦਕਿ ਉਸ ਦਾ ਪੁੱਤਰ ਬਲਜੋਤ ਸਿੰਘ (15) ਕੋਲ ਖੜ੍ਹਾ ਹੈ। ਗੁਰਲਾਲ ਸਿੰਘ ਕਹਿੰਦਾ ਹੈ, ‘‘ਬਾਈ ਅਸੀਂ ਲੋਕਾਂ ਤੋਂ ਤੰਗ ਆ ਗਏ ਹਾਂ... ਲੋਕ ਘਰੇ ਵੀ ਸਾਨੂੰ ਤੰਗ ਕਰਦੇ ਆ.. ਅਸੀਂ ਪਿਓ-ਪੁੱਤ ਨਹਿਰ ਵਿੱਚ ਛਾਲ ਮਾਰਨ ਲੱਗੇ ਹਾਂ... ਮੋਟਰਸਾਈਕਲ ਇਥੇ ਖੜ੍ਹਾ, ਜਿਸ ਵਿੱਚ ਬਟੂਆ ਤੇ ਡਰਾਇਵਰੀ ਲਾਇਸੈਂਸ ਹੋਵੇਗਾ... ਮੈਂ ਵੀਡੀਓ ਘਰੇ ਪਾਉਣ ਲੱਗਿਆਂ, ਅਲਵਿਦਾ ਦੋਸਤੋ... ਕਰਨਵੀਰ ਹੋਰਾਂ ਨੂੰ ਕਹਿ ਦਿਓ, ਸਾਨੂੰ ਛੇਤੀ ਕੱਢ ਕੇ ਸਸਕਾਰ ਕਰ ਦਿਓ ਤੇ ਸਾਡਾ ਪੋਸਟ ਮਾਰਟਮ ਕਰਿਓ ਤੇ ਲੋਕਾਂ ਨੂੰ ਫਸਾ ਦਿਓ..!’
ਜਾਣਕਾਰੀ ਅਨੁਸਾਰ ਅੱਜ ਦੂਜੇ ਦਿਨ ਵੀ ਪੁਲੀਸ ਨਿੱਜੀ ਗੋਤਾਖੋਰਾਂ ਅਤੇ ਐੱਨਡੀਆਰਐੱਫ ਦੇ ਜਵਾਨਾਂ ਦੀ ਮਦਦ ਨਾਲ ਲਾਸ਼ਾਂ ਦੀ ਭਾਲ ਕਰਦੀ ਰਹੀ। ਡੀਐੱਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਪਿੰਡ ਮੜ੍ਹਾਕ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਹਨ। ਪੁਲੀਸ ਵੱਲੋਂ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਅਨੁਸਾਰ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ।