ਖ਼ੁਦ ਨੂੰ ਆਲਮਗੀਰ ਕਹਿਣ ਵਾਲਾ ਔਰੰਗਜ਼ੇਬ ਮਹਾਰਾਸ਼ਟਰ ’ਚ ਹਾਰਿਆ ਤੇ ਦਫ਼ਨਾਇਆ ਗਿਆ: ਸ਼ਾਹ
ਰਾਏਗੜ੍ਹ, 12 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਖ਼ੁਦ ਨੂੰ ਆਲਮਗੀਰ ਕਹਿਣ ਵਾਲਾ ਮੁਗਲ ਬਾਦਸ਼ਾਹ ਔਰੰਗਜ਼ੇਬ ਸਾਰੀ ਜ਼ਿੰਦਗੀ ਮਰਾਠਿਆਂ ਖ਼ਿਲਾਫ਼ ਲੜਦਾ ਰਿਹਾ ਪਰ ਅਖ਼ੀਰ ਉਹ ਇਸੇ ਧਰਤੀ ’ਤੇ ਹਾਰੇ ਹੋਏ ਵਿਅਕਤੀ ਵਜੋਂ ਮਰਿਆ ਅਤੇ ਦਫ਼ਨਾਇਆ ਗਿਆ। ਸ਼ਾਹ ਨੇ ਮਰਾਠਾ ਸ਼ਾਸਕ ਸ਼ਿਵਾਜੀ ਮਹਾਰਾਜ ਦੀ 345ਵੀਂ ਬਰਸੀ ਮੌਕੇ ਰਾਏਗੜ੍ਹ ਦੇ ਕਿਲ੍ਹੇ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦੇ ‘ਸਵਧਰਮ ਤੇ ਸਵਰਾਜ’ ਦੇ ਆਦਰਸ਼ ਦੇਸ਼ ਦੀ ਆਜ਼ਾਦੀ ਦੇ 100ਵੇਂ ਵਰ੍ਹੇ ਤੱਕ ਮਹਾਸ਼ਕਤੀ ਬਣਨ ਦੀ ਭਾਰਤ ਦੀ ਇੱਛਾ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਇਕੱਤਰਤਾ ਨੂੰ ਕਿਹਾ, ‘‘ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸੂਬੇ ਤੱਕ ਸੀਮਿਤ ਨਾ ਰੱਖਣ। ਉਨ੍ਹਾਂ ਦੀ ਜ਼ਬਰਦਸਤ ਇੱਛਾ ਸ਼ਕਤੀ, ਦ੍ਰਿੜ੍ਹ ਸੰਕਲਪ ਅਤੇ ਹਿੰਮਤ ਦੇਸ਼ ਨੂੰ ਪ੍ਰੇਰਿਤ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਰਣਨੀਤਕ ਤੌਰ ’ਤੇ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਕੀਤਾ।’’ ਸ਼ਾਹ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਨੇ ਮੁਗਲਸ਼ਾਹੀ (ਮੁਗਲ ਸ਼ਾਸਨ) ਨੂੰ ਹਰਾਇਆ ਸੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਖੁਲਤਾਬਾਦ ਵਿੱਚ 17ਵੀਂ ਸਦੀ ਦੇ ਮੁਗਲ ਬਾਦਸ਼ਾਹ ਦੀ ਕਬਰ ਨੂੰ ਹਟਾਉਣ ਦੀ ਹਿੰਦੂ ਜਥੇਬੰਦੀਆਂ ਦੀ ਮੰਗ ਨੂੰ ਲੈ ਕੇ ਹਾਲ ਹੀ ਵਿੱਚ ਵੱਡਾ ਸਿਆਸੀ ਵਿਵਾਦ ਸ਼ੁਰੂ ਹੋਇਆ ਸੀ। -ਪੀਟੀਆਈ
ਸਵਧਰਮ ਲਈ ਲੜਾਈ ਜਾਰੀ ਰੱਖਣ ਦਾ ਸੱਦਾ
ਕੇਂਦਰੀ ਗ੍ਰਹਿ ਮੰਤਰੀ ਨੇ ਸਵਧਰਮ ਲਈ ਲੜਾਈ ਜਾਰੀ ਰੱਖਣ ਅਤੇ ਸੁਸ਼ਾਸਨ ਤੇ ਨਿਆਂ ’ਤੇ ਸ਼ਿਵਾਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਕਾਇਮ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ, ਭਾਜਪਾ ਦੇ ਸੰਸਦ ਮੈਂਬਰ ਉਦਯਨਰਾਜੇ ਭੋਸਲੇ ਅਤੇ ਸੂਬੇ ਦੇ ਮੰਤਰੀ ਸ਼ਿਵੇਂਦਰਸਿੰਘ ਭੋਸਲੇ ਵੀ ਮੌਜੂਦ ਸਨ। ਉਦਯਨਰਾਜੇ ਤੇ ਸ਼ਿਵੇਂਦਰਸਿੰਘ ਭੋਸਲੇ ਮਰਾਠਾ ਸ਼ਾਸਕ ਦੇ ਵੰਸ਼ਜ ਹਨ।