ਕੰਡਿਆਲੀ ਤਾਰ ਲਾ ਕੇ ਟੀਡੀਆਈ ਦਾ ਲਾਂਘਾ ਰੋਕਿਆ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 27 ਅਪਰੈਲ
ਟੀਡੀਆਈ ਦੇ ਸੈਕਟਰ-110 ਅਤੇ 111 ਦੇ ਵਸਨੀਕ ਪੱਕਾ ਲਾਂਘਾ ਨਾ ਹੋਣ ਕਾਰਨ ਕਾਫ਼ੀ ਔਖੇ ਹਨ। ਹੁਣ ਜ਼ਮੀਨ ਮਾਲਕ ਨੇ ਕੰਡਾ ਤਾਰ ਲਗਾ ਕੇ ਰਸਤਾ ਬੰਦ ਕਰ ਦਿੱਤਾ ਹੈ, ਜਦੋਂਕਿ ਬਿਲਡਰ ਨੇ ਗਮਾਡਾ ਨਾਲ ਮਿਲ ਕੇ ਬਿਨਾਂ ਰਸਤੇ ਤੋਂ ਪਲਾਟ ਕੱਟ ਕੇ ਵੇਚ ਦਿੱਤੇ, ਜਿਸ ਕਾਰਨ ਇੱਥੇ ਰਹਿੰਦੇ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਦੋਵੇਂ ਸੈਕਟਰਾਂ ਦੀਆਂ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਮੈਂਬਰ, ਬਿਲਡਰ ਅਤੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਤੋਂ ਲਾਂਘੇ ਦਾ ਮਸਲਾ ਹੱਲ ਲਈ ਮੰਗ ਕਰਦੇ ਆ ਰਹੇ ਹਨ ਪਰ ਹੁਣ ਤੱਕ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।
ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਦੱਸਿਆ ਕਿ ਬਿਲਡਰ ਨੇ ਮਾਰਚ 2010 ਵਿੱਚ ਕੰਪਨੀ ਦੇ ਫੰਕਸ਼ਨ ਲਈ ਲਗਪਗ ਦੋ ਬਿਸਵੇ ਜ਼ਮੀਨ ਪਿੰਡ ਭਾਗੋਮਾਜਰਾ ਦੇ ਵਿਅਕਤੀ ਤੋਂ ਲਈ ਸੀ, ਜਿਸ ਨੂੰ ਬਿਲਡਰ 15 ਸਾਲ ਰਸਤੇ ਲਈ ਵਰਤ ਰਿਹਾ ਸੀ ਪਰ ਹੁਣ ਇਸ ਜ਼ਮੀਨ ਦੇ ਮਾਲਕ ਨੇ ਨਿਸ਼ਾਨਦੇਹੀ ਕਰਵਾ ਕੇ ਛੇ ਮਹੀਨੇ ਪਹਿਲਾਂ ਕੰਡਾ ਤਾਰ ਲਗਾ ਕੇ ਰਸਤਾ ਬੰਦ ਕਰ ਦਿੱਤਾ ਪਰ ਛੇ ਮਹੀਨੇ ਬੀਤਣ ’ਤੇ ਬਿਲਡਰ ਅਤੇ ਪੁੱਡਾ/ਗਮਾਡਾ ਨੇ ਰਸਤਾ ਖੁਲ੍ਹਵਾਉਣ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ, ਜਿਸ ਕਾਰਨ ਲੋਕ ਅੰਦਰੂਨੀ ਸੜਕਾਂ ਨੂੰ ਜਾਣ ਲਈ ਮਜਬੂਰ ਹੋ ਰਹੇ ਹਨ। ਬੀਤੇ ਦਿਨੀਂ ਸੜਕ ਹਾਦਸਾ ਵਾਪਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸੈਕਟਰ-110 ਵਿੱਚ ਵੀ ਜੋ ਸੜਕ ਪਿਛਲੇ ਪਾਸੇ ਜਾਣ ਲਈ ਬਣਨੀ ਸੀ, ਉਹ ਵੀ ਬਿਲਡਰ ਵੱਲੋਂ ਰੈਵੀਨਿਊ ਰਸਤੇ ਵਿੱਚ ਪਾਸ ਕਰਵਾਉਣ ਕਰਕੇ ਪੱਕੀ ਨਹੀਂ ਹੋ ਰਹੀ ਕਿਉਂਕਿ ਬਿਲਡਰ ਕੋਲ ਇਸ ਜਗ੍ਹਾ ਦੀ ਮਲਕੀਅਤ ਨਹੀਂ ਹੈ। ਇਸ ਕਰਕੇ ਲੋਕ ਛੋਟੀਆਂ ਸੜਕਾਂ ਅਤੇ ਕੱਚੇ ਰਸਤਿਆਂ ’ਤੇ ਚੱਲਣ ਲਈ ਮਜਬੂਰ ਹੋ ਰਹੇ ਹਨ। ਸ
ੈਕਟਰ ਵਾਸੀਆਂ ਨੇ ਵੱਖ-ਵੱਖ ਐਸੋਸੀਏਸ਼ਨਾਂ ਦੀ ਬਣੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਬਿਲਡਰ ਅਤੇ ਗਮਾਡਾ/ਪੁੱਡਾ ਅਧਿਕਾਰੀਆਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਭਲਕੇ 28 ਅਪਰੈਲ ਨੂੰ ਗਮਾਡਾ/ਪੁੱਡਾ ਦੇ ਦਫ਼ਤਰ ਦੇ ਬਾਹਰ ਸੰਕੇਤਕ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਰਸਤਿਆਂ ਦਾ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ ਬਿਲਡਰ ਅਤੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਦੇ ਪੁਤਲੇ ਸਾੜ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।