ਕੇਂਦਰ ਵੱਲੋਂ ਮੈਤੇਈ-ਕੁਕੀ ਗਰੁੱਪਾਂ ਨਾਲ ਮੀਟਿੰਗ
ਨਵੀਂ ਦਿੱਲੀ, 5 ਅਪਰੈਲ
ਮਨੀਪੁਰ ’ਚ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕੇਂਦਰ ਸਰਕਾਰ ਨੇ ਇਥੇ ਮੈਤੇਈ ਅਤੇ ਕੁਕੀ ਨੁਮਾਇੰਦਿਆਂ ਨਾਲ ਅੱਜ ਮੀਟਿੰਗ ਕੀਤੀ। ਸੂਤਰਾਂ ਨੇ ਕਿਹਾ ਕਿ ਮਈ 2023 ਤੋਂ ਮਨੀਪੁਰ ’ਚ ਦੋਵੇਂ ਭਾਈਚਾਰਿਆਂ ਵਿਚਕਾਰ ਸ਼ੁਰੂ ਹੋਏ ਟਕਰਾਅ ਦਾ ਢੁੱਕਵਾਂ ਹੱਲ ਲੱਭਣ ਦੀ ਕੋਸ਼ਿਸ਼ ਤਹਿਤ ਕੇਂਦਰ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ। ਸੂਤਰਾਂ ਮੁਤਾਬਕ ਮੀਟਿੰਗ ਦਾ ਉਦੇਸ਼ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਭਰੋਸਾ ਅਤੇ ਸਹਿਯੋਗ ਅਤੇ ਮਨੀਪੁਰ ’ਚ ਸ਼ਾਂਤੀ ਬਹਾਲੀ ਤੇ ਹਾਲਾਤ ਸੁਖਾਵੇਂ ਬਣਾਉਣ ਦਾ ਖਾਕਾ ਤਿਆਰ ਕਰਨਾ ਹੈ। ਕਰੀਬ 5 ਘੰਟੇ ਚੱਲੀ ਮੀਟਿੰਗ ਦੌਰਾਨ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਕਰਨ ਦੇ ਨਾਲ ਨਾਲ ਦੋਵੇਂ ਫਿਰਕਿਆਂ ਵਿਚਕਾਰ ਸੁਲ੍ਹਾ-ਸਫ਼ਾਈ ’ਤੇ ਵੀ ਜ਼ੋਰ ਦਿੱਤਾ ਗਿਆ। ਮੀਟਿੰਗ ’ਚ ਹਾਜ਼ਰ ਛੇ ਮੈਂਬਰੀ ਮੈਤੇਈ ਵਫ਼ਦ ਆਲ ਮਨੀਪੁਰ ਯੂਨਾਈਟਿਡ ਕਲੱਬਸ ਆਰਗੇਨਾਈਜ਼ੇਸ਼ਨ ਅਤੇ ਫੈਡਰੇਸ਼ਨ ਆਫ਼ ਸਿਵਲ ਸੁਸਾਇਟੀ ਆਰਗੇਨਾਈਜ਼ੇਸ਼ਨਸ ਦੇ ਨੁਮਾਇੰਦਿਆਂ ’ਤੇ ਆਧਾਰਿਤ ਸੀ। ਕੁਕੀ ਵਫ਼ਦ ’ਚ 9 ਨੁਮਾਇੰਦੇ ਹਾਜ਼ਰ ਸਨ। ਕੇਂਦਰ ਸਰਕਾਰ ਦੇ ਵਿਚੋਲਿਆਂ ’ਚ ਇੰਟੈਲੀਜੈਂਸ ਬਿਊਰੋ ਦੇ ਸੇਵਾਮੁਕਤ ਵਿਸ਼ੇਸ਼ ਡਾਇਰੈਕਟਰ ਏਕੇ ਮਿਸ਼ਰਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਲੋਕ ਸਭਾ ’ਚ ਵੀਰਵਾਰ ਨੂੰ ਮਨੀਪੁਰ ਬਾਰੇ ਚਰਚਾ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੰਤਰਾਲੇ ਨੇ ਮੈਤੇਈ ਅਤੇ ਕੁਕੀ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਦੋਵੇਂ ਭਾਈਚਾਰਿਆਂ ਦੀਆਂ ਵੱਖ ਵੱਖ ਜਥੇਬੰਦੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਗ੍ਰਹਿ ਮੰਤਰਾਲੇ ਵੱਲੋਂ ਛੇਤੀ ਹੀ ਸਾਂਝੀ ਮੀਟਿੰਗ ਕੀਤੀ ਜਾਵੇਗੀ। -ਪੀਟੀਆਈ
ਮਨੀਪੁਰ ਵਿੱਚ ਲਾਗੂ ਹੈ ਰਾਸ਼ਟਰਪਤੀ ਰਾਜ
ਮਨੀਪੁਰ ’ਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਵੱਲੋਂ 9 ਫਰਵਰੀ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸੂਬੇ ’ਚ 13 ਫਰਵਰੀ ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ। ਵਿਧਾਨ ਸਭਾ ਦਾ ਕਾਰਜਕਾਲ 2027 ਤੱਕ ਹੈ ਪਰ ਉਸ ਨੂੰ ਅਜੇ ਮੁਅੱਤਲੀ ਅਧੀਨ ਰੱਖਿਆ ਗਿਆ ਹੈ। ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੂੰ 3 ਜਨਵਰੀ ਨੂੰ ਮਨੀਪੁਰ ਦਾ ਰਾਜਪਾਲ ਬਣਾਇਆ ਗਿਆ ਸੀ ਅਤੇ ਉਹ ਵੀ ਆਪਣੇ ਪੱਧਰ ’ਤੇ ਸੂਬੇ ਦੇ ਹਾਲਾਤ ਸੁਖਾਵੇਂ ਬਣਾਉਣ ਦੇ ਯਤਨ ਕਰ ਰਹੇ ਹਨ।